Connect with us

National

ਇੰਪਲਾਈਜ਼ ਕ੍ਰਿਕੇਟ ਲੀਗ 2024 ਦੀ MYS ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਮੁਲਾਂਪੁਰ ਵਿਖੇ ਸ਼ਾਨਦਾਰ ਸਮਾਪਤੀ

Published

on

ਪੰਜਾਬ ਸਕੱਤਰੇਤ ਕ੍ਰਿਕਟ ਕਲੱਬ, ਚੰਡੀਗੜ੍ਹ ਵੱਲੋਂ ਪ੍ਰੀਤਿਕਾ ਗਰੁੱਪ ਆਫ ਇੰਡਸਟ੍ਰੀਜ਼ ਅਤੇ ਮੋਹਾਲੀ ਆਟੋ ਇੰਡਸਟ੍ਰੀਜ਼ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਕਰਮਚਾਰੀ ਕ੍ਰਿਕਟ ਲੀਗ ਸੀਜ਼ਨ-1 (6 ਅਪ੍ਰੈਲ 2024 – 19 ਮਈ 2024) ਦਾ ਰੋਮਾਂਚਕ ਫ਼ਾਈਨਲ ਮੈਚ ਮੈਡੀਕਲ ਕਾਲਜ ਪਟਿਆਲਾ ਬਨਾਮ ਕਮਿਸ਼ਨਰ XI ਦਰਮਿਆਨ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਮੁੱਲਾਂਪੁਰ, ਮੁਹਾਲੀ ਵਿਖੇ ਖੇਡਿਆ  ਗਿਆ।

ਜਾਣੋ, ਮੈਚ ਦੇਖਣ ਕੌਣ -ਕੌਣ ਪਹੁੰਚਿਆ..

ਟੂਰਨਾਮੈਂਟ ਦੀਆਂ ਅਭੁੱਲ ਯਾਦਾਂ ਨੂੰ ਚਾਰ ਚੰਨ ਲਾਉਣ ਲਈ ਉਚੇਚੇ ਤੌਰ ਤੇ ਗੁਰਕੀਰਤ ਕਿਰਪਾਲ ਸਿੰਘ,ਆਈ ਏ ਐਸ, ਸਕੱਤਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਹਨਾਂ ਨਾਲ ਗੁਰਿੰਦਰ ਸਿੰਘ ਸੋਢੀ, ਪੀ ਸੀ ਐਸ, ਸੰਯੁਕਤ ਕਮਿਸ਼ਨਰ, ਮਿਊਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਅਤੇ ਸੁਖਚੈਨ ਸਿੰਘ ਖਹਿਰਾ, ਚੇਅਰਮੈਨ, ਪੰਜਾਬ ਸਕੱਤਰੇਤ ਸਟਾਫ ਐਸੋਸੀਏਸ਼ਨ ਨੇ ਵੀ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢਕੇ ਇਸ ਮੌਕੇ ਤੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਟੂਰਨਾਮੈਂਟ ਦੇ ਸਪੌਂਸਰ ਹਰਪ੍ਰੀਤ ਸਿੰਘ ਨਿੱਬਰ, MD, ਪ੍ਰੀਤਿਕਾ ਗਰੁੱਪ ਆਫ ਇੰਡਸਟ੍ਰੀਜ਼, ਗਗਨਪ੍ਰੀਤ ਸਿੰਘ, MD, ਮੋਹਾਲੀ ਆਟੋ ਇੰਡਸਟ੍ਰੀਜ਼ ਅਤੇ ਡਾ. ਰਿਸ਼ੀ ਮਾਂਗਟ, MD, ਹੈਲਥਮੈਕਸ ਸੁਪਰਸਪੈਸ਼ਲਿਟੀ ਹਸਪਤਾਲ, ਮੋਹਾਲੀ ਵੱਲੋਂ ਵੀ ਸਟੇਡੀਅਮ ਵਿਚ ਹਾਜਰ ਰਹਿ ਕੇ ਰੋਮਾਂਚਕ ਮੈਚ ਦਾ ਆਨੰਦ ਲਿਆ ਗਿਆ।

ਇਸ ਮੈਚ ਵਿਚ ਕਮਿਸ਼ਨਰ XI ਨੇ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 218 ਦੌੜਾਂ ਦਾ ਵਿਸ਼ਾਲ ਟੀਚਾ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਨੂੰ ਦਿੱਤਾ। ਜਿਸ ਵਿਚ ਸਲਾਮੀ ਬੱਲੇਬਾਜ਼ ਅਮਿਤ ਪਰਾਸ਼ਰ ਦੇ ਸ਼ਾਨਦਾਰ ਸੈਂਕੜੇ (118) ਤੋਂ ਇਲਾਵਾ ਸ਼ੈਰੀ ਸੈਣੀ ਦੀ 44 (11) ਦੌੜਾਂ ਦੀ ਧਮਾਕੇਦਾਰ ਪਾਰੀ ਸ਼ਾਮਲ ਸੀ। ਜਵਾਬ ਵਿਚ 218 ਦੋੜਾਂ ਦਾ ਪਿੱਛਾ ਕਰਨ ਉਤਰੀ ਗੋਮਕੋ ਪਟਿਆਲਾ ਟੀਮ ਨੇ ਤੇਜ਼ ਸ਼ੁਰੂਆਤ ਕੀਤੀ ਅਤੇ ਟੀਮ ਪਹਿਲੇ 10 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ਨਾਲ 120 ਦੌੜਾਂ ਤੱਕ ਪਹੁੰਚ ਗਈ। ਪ੍ਰੰਤੂ ਬਾਰਵੇਂ ਓਵਰ ਵਿਚ ਸਨੀ ਦੀ ਵਿਕਟ ਡਿੱਗਣ ਨਾਲ ਕਮਿਸ਼ਨਰ XI ਨੂੰ ਮੈਚ ਵਿਚ ਵਾਪਸੀ ਕਰਨ ਦਾ ਮੌਕਾ ਮਿਲ ਗਿਆ। ਇਸ ਤੋਂ ਬਾਅਦ ਕਪਤਾਨ ਪ੍ਰੀਤਇੰਦਰ, ਮੋਹਿਤ ਅਤੇ ਪਰਦੀਪ ਨੇ ਟੀਮ ਨੂੰ ਟੀਚੇ ਤੱਕ ਪਹੁੰਚਾਉਣ ਲਈ ਪੁਰਜੋਰ ਕੋਸ਼ਿਸ਼ ਕੀਤੀ ਪ੍ਰੰਤੂ ਆਖਰੀ 5 ਓਵਰਾਂ ਵਿਚ ਕਮਿਸ਼ਨਰ XI ਦੇ ਗੇਂਦਬਾਜਾਂ ਦੀ ਸਧੀ ਹੋਈ ਗੇਂਦਬਾਜੀ ਕਾਰਨ ਗੋਮਕੋ ਪਟਿਆਲਾ ਦੀ ਟੀਮ 19.5 ਓਵਰਾਂ ਵਿਚ 201 ਦੇ ਸਕੋਰ ਤੇ ਆਲ-ਆਊਟ ਹੋ ਗਈ। ਇਸ ਤਰ੍ਹਾਂ ਕਮਿਸ਼ਨਰ XI ਨੇ ECL 2024 Season 1 ਦਾ ਫਾਈਨਲ 16 ਦੋੜਾਂ ਨਾਲ ਜਿੱਤ ਕੇ ਖਿਤਾਬ ਆਪਣੇ ਨਾਮ ਕਰ ਲਿਆ। ਸ਼ਾਨਦਾਰ ਸੈਂਕੜਾ ਜੜਨ ਵਾਲੇ ਅਮਿਤ ਪਰਾਸ਼ਰ ਨੂੰ ਮੈਨ ਆਫ ਦਾ ਮੈਚ ਅਵਾਰਡ ਦਿੱਤਾ ਗਿਆ। ਇਸ ਟੂਰਨਾਮੈਂਟ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੈਰੀ ਸੈਣੀ ਨੂੰ ਪਲੇਅਰ ਆਫ ਦਾ ਸੀਰੀਜ਼ ਚੁਣਿਆ ਗਿਆ।
ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਕਮਿਸ਼ਨਰ XI ਨੂੰ ਜਿੱਤਣ ਅਤੇ ਗੋਮਕੋ ਪਟਿਆਲਾ ਟੀਮ ਨੂੰ ਵਧੀਆ ਟੱਕਰ ਦੇਣ ਲਈ ਵਧਾਈ ਦਿੱਤੀ ਗਈ। ਮੁੱਖ ਮਹਿਮਾਨ ਵਲੋਂ ਪੰਜਾਬ ਸਕੱਤਰੇਤ ਕ੍ਰਿਕੇਟ ਕਲੱਬ ਨੂੰ ਟੂਰਨਾਮੈਂਟ ਬਿਹਤਰੀਨ ਢੰਗ ਨਾਲ ਨਿਪਟਾਉਣ ਲਈ ਮੁਬਾਰਕਬਾਦ ਦਿੰਦੇ ਹੋਏ ਕਰਮਚਾਰੀਆਂ ਨੂੰ ਖੇਡਾਂ ਦੀ ਅਹਿਮੀਅਤ ਦੱਸਦਿਆਂ ਖੇਡਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਕਲੱਬ ਦੇ ਸਰਪ੍ਰਸਤ ਜਨਕ ਸਿੰਘ, ਪ੍ਰਧਾਨ ਸਤੀਸ਼ ਚੰਦਰ ਅਤੇ ਹੋਰ ਮੈਨੇਜਮੈਂਟ ਮੈਂਬਰਾਂ ਵੱਲੋਂ ਮੈਚ ਵਿਚ ਪਹੁੰਚੇ ਮਹਿਮਾਨਾਂ ਅਤੇ ਟੂਰਨਾਮੈਂਟ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਵੀ ਅਜਿਹੇ ਟੂਰਨਾਮੈਂਟ ਆਯੋਜਿਤ ਕਰਦੇ ਰਹਿਣ ਦਾ ਭਰੋਸਾ ਦਿੱਤਾ।