Punjab
ਕਿਸਾਨ ਵੱਲੋਂ ਖੇਤਾਂ ‘ਚ ਪਰਾਲੀ ਨੂੰ ਲਗਾਈ ਅੱਗ, ਪ੍ਰਸਾਸ਼ਨ ਨੇ ਫਾਇਰ ਬਿਗ੍ਰੇਡ ਦੀ ਮਦਦ ਨਾਲ ਬੁਝਾਈ
* ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦਾ ਸਿਸਲਾ ਜਾਰੀ, ਪ੍ਰਸਾਸ਼ਨ ਜਾਗਰੂਕ ਕਰਨ ਦੀ ਜਿੰਮੇਵਾਰੀ ਨਿਭਾਉਣ ਵਿੱਚ ਜੁਟਿਆ
ਸ਼ਾਹਕੋਟ 6 ਨਵੰਬਰ 2023 ( ਪੁਨੀਤ ਅਰੋੜਾ) : ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਿਸ਼ੇਸ਼ ਸਾਰੰਗਲ ਦੀਆਂ ਹਦਾਇਤਾ ਅਨੁਸਾਰ ਸ਼੍ਰੀ ਰਿਸ਼ਭ ਬਾਂਸਲ ਐਸ.ਡੀ.ਐੱਮ. ਸ਼ਾਹਕੋਟ ਦੀ ਅਗਵਾਈ ‘ਚ ਸਿਵਲ ਪ੍ਰਸਾਸ਼ਨ ਵੱਲੋਂ ਜਿਥੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪਿੰਡ-ਪਿੰਡ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖਿਲਾਫ਼ ਕਾਰਵਾਈ ਕਰਦਿਆ, ਉਨ੍ਹਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਇਸ ਸਬੰਧੀ ਗੁਰਦੀਪ ਸਿੰਘ ਸੰਧੂ ਨਾਇਬ ਤਹਿਸੀਲਦਾਰ ਸ਼ਾਹਕੋਟ ਵੱਲੋਂ ਆਪਣੀ ਟੀਮ ਸਮੇਤ ਜਿਥੇ ਪਿੰਡ ਨਿਹਾਲੂਵਾਲ ਵਿਖੇ ਕਿਸਾਨ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਲਗਾਈ ਅੱਗ ਬੁਝਾਉਣ ਲਈ ਮੌਕੇ ਤੇ ਫਾਇਰ ਬਿਗ੍ਰੇਡ ਦੀ ਟੀਮ ਦੇ ਸਹਿਯੋਗ ਨਾਲ ਅੱਗ ਬੁਝਾਈ ਗਈ, ਉਥੇ ਹੀ ਪਿੰਡ ਚੱਕ ਚੇਲਾ ਵਿਖੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਨਾਇਬ ਤਹਿਸੀਦਾਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਦੇ ਕਾਫ਼ੀ ਘਾਤਕ ਨਤੀਜੇ ਸਾਹਮਣੇ ਆ ਰਹੇ ਹਨ, ਪਰ ਇਸ ਦੇ ਬਾਵਜੂਦ ਕਿਸਾਨਾਂ ਵੱਲੋਂ ਪਰਾਲੀ ਨੂੰ ਲਗਾਤਾਰ ਅੱਗ ਲਗਾਈ ਜਾ ਰਹੀ ਹੈ, ਜਿਸ ਕਾਰਨ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਨਿਹਾਲੂਵਾਲ ਵਿਖੇ ਪਹੁੰਚ ਕੇ ਫਾਇਰ ਬਿਗ੍ਰੇਡ ਦੀ ਟੀਮ ਦੀ ਮਦਦ ਨਾਲ ਕਿਸਾਨ ਵੱਲੋਂ ਪਰਾਲੀ ਨੂੰ ਲਗਾਈ ਅੱਗ ਬੁਝਾਈ ਗਈ ਅਤੇ ਪਿੰਡ ਚੱਕ ਚੇਲਾ ਵਿਖੇ ਖੇਤਾਂ ਵਿੱਚ ਖੜ੍ਹੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜੋ ਕਿਸਾਨ ਸਮਝਦਾਰ ਹਨ, ਉਨ੍ਹਾਂ ਵੱਲੋਂ ਪਰਾਲੀ ਦੀ ਸਾਭ-ਸੰਭਾਲ ਕੀਤੀ ਜਾ ਰਹੀ ਹੈ ਅਤੇ ਜੋ ਕਿਸਾਨ ਜਾਗਰੂਕ ਹੋਣ ਦੇ ਬਾਵਜੂਦ ਵੀ ਪਰਾਲੀ ਨੂੰ ਸਾੜ ਰਹੇ ਹਨ, ਉਨ੍ਹਾਂ ਖਿਲਾਫ਼ ਪ੍ਰਸਾਸ਼ਨ ਵੱਲੋਂ ਕਾਰਵਾਈ ਅਰੰਭ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਪਰਾਲੀ ਨੂੰ ਸਾੜਨ ਦੀ ਬਿਜਾਏ ਉਸ ਦੀ ਸਾਭ ਸੰਭਾਲ ਕਰਨ ਤਾਂ ਜਿਥੇ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ, ਉਥੇ ਹੀ ਵਾਤਾਵਰਣ ਵੀ ਦੂਸਿ਼ਤ ਹੋਣ ਤੋਂ ਬਚਿਆ ਰਹੇਗਾ।