Punjab
ਮੁੱਖ ਮੰਤਰੀ ਨੇ ਅੰਸਾਰੀ ਬਾਰੇ ਕੈਪਟਨ ਤੇ ਰੰਧਾਵਾ ਦੇ ਝੂਠ ਦਾ ਕੀਤਾ ਪਰਦਾਫਾਸ਼
- ਰੰਧਾਵਾ ਵੱਲੋਂ ਕੈਪਟਨ ਨੂੰ ਅਪਰੈਲ 2021 ਵਿੱਚ ਅੰਸਾਰੀ ਦੇ ਮੁੱਦੇ ‘ਤੇ ਲਿਖੀ ਚਿੱਠੀ ਕੀਤੀ ਪੇਸ਼
- ਦਾਅਵਿਆਂ ਦੇ ਉਲਟ ਕੈਪਟਨ ਤੇ ਰੰਧਾਵਾ ਇਸ ਖ਼ੌਫ਼ਨਾਕ ਗੈਂਗਸਟਰ ਬਾਰੇ ਸਭ ਕੁਝ ਜਾਣਦੇ ਸਨ
- ਇਨ੍ਹਾਂ ਆਗੂਆਂ ਨੇ ਅੰਸਾਰੀ ਦੇ ਹਿੱਤਾਂ ਦੀ ਰਾਖੀ ਲਈ ਆਪਣੇ ਅਹੁਦੇ ਅਤੇ ਕਰਦਾਤਿਆਂ ਦੇ ਟੈਕਸ ਦੇ ਪੈਸੇ ਦੀ ਦੁਰਵਰਤੋਂ ਕੀਤੀ
ਚੰਡੀਗੜ੍ਹ, 4 ਜੁਲਾਈ 2023
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਖ਼ਤਰਨਾਕ ਗੈਂਗਸਟਰ ਮੁਖ਼ਤਾਰ ਅੰਸਾਰੀ ਬਾਰੇ ਕੁੱਝ ਪਤਾ ਨਾ ਹੋਣ ਦੇ ਝੂਠ ਦਾ ਪਰਦਾਫਾਸ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੰਧਾਵਾ ਵੱਲੋਂ ਕੈਪਟਨ ਨੂੰ ਲਿਖੀ ਚਿੱਠੀ ਜਾਰੀ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਰੰਧਾਵਾ ਵੱਲੋਂ ਪਹਿਲੀ ਅਪਰੈਲ 2021 ਨੂੰ ਕੈਪਟਨ ਨੂੰ ਲਿਖੇ ਪੱਤਰ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਦੋਵੇਂ ਆਗੂ ਇਸ ਸਾਰੀ ਘਟਨਾ ਤੋਂ ਚੰਗੀ ਤਰ੍ਹਾਂ ਜਾਣੂੰ ਸਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਹ ਦੋਵੇਂ ਆਗੂ ਹੁਣ ਇਸ ਮੁੱਦੇ ਨੂੰ ਲੈ ਕੇ ਅਣਜਾਣਤਾ ਪ੍ਰਗਟਾ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅਸਲ ਵਿੱਚ ਇਹ ਦੋਵੇਂ ਆਗੂ ਇਸ ਖ਼ੌਫ਼ਨਾਕ ਗੈਂਗਸਟਰ ਨੂੰ ਬਚਾਉਣ ਲਈ ਇਕ ਦੂਜੇ ਨਾਲ ਘਿਉ-ਖਿਚੜੀ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ‘ਹੰਢੇ-ਵਰਤੇ ਸਿਆਸਤਦਾਨਾਂ’ ਨੇ ਖ਼ੌਫ਼ਨਾਕ ਗੈਂਗਸਟਰ ਨੂੰ ਬਚਾਉਣ ਅਤੇ ਜੇਲ੍ਹ ਵਿੱਚ ਉਸ ਦੀ ਆਰਾਮਦਾਇਕ ਠਹਿਰ ਯਕੀਨੀ ਬਣਾਉਣ ਲਈ ਆਪਣੇ ਪੱਧਰ ’ਤੇ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਹ ਆਗੂ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਜੇਲ੍ਹ ਵਿੱਚ ਕੌਣ ਆਇਆ ਜਾਂ ਨਹੀਂ ਪਰ ਅਸਲੀਅਤ ਇਹ ਹੈ ਕਿ ਅੰਸਾਰੀ ਨੂੰ ਬਚਾਉਣ ਦੀ ਸਾਰੀ ਸਾਜ਼ਿਸ਼ ਉਨ੍ਹਾਂ ਨੇ ਖ਼ੁਦ ਰਚੀ। ਭਗਵੰਤ ਮਾਨ ਨੇ ਕਿਹਾ ਕਿ ਇਹ ਆਗੂ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਰ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਦਾ ਹਰ ਪਾਪ ਨੰਗਾ ਹੋ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਵੱਲੋਂ ਬਣਾਈ ਗਈ ਇਮਾਨਦਾਰ ਸਰਕਾਰ ਇਨ੍ਹਾਂ ਸਿਆਸਤਦਾਨਾਂ ਦੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬੇ ਅਤੇ ਇਸ ਦੇ ਲੋਕਾਂ ਵਿਰੁੱਧ ਕੀਤੇ ਹਰ ਗੁਨਾਹ ਲਈ ਉਨ੍ਹਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਹ ਤਾਂ ਇਕ ਵੱਡੀ ਸਾਜ਼ਿਸ਼ ਦਾ ਮਹਿਜ਼ ਛੋਟਾ ਜਿਹਾ ਹਿੱਸਾ ਸੀ ਅਤੇ ਉਹ ਸਬੂਤਾਂ ਰਾਹੀਂ ਇਨ੍ਹਾਂ ਆਗੂਆਂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲਿਆਉਣਗੇ।