Punjab
ਪੰਜਾਬ ‘ਚ ਸੰਘਣੀ ਧੁੰਦ ਦਾ ਕਹਿਰ ਜਾਰੀ
7 ਜਨਵਰੀ 2024: ਪੰਜਾਬ ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਕਈ ਦਿਨਾਂ ਤੋਂ ਧੁੱਪ ਨਾ ਨਿਕਲਣ ਕਾਰਨ ਸ਼ੁੱਕਰਵਾਰ ਨੂੰ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 10.3 ਡਿਗਰੀ ਹੇਠਾਂ ਪਹੁੰਚ ਗਿਆ। ਸ਼ੁੱਕਰਵਾਰ ਨੂੰ ਗੁਰਦਾਸਪੁਰ ਪੰਜਾਬ ‘ਚ ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦਿਨ ਵੇਲੇ ਬਠਿੰਡਾ ਦਾ ਤਾਪਮਾਨ ਸੂਬੇ ਵਿੱਚ ਸਭ ਤੋਂ ਘੱਟ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 10.6 ਡਿਗਰੀ ਰਿਹਾ, ਜੋ ਆਮ ਨਾਲੋਂ 10.3 ਡਿਗਰੀ ਘੱਟ ਸੀ, ਜਦੋਂ ਕਿ ਰਾਤ ਦਾ ਘੱਟੋ-ਘੱਟ ਤਾਪਮਾਨ 6.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਧਦੀ ਠੰਡ ਦੇ ਵਿਚਕਾਰ ਸਰਕਾਰ ਨੇ ਸੂਬੇ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ 14 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਆਂਗਣਵਾੜੀ ਵਰਕਰਾਂ ਨੂੰ ਛੁੱਟੀਆਂ ਦੌਰਾਨ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਦੇ ਘਰ ਰਾਸ਼ਨ ਪਹੁੰਚਾਉਣ ਦੇ ਹੁਕਮ ਦਿੱਤੇ ਗਏ ਹਨ। ਮੌਸਮ ਕੇਂਦਰ ਚੰਡੀਗੜ੍ਹ ਦੇ ਅਨੁਸਾਰ 10 ਜਨਵਰੀ ਤੱਕ ਖੇਤਰ ਵਿੱਚ ਧੁੱਪ ਨਾ ਨਿਕਲਣ ਦੀ ਸੰਭਾਵਨਾ ਹੈ, ਅਜਿਹੀ ਸਥਿਤੀ ਵਿੱਚ ਤਾਪਮਾਨ ਹੋਰ ਡਿੱਗ ਸਕਦਾ ਹੈ।