Punjab
ਲੇਹ-ਲੱਦਾਖ ‘ਚ ਸ਼ਹੀਦ ਹੋਇਆ ਮਾਪਿਆਂ ਦਾ ਇਕਲੌਤਾ ਪੁੱਤ, ਘਰ ਰੱਖਿਆ ਹੋਇਆ ਸੀ ਵਿਆਹ
ਦੇਸ਼ ਦੀ ਰਾਖੀ ਕਰਦਿਆਂ ਇਕ ਹੋਰ ਮਾਪਿਆਂ ਦੇ ਇਕਲੌਤੇ ਪੁੱਤ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਲੇਹ–ਲਦਾਖ ’ਚ ਡਿਊਟੀ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਗੀਰਾਣਾ ਦੇ ਨੌਜਵਾਨ ਸ਼ਹੀਦੀ ਦਾ ਜਾਮ ਪੀ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਸਮੁੱਚੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਦੀਪ ਸਿੰਘ (22) ਪੁੱਤਰ ਜਗਜੀਤ ਸਿੰਘ ਹਾਲੇ ਥੋੜ੍ਹਾ ਸਮਾਂ ਪਹਿਲਾ ਹੀ ਫ਼ੌਜ ‘ਚ ਭਰਤੀ ਹੋਇਆ ਸੀ।
ਗੁਰਦੀਪ ਸਿੰਘ ਹਾਲੇ ਕੁਆਰਾ ਸੀ, ਜਿਸ ਦਾ ਨਵੰਬਰ ‘ਚ ਵਿਆਹ ਸੀ। ਘਰ ‘ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਕ ਸਾਲ ਪਹਿਲਾ ਗੁਰਦੀਪ ਸਿੰਘ ਦੇ ਪਿਤਾ ਜਗਜੀਤ ਸਿੰਘ ਦੀ ਵੀ ਮੌਤ ਹੋ ਗਈ ਸੀ। ਘਰ ‘ਚ ਇਕੱਲੀ ਬਜ਼ੁਰਗ ਮਾਤਾ ਹੀ ਸੀ। ਜਿਵੇਂ ਹੀ ਗੁਰਦੀਪ ਸਿੰਘ ਦੀ ਸ਼ਹੀਦੀ ਦੀ ਖ਼ਬਰ ਘਰ ਪਹੁੰਚੀ ਤਾਂ ਵਿਆਹ ਦੀਆਂ ਖ਼ੁਸ਼ੀਆਂ ਮਾਤਮ ‘ਚ ਬਦਲ ਗਈਆਂ।
ਗੁਰਦੀਪ ਸਿੰਘ ਮੱਧਵਰਗੀ ਕਿਸਾਨ ਦਾ ਪੁੱਤਰ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਦੀਪ ਸਿੰਘ ਲੇਹ-ਲਦਾਖ ਦੇ ਉਪਰਲੇ ਪਹਾੜੀ ਇਲਾਕੇ ‘ਚ ਡਿਊਟੀ ਕਰਦਾ ਸੀ, ਜਿੱਥੇ ਉਹ ਬੀਮਾਰ ਹੋ ਗਿਆ ਤੇ ਇਲਾਜ ਦੌਰਾਨ ਉਹ ਸ਼ਹੀਦੀ ਦਾ ਜਾਮ ਪੀ ਗਿਆ। ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੇਗੀ, ਜਿੱਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਉਹ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਤ ਸੀ। ਉਸ ਦੇ ਮਾਪਿਆਂ ਨੇ ਬਹੁਤ ਤੰਗੀਆਂ ਨਾਲ ਜੂਝਦਿਆਂ ਉਸ ਨੂੰ ਪੜ੍ਹਾ ਲਿਖਾ ਕੇ ਫ਼ੌਜ ਵਿਚ ਭਰਤੀ ਕਰਵਾਇਆ ਸੀ।