Punjab
ਬੁਲੇਟ ਮੋਟਰਸਾਈਕਲ ‘ਤੇ ਮੋਡੀਫਾਈਡ ਸਾਈਲੈਂਸਰ ਪੁਲਸ ਮੁਲਾਜ਼ਮ ਨੂੰ ਪਿਆ ਮਹਿੰਗਾ
ਪਠਾਨਕੋਟ: ਪੰਜਾਬ ਪੁਲਿਸ ਨਾ ਸਿਰਫ ਬੁਲੇਟ ਮੋਟਰਸਾਈਕਲਾਂ ‘ਤੇ ਮੋਡੀਫਾਈਡ ਸਾਈਲੈਂਸਰ ਫਿੱਟ ਕਰਨ ਵਾਲੇ ਲੋਕਾਂ ਦੇ ਚਲਾਨ ਕਰਦੀ ਹੈ, ਸਗੋਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਪੁਲਿਸ ਦੇ ਕਰਮਚਾਰੀਆਂ ਨੂੰ ਵੀ ਬਖਸ਼ਿਆ ਨਹੀਂ ਜਾਂਦਾ, ਅਜਿਹਾ ਹੀ ਕੁਝ ਜ਼ਿਲਾ ਪਠਾਨਕੋਟ ‘ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਪੁਲਸ ਮੁਲਾਜ਼ਮ ਨੇ ਆਪਣੇ ਬੁਲੇਟ ਮੋਟਰਸਾਈਕਲ ‘ਤੇ ਮੋਡੀਫਾਈਡ ਸਾਈਲੈਂਸਰ ਲਗਾ ਰੱਖਿਆ ਸੀ । ਜਿਸ ਦੀ ਵੀਡੀਓ ਕਿਸੇ ਵਿਅਕਤੀ ਵੱਲੋਂ ਵਾਇਰਲ ਕਰ ਦਿੱਤੀ ਗਈ ਅਤੇ ਜਿਵੇਂ ਹੀ ਇਹ ਵੀਡੀਓ ਐੱਸ.ਐੱਸ.ਪੀ ਪਠਾਨਕੋਟ ਹਰ ਕਮਲਪ੍ਰੀਤ ਸਿੰਘ ਖੱਖ ਦੇ ਧਿਆਨ ‘ਚ ਆਈ ਤਾਂ ਉਨ੍ਹਾਂ ਤੁਰੰਤ ਇਸ ਮੋਟਰਸਾਈਕਲ ‘ਤੇ ਟ੍ਰੈਫਿਕ ਪੁਲਸ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ, ਜਿਸ ਦੇ ਚਲਦੇ ਟ੍ਰੈਫਿਕ ਪੁਲਸ ਨੇ ਵਾਇਰਲ ਵੀਡੀਓ ਦੇ ਆਧਾਰ ‘ਤੇ ਮੋਟਰਸਾਈਕਲ ਨੰਬਰ ਨੂੰ ਪਛਾਣ ਇਸ ਮੋਟਰਸਾਈਕਲ ਨੂੰ ਟਰੇਸ ਕਰਕੇ ਇਸ ਦਾ ਚਲਾਨ ਕੱਟਿਆ ਗਿਆ।
ਇਸ ਸਬੰਧੀ ਟ੍ਰੈਫਿਕ ਇੰਚਾਰਜ ਪਠਾਨਕੋਟ ਬ੍ਰਹਮ ਦੱਤ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੇ ਮੋਟਰਸਾਈਕਲ ਨੂੰ ਲੱਭ ਕੇ ਚਲਾਨ ਕੱਟ ਦਿੱਤਾ ਅਤੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।