Delhi
ਸੰਸਦ ਦੀ ਕਾਰਵਾਈ 24 ਜੁਲਾਈ ਤੱਕ ਕੀਤੀ ਗਈ ਮੁਲਤਵੀ,ਮਣੀਪੁਰ ਨੂੰ ਲੈ ਕੇ ਲੋਕ ਸਭਾ ‘ਚ ਹੋਇਆ ਹੰਗਾਮਾ….

21 JULY 2023: ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਦੂਜਾ ਦਿਨ ਸੀ। ਸ਼ੁੱਕਰਵਾਰ ਨੂੰ ਯਾਨੀ ਕਿ ਅੱਜ ਲੋਕ ਸਭਾ ਦੀ ਕਾਰਵਾਈ ਕੁੱਲ 19 ਮਿੰਟ ਤੱਕ ਹੀ ਚੱਲੀ, ਹੁਣ ਇਸਨੂੰ 24 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਵੇਰੇ 11 ਵਜੇ ਲੋਕ ਸਭਾ ‘ਚ ਬਿਆਨ ਦਿੱਤਾ, ਕਿ ‘ਸਰਕਾਰ ਮਣੀਪੁਰ ‘ਤੇ ਚਰਚਾ ਕਰਨ ਲਈ ਤਿਆਰ ਹੈ। ਕੁਝ ਪਾਰਟੀਆਂ ਅਜਿਹੀਆਂ ਹਨ ਜੋ ਸਦਨ ਨੂੰ ਚੱਲਣ ਨਹੀਂ ਦੇਣਾ ਚਾਹੁੰਦੀਆਂ।
ਇਸ ਦੇ ਨਾਲ ਹੀ ਰਾਜ ਸਭਾ ਦੀ ਕਾਰਵਾਈ ਕੁੱਲ 19 ਮਿੰਟ ਤੱਕ ਚੱਲੀ, ਫਿਰ ਇਸ ਨੂੰ ਵੀ 24 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ। ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਮਣੀਪੁਰ ਹਿੰਸਾ ‘ਤੇ ਸੰਸਦ ਦੇ ਦੋਵਾਂ ਸਦਨਾਂ ‘ਚ ਚਰਚਾ ਲਈ ਨੋਟਿਸ ਦਿੱਤੇ ਹਨ।
ਵਿਰੋਧੀ ਪਾਰਟੀਆਂ ਨੇ ਲੋਕ ਸਭਾ ਵਿੱਚ ਨਿਯਮ 193 ਅਤੇ ਰਾਜ ਸਭਾ ਵਿੱਚ ਨਿਯਮ 176 ਅਤੇ ਨਿਯਮ 267 ਤਹਿਤ ਨੋਟਿਸ ਦਿੱਤੇ ਹਨ। ਲੋਕ ਸਭਾ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਮਣਿਕਮ ਟੈਗੋਰ ਅਤੇ ਰਾਜ ਸਭਾ ਵਿੱਚ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਮਨੋਜ ਕੁਮਾਰ ਝਾਅ ਸਮੇਤ ਕਈ ਸੰਸਦ ਮੈਂਬਰਾਂ ਨੇ ਮਣੀਪੁਰ ਹਿੰਸਾ ‘ਤੇ ਚਰਚਾ ਦੀ ਮੰਗ ਕਰਦੇ ਨੋਟਿਸ ਦਿੱਤੇ।
ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਵੀਰਵਾਰ ਨੂੰ ਜਿਵੇਂ ਹੀ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮਣੀਪੁਰ ਘਟਨਾ ਨੂੰ ਲੈ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ਅਗਲੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।