Uncategorized
ਪਿਆਰ ਦੇ ਪ੍ਰੋਪੋਜ਼ਲ ਨੂੰ ਲੜਕੀ ਨੇ ਠੁਕਰਾਇਆ, ਲੜਕੇ ਨੇ ਕੀਤੀ ਕੁੱਟਮਾਰ

ਮੋਹਾਲੀ ਵਿੱਚ ਇੱਕ ਨੌਜਵਾਨ ਵੱਲੋਂ ਸ਼ਰੇਆਮ ਬਾਜ਼ਾਰ ਵਿੱਚ ਇੱਕ ਲੜਕੀ ਦੀ ਕੁੱਟਮਾਰ ਕਰਨ ਤੇ ਉਸਦੇ ਕੱਪੜੇ ਫਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨੌਜਵਾਨ ਨੇ ਬਾਜ਼ਾਰ ਵਿੱਚ ਲੜਕੀ ਦਾ ਰਸਤਾ ਰੋਕ ਕੇ ਆਪਣਾ ਪਿਆਰ ਜ਼ਾਹਰ ਕੀਤਾ, ਪਰ ਜਦੋਂ ਲੜਕੀ ਨੇ ਉਸ ਦੇ ਪਿਆਰ ਨੂੰ ਠੁਕਰਾ ਦਿੱਤਾ ਤਾਂ ਨੌਜਵਾਨ ਗੁੱਸੇ ਵਿਚ ਆ ਗਿਆ। ਉਸ ਨੇ ਲੜਕੀ ਨੂੰ ਵਾਲਾਂ ਨਾਲ ਫੜ ਕੇ ਸੜਕ ‘ਤੇ ਘਸੀਟਿਆ ਅਤੇ ਉਸਦੇ ਕੱਪੜੇ ਵੀ ਪਾੜ ਦਿੱਤੇ। ਇਸ ਤੋਂ ਬਾਅਦ ਉਹ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਪੀੜਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਚੰਡੀਗੜ੍ਹ ਦੇ ਨੌਜਵਾਨਾਂ ਦੇ ਖਿਲਾਫ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸੰਨੀ ਵਾਸੀ ਡੱਡੂਮਾਜਰਾ ਵਜੋਂ ਹੋਈ ਹੈ।
ਪੀੜਤ ਲੜਕੀ ਮੂਲ ਰੂਪ ਤੋਂ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਇੱਥੇ ਫੇਜ਼ -5 ਵਿੱਚ ਪੀਜੀ ਵਿੱਚ ਰਹਿੰਦੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਸਾਲ 2020 ਵਿੱਚ ਉਹ ਫੇਜ਼ -3 ਬੀ 2 ਵਿੱਚ ਇੱਕ ਗਹਿਣਿਆਂ ਦੇ ਸ਼ੋਅਰੂਮ ਵਿੱਚ ਕੰਮ ਕਰਦੀ ਸੀ। ਸੰਨੀ ਅਤੇ ਮਨੀਸ਼ ਨਾਂ ਦੇ ਨੌਜਵਾਨ ਵੀ ਇਸੇ ਸ਼ੋਅਰੂਮ ਵਿੱਚ ਕੰਮ ਕਰਦੇ ਸਨ। ਪੀੜਤ ਨੇ ਦੱਸਿਆ ਕਿ ਸੰਨੀ ਉਸ ਨੂੰ ਬਹੁਤ ਪ੍ਰੇਸ਼ਾਨ ਕਰਦਾ ਸੀ, ਜਿਸ ਕਾਰਨ ਉਸਨੇ ਜੁਲਾਈ 2021 ਵਿੱਚ ਆਪਣੀ ਨੌਕਰੀ ਛੱਡ ਦਿੱਤੀ ਸੀ। ਪੁਲਿਸ ਵੱਲੋਂ ਮਾਮਲਾ ਦਰਜ਼ ਕਰ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਲੜਕੀ ਨੇ ਫਸਾਇਆ ਹੈ।