Politics
ਪਹਿਲੇ ਸੱਤਾਧਾਰੀ ਪਰਿਵਾਰ ਪਾਲ ਰਹੇ ਸਨ, ਮੈਂ ਪੰਜਾਬ ਪਾਲ ਰਿਹਾ ਹਾਂ

9 ਮਾਰਚ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸੰਗਰੂਰ ਪਹੁੰਚੇ। ਇਸ ਦੌਰਾਨ ਉਨ੍ਹਾਂ ਸੰਗਰੂਰ ਵਾਸੀਆਂ ਨੂੰ ਵੱਡੇ ਤੋਹਫੇ ਦਿੱਤੇ। ਸੀ.ਐਮ. ਮਾਨ ਵੱਲੋਂ 869 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਧੂਰੀ ਵਿਖੇ 80 ਬਿਸਤਰਿਆਂ ਵਾਲਾ ਜਣੇਪਾ ਹਸਪਤਾਲ, ਕੌਹਰੀਆਂ ਵਿਖੇ 30 ਬਿਸਤਰਿਆਂ ਵਾਲਾ ਕਮਿਊਨਿਟੀ ਹੈਲਥ ਸੈਂਟਰ ਅਤੇ ਚੀਮਾ ਵਿਖੇ 30 ਬਿਸਤਰਿਆਂ ਵਾਲਾ ਪੇਂਡੂ ਹਸਪਤਾਲ ਸ਼ਾਮਲ ਹੈ। ਇਸ ਤੋਂ ਬਾਅਦ ਉਨ੍ਹਾਂ ‘ਵਿਕਾਸ ਕ੍ਰਾਂਤੀ ਰੈਲੀ’ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਵਿਰੋਧੀਆਂ ‘ਤੇ ਵੀ ਤਿੱਖਾ ਨਿਸ਼ਾਨਾ ਸਾਧਿਆ।
ਵਿਦੇਸ਼ਾਂ ਤੋਂ ਲੋਕ ਆ ਰਹੇ ਵਾਪਿਸ
ਸੀ.ਐਮ. ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ ਵਿੱਚ ਕੰਮ ਕਰ ਰਹੀ ਹੈ। ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ, ਬਿਜਲੀ ਦਿੱਤੀ ਹੈ ਅਤੇ ਹਰ ਤਰ੍ਹਾਂ ਦੇ ਲੋਕ ਭਲਾਈ ਦੇ ਕੰਮਾਂ ਵਿੱਚ ਲੱਗੇ ਹੋਏ ਹਾਂ। ਉਨ੍ਹਾਂ ਕਿਹਾ ਕਿ ਹੁਣ ਸੂਬੇ ਵਿੱਚ ਉਲਟਾ ਮਾਈਗ੍ਰੇਸ਼ਨ ਸ਼ੁਰੂ ਹੋ ਗਿਆ ਹੈ। ਜਦੋਂ ਮੈਂ ਪਹਿਲਾਂ ਕਿਹਾ ਸੀ ਕਿ ਵਿਦੇਸ਼ਾਂ ਤੋਂ ਲੋਕ ਵਾਪਸ ਆ ਕੇ ਇੱਥੇ ਕੰਮ ਕਰਨਗੇ ਤਾਂ ਮਜੀਠੀਆ ਮੇਰਾ ਮਜ਼ਾਕ ਉਡਾਉਂਦੇ ਸਨ, ਪਰ ਹੁਣ ਲੋਕ ਵਾਪਸ ਆ ਕੇ ਇੱਥੇ ਕੰਮ ਕਰ ਰਹੇ ਹਨ। ਕਈ ਨੌਜਵਾਨ ਬਾਹਰ ਜਾਣ ਦੀ ਤਿਆਰੀ ਕਰ ਰਹੇ ਸਨ, ਪਰ ਨੌਕਰੀਆਂ ਮਿਲਣ ਤੋਂ ਬਾਅਦ ਉਨ੍ਹਾਂ ਨੇ ਇੱਥੇ ਰਹਿ ਕੇ ਕੰਮ ਕਰਨ ਦਾ ਫੈਸਲਾ ਕੀਤਾ।
ਵਿਰੋਧੀਆਂ ਤੇ ਸਾਧਿਆ ਨਿਸ਼ਾਨਾਂ
ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਪਹਿਲਾਂ ਜਦੋਂ ਮੈਂ ਲੋਕਾਂ ਦੇ ਕੰਮਾਂ ਦੀ ਗੱਲ ਕਰਦਾ ਸੀ ਤਾਂ ਵਿਰੋਧੀ ਪੁੱਛਦੇ ਸਨ ਕਿ ਪੈਸਾ ਕਿੱਥੋਂ ਆਵੇਗਾ। ਉਦੋਂ ਵੀ ਮੈਂ ਕਿਹਾ ਸੀ ਕਿ ਸਾਡੇ ਕੋਲ ਪਹਾੜਾਂ ਵਿੱਚ ਬਹੁਤ ਪੈਸਾ ਹੈ, ਅਸੀਂ ਪਹਾੜਾਂ ਵਿੱਚੋਂ ਪੈਸੇ ਕੱਢਾਂਗੇ। ਹੁਣ ਅਸੀਂ ਪਹਾੜਾਂ ਤੋਂ ਪੈਸਾ ਕੱਢਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਵੱਡੇ-ਵੱਡੇ ਮਹਿਲਾਂ ਦੀ ਨੀਂਹ ਵਿੱਚੋਂ ਪੈਸਾ ਕੱਢ ਕੇ ਤੁਹਾਡੇ ਵਿੱਚ ਨਿਵੇਸ਼ ਕਰਾਂਗੇ। ਪਿਛਲੀਆਂ ਸਰਕਾਰਾਂ ਦੀ ਨਾ ਤਾਂ ਨੀਤੀ ਅਤੇ ਨਾ ਹੀ ਇਰਾਦੇ ਸਪੱਸ਼ਟ ਸਨ। ਪਹਿਲਾਂ ਸਰਕਾਰਾਂ ਆਪਣੇ ਪਰਿਵਾਰ ਪਾਲਣ ਵਿੱਚ ਰੁੱਝੀਆਂ ਹੋਈਆਂ ਸਨ, ਮੈਂ ਪੰਜਾਬ ਨੂੰ ਪਾਲ ਰਿਹਾ ਹਾਂ।
ਵਿਧਾਨ ਸਭਾ ਨੂੰ ਅੰਦਰੋਂ ਤਾਲਾ ਲਾਉਣ ਦੀ ਦੱਸੀ ਗੱਲ
ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਵਿਧਾਨ ਸਭਾ ਨੂੰ ਅੰਦਰੋਂ ਤਾਲਾ ਲਾਉਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਇਹ ਲੋਕ ਬੋਲਣ ਤੋਂ ਬਾਅਦ ਵਿਧਾਨ ਸਭਾ ‘ਚੋਂ ਬਾਹਰ ਭੱਜ ਜਾਂਦੇ ਸਨ। ਇਸ ਲਈ ਮੈਂ ਵਿਧਾਨ ਸਭਾ ਨੂੰ ਅੰਦਰੋਂ ਤਾਲਾ ਲਗਾ ਕੇ ਉਨ੍ਹਾਂ ਨੂੰ ਬੈਠਣ ਲਈ ਆਪਣੇ ਨਾਲ ਲੈ ਗਿਆ ਇਸ ਨਾਲ ਉਹ ਨਾਰਾਜ਼ ਹੋ ਗਏ। ਉਹ ਮੈਨੂੰ (ਭਗਵੰਤ ਮਾਨ) ਨੂੰ ਗਾਲ੍ਹਾਂ ਕੱਢਦੇ ਰਹਿੰਦੇ ਹਨ, ਪਰ ਜਿੰਨਾ ਚਿਰ ਲੋਕ ਮੇਰੇ ਨਾਲ ਹਨ, ਮੈਨੂੰ ਬੋਲਣ ਦੀ ਲੋੜ ਨਹੀਂ।
ਕੇਂਦਰ ‘ਤੇ ਵੀ ਤਿੱਖੇ ਨਿਸ਼ਾਨੇ
ਇਸ ਦੌਰਾਨ ਮੁੱਖ ਮੰਤਰੀ ਨੇ ਕੇਂਦਰ ਸਰਕਾਰ ‘ਤੇ ਵੀ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੇ ਵੋਟਾਂ ਪਾਉਣ ਵਾਲੇ ਲੋਕਾਂ ਨੂੰ ਲਾਲੀਪਾਪ ਦੇਣਾ ਸ਼ੁਰੂ ਕਰ ਦਿੱਤਾ ਹੈ। ਕੱਲ੍ਹ ਕੇਂਦਰ ਸਰਕਾਰ ਨੇ ਸਿਲੰਡਰ 100 ਰੁਪਏ ਸਸਤਾ ਕੀਤਾ, ਇਸ ਤੋਂ ਪਹਿਲਾਂ ਕਿਸ ਨੇ ਸਿਲੰਡਰ ਮਹਿੰਗਾ ਕੀਤਾ ਸੀ? ਉਨ੍ਹਾਂ ਕਿਹਾ ਕਿ ਕੈਪਟਨ ਦੀਆਂ ਗਲਤੀਆਂ ਕਾਰਨ ਕੇਂਦਰ ਨੇ ਪੰਜਾਬ ਦਾ ਪੈਸਾ ਰੋਕ ਲਿਆ ਹੈ। ਹੁਣ ਜੇਕਰ ਕੈਪਟਨ ਖੁਦ ਉੱਥੇ ਜਾਂਦਾ ਹੈ ਤਾਂ ਸਾਡੇ ਪੈਸੇ ਕਲੀਅਰ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ ਅਤੇ ਸੁਨੀਲ ਜਾਖੜ ਪੰਜਾਬ ਦੇ ਹੋਣ ਦੇ ਬਾਵਜੂਦ ਪੰਜਾਬ ਦੀ ਗੱਲ ਨਹੀਂ ਕਰ ਰਹੇ।