Punjab
ਮੁਫ਼ਤ ਬਿਜਲੀ ਦੀ ਸਹੂਲਤ ਨੇ ਵਧਾਇਆ ਚੋਰੀ ਦਾ ਰੁਝਾਨ, ਪਾਵਰਕੌਮ ਦੇ ਮੀਟਰ ਰੀਡਰਾਂ ਨਾਲ ਮਿਲੀਭੁਗਤ

ਪੰਜਾਬ ਸਰਕਾਰ ਵੱਲੋਂ 300 ਯੂਨਿਟ ਬਿਜਲੀ ਮੁਫ਼ਤ ਦੇਣ ਦੀ ਸਹੂਲਤ ਨਾਲ ਖਪਤਕਾਰਾਂ ਵਿੱਚ ਬਿਜਲੀ ਚੋਰੀ ਦਾ ਰੁਝਾਨ ਵਧਿਆ ਹੈ। ਮੁਫਤ ਹੋਣ ਕਾਰਨ ਠੰਡ ਦੇ ਬਾਵਜੂਦ ਇਸ ਵਾਰ ਸੂਬੇ ‘ਚ ਬਿਜਲੀ ਦੀ ਰਿਕਾਰਡ ਖਪਤ ਹੋਈ ਹੈ। ਮੁਫਤ ਬਿਜਲੀ ਦੀ ਸਹੂਲਤ ਲੈਣ ਦੇ ਲਾਲਚ ਵਿੱਚ ਖਪਤਕਾਰਾਂ ਵੱਲੋਂ ਮੀਟਰ ਰੀਡਰਾਂ ਦੀ ਮਿਲੀਭੁਗਤ ਨਾਲ ਮੀਟਰਾਂ ਨਾਲ ਛੇੜਛਾੜ, ਘੱਟ ਰੀਡਿੰਗ ਦਿਖਾਉਣ ਜਾਂ ਲੈਚਿੰਗ ਕਰਕੇ ਬਿਜਲੀ ਚੋਰੀ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਚੋਰੀ ਦੀਆਂ ਜ਼ਿਆਦਾਤਰ ਵਾਰਦਾਤਾਂ ਪੰਜਾਬ ਦੇ ਸਰਹੱਦੀ ਅਤੇ ਪੱਛਮੀ ਜ਼ੋਨ ਦੇ ਜ਼ਿਲ੍ਹਿਆਂ ਤੋਂ ਹੋ ਰਹੀਆਂ ਹਨ।
ਸਰਕਾਰ ਦੀ ਬਿਜਲੀ ਚੋਰੀ ਦੇ ਖਿਲਾਫ ਜ਼ੀਰੋ ਟਾਲਰੈਂਸ ਦੀ ਨੀਤੀ ਹੋਣੀ ਚਾਹੀਦੀ ਹੈ
ਪੀਐਸਈਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧੀਮਾਨ ਨੇ ਮੰਨਿਆ ਕਿ ਸਰਕਾਰ ਵੱਲੋਂ ਮੁਫ਼ਤ ਬਿਜਲੀ ਦੇਣ ਕਾਰਨ ਚੋਰੀ ਵਧ ਰਹੀ ਹੈ। ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪਾਵਰਕੌਮ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ।
ਸਰਕਾਰ ਨੂੰ ਵੀ ਬਿਜਲੀ ਚੋਰੀ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਨਾਉਣੀ ਪਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਬਿਜਲੀ ਮੰਤਰੀ ਨੂੰ ਬਿਜਲੀ ਚੋਰੀ ਰੋਕਣ ਲਈ ਕੁਝ ਸੁਝਾਅ ਵੀ ਦਿੱਤੇ ਗਏ ਹਨ। ਸੁਝਾਵਾਂ ਨੂੰ ਜਲਦੀ ਲਾਗੂ ਕਰਕੇ ਚੋਰੀ ‘ਤੇ ਰੋਕ ਲਗਾਈ ਜਾਵੇ।