Punjab
ਲੱਗ ਗਿਆ ਖੋਰਾ ! ਬਾਦਲ ਧੜੇ ਨੂੰ ਪੈ ਗਈ ਬਿਪਤਾ !

ਲੱਗ ਗਿਆ ਖੋਰਾ !ਬਾਦਲ ਧੜੇ ਨੂੰ ਪੈ ਗਈ ਬਿਪਤਾ!!ਲੋਕ ਸੁਖਬੀਰ ਨੂੰ ਛੱਡ ਪੰਜ ਮੈਂਬਰੀ ਕਮੇਟੀ ਨਾਲ ਹੋ ਰਹੇ ਨੇ ਭਰਤੀ !
ਦੋ ਦਸੰਬਰ 2024 ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਦਰ ਕਿਨਾਰ ਕਰਦਿਆਂ ਸੁਖਬੀਰ ਸਿੰਘ ਬਾਦਲ ਦੇ ਧੜੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ ਭਰਤੀ ਮੁਕੰਮਲ ਵੀ ਕਰ ਲਈ ਗਈ ਹੈ। ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਕੀਤੀ ਜਾ ਰਹੀ ਹੈ। ਇਸ ਭਰਤੀ ਦੌਰਾਨ ਦਿਲਚਸਪ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਬਾਦਲ ਦਲ ਵਿੱਚ ਭਰਤੀ ਹੋਏ ਕਈ ਮੈਂਬਰ ਬਾਦਲ ਦਲ ਨੂੰ ਛੱਡ ਕੇ ਪੰਜ ਮੈਂਬਰੀ ਕਮੇਟੀ ਦੀ ਮੁਹਿੰਮ ਵਿੱਚ ਸ਼ਾਮਲ ਹੋ ਰਹੇ ਹਨ ਤੇ ਮੈਂਬਰ ਬਣ ਰਹੇ ਹਨ। ਬੀਤੇ ਦਿਨੀਂ ਬਰਨਾਲਾ ਜ਼ਿਲ੍ਹੇ ਦਾ ਬਾਦਲ ਦਲ ਦਾ ਯੂਥ ਵਿੰਗ ਦਾ ਪ੍ਰਧਾਨ ਤਰਨਜੀਤ ਸਿੰਘ ਦੁੱਗਲ ਬਾਦਲ ਦਲ ਛੱਡ ਕੇ ਬਾਗੀਆਂ ਨਾਲ ਆ ਮਿਲਿਆ ਹੈ ਤੇ ਉਸਦੇ ਨਾਲ ਉਸਦੇ ਸੈਂਕੜੇ ਸਾਥੀ ਵੀ ਪੁਰਾਣੀ ਮੈਂਬਰਸ਼ਿੱਪ ਛੱਡ ਕੇ ਪੰਜ ਮੈਂਬਰੀ ਕਮੇਟੀ ਦੀ ਮੈਂਬਰਸ਼ਿੱਪ ਲੈ ਚੁੱਕੇ ਹਨ। ਇਸ ਨਾਲ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਲੱਗਾ ਹੈ।
ਇਸੇ ਤਰ੍ਹਾਂ ਪੰਜਾਬ ਭਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਬਾਦਲ ਦਲ ਛੱਡ ਕੇ ਬਾਗ਼ੀ ਧੜੇ ਨਾਲ ਜੁੜ ਰਹੇ ਹਨ। ਮਾਲਵੇ ਵਿੱਚ ਇਕਬਾਲ ਸਿੰਘ ਝੂੰਦਾ ਅਤੇ ਗੋਬਿੰਦ ਸਿੰਘ ਲੌਂਗੋਵਾਲ ਜਿੱਥੇ ਜਾ ਕੇ ਵੀ ਪ੍ਰੋਗਰਾਮ ਕਰਦੇ ਹਨ ਉੱਥੇ ਭਾਰੀ ਇਕੱਠ ਹੋ ਰਹੇ ਨੇ।ਬਾਗ਼ੀ ਧੜੇ ਦਾ ਕਹਿਣਾ ਹੈ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਸੁਖਬੀਰ ਸਿੰਘ ਬਾਦਲ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਂਕਿ ਮਨਪ੍ਰੀਤ ਸਿੰਘ ਇਯਾਲੀ, ਪਰਮਿੰਦਰ ਸਿੰਘ ਢੀਂਡਸਾ ਸਮੇਤ ਹੋਰ ਸਾਰੇ ਅਸਰ ਰਸੂਖ ਵਾਲੇ ਆਗੂ ਉਨ੍ਹਾਂ ਲੋਕਾਂ ਨੂੰ ਪ੍ਰੇਰ ਕੇ ਪੰਜ ਮੈਂਬਰੀ ਕਮੇਟੀ ਵਿੱਚ ਭਰਤੀ ਕਰਵਾ ਰਹੇ ਹਨ ਜਿਹੜੇ ਬਾਦਲ ਦੀ ਭਰਤੀ ਮੁਹਿੰਮ ਦੌਰਾਨ ਭਰਤੀ ਹੋ ਚੁੱਕੇ ਸਨ। ਬਾਗ਼ੀ ਇਹ ਵੀ ਕਹਿ ਰਹੇ ਹਨ ਕਿ ਅਕਾਲੀ ਦਲ ਦੀ ਭਰਤੀ ਮੁਹਿੰਮ ਦੌਰਾਨ ਤਾਂ ਬਾਦਲ ਦਲ ਨੂੰ ਝਟਕੇ ਲੱਗ ਹੀ ਰਹੇ ਹਨ ਲੇਕਿਨ ਬਾਦਲ ਧੜਾ ਹੋਰ ਝਟਕਿਆਂ ਲਈ ਵੀ ਤਿਆਰ ਰਹੇ ਜੋ ਉਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਲੱਗਣ ਵਾਲੇ ਹਨ।
ਇਹ ਤਾਂ ਹਰ ਸਿੱਖ ਜਾਣਦਾ ਹੈ ਕਿ ਜਿਸਨੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਉਸਨੂੰ ਨੁਕਸਾਨ ਹੀ ਹੋਇਆ ਹੈ। ਭਾਵੇਂ ਪਿਛਲੇ ਸਮੇਂ ਦੌਰਾਨ ਬਾਦਲ ਪਰਿਵਾਰ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਜਾਂਦਾ ਰਿਹਾ ਹੈ ਅਤੇ ਹੋਰਾਂ ਖਿਲਾਫ ਹੁਕਮਨਾਮੇ ਜਾਰੀ ਕਰਵਾਏ ਜਾਂਦੇ ਹਨ ਪਰ ਪਹਿਲੀ ਵਾਰ ਦੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖ਼ਤ ਤੋਂ ਸਿੰਘ ਸਾਹਿਬਾਨ ਨੇ ਨਿਰਪੱਖ ਫ਼ੈਸਲੇ ਸੁਣਾਏ ਸਨ। ਸੁਖਬੀਰ ਸਿੰਘ ਬਾਦਲ ਨੇ ਬਾਕੀ ਫ਼ੈਸਲੇ ਤਾਂ ਮੰਨ ਲਏ ਸਨ ਪਰ ਦਾਗੀਆਂ ਤੇ ਬਾਗੀਆਂ ਦੀ ਏਕਤਾ ਵਾਲਾ ਫੈਸਲਾ ਤੇ ਅਕਾਲੀ ਦਲ ਦੀ ਭਰਤੀ ਮੁਹਿੰਮ ਵਾਲਾ ਫੈਸਲਾ ਨਹੀਂ ਮੰਨਿਆ। ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵਉਚ ਅਦਾਲਤ ਹੈ ਪਰ ਅਫਸੋਸ ਕਿ ਸਾਡੇ ਸਿਆਸਤਦਾਨਾਂ ਨੇ ਇਸ ਮਾਨਯੋਗ ਸੰਸਥਾ ਨੂੰ ਰਾਜਨੀਤੀ ਦਾ ਅਖਾੜਾ ਬਣਾਇਆ ਹੋਇਆ ਹੈ ਅਤੇ ਇੱਥੇ ਖੇਡ ਆਪੋ ਆਪਣੇ ਹਿੱਤਾਂ ਲਈ ਖੇਡੀ ਜਾ ਰਹੀ ਹੈ। ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਣ ਅਤੇ ਆਪਣੇ ਵੱਲੋਂ ਕੀਤੀ ਭਰਤੀ ਰੱਦ ਕਰਕੇ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਭਰਤੀ ਨੂੰ ਮੰਨਣ। ਸੁਖਬੀਰ ਬਾਦਲ ਅਗਰ ਅਜਿਹਾ ਕਰਦੇ ਹਨ ਤਾਂ ਅਕਾਲੀ ਦਲ ਮਜ਼ਬੂਤ ਹੋਵੇਗਾ। ਨਹੀਂ ਤਾਂ ਸੂਬੇ ਦੇ ਲੋਕ ਦੋਵਾਂ ਧੜਿਆਂ ਨੂੰ ਨਕਾਰ ਦੇਣਗੇ ਤੇ ਅਕਾਲੀ ਦਲ ਇੰਨਾ ਹੇਠਾਂ ਡਿੱਗ ਜਵੇਗਾ ਕਿ ਮੁੜ ਕੇ ਉੱਠਣਾ ਮੁਸ਼ਕਲ ਹੋ ਜਾਵੇਗਾ। ਆਸ ਕਰਦੇ ਹਾਂ ਕਿ ਸਾਡੇ ਸਿੱਖ ਸਿਆਸਤਦਾਨ ਹਉਮੈ ਛੱਡ ਕੇ ਮੁੜ ਇੱਕ ਮੰਚ ‘ਤੇ ਇਕੱਠੇ ਹੋਣਗੇ।