Connect with us

Punjab

ਬਿਖਰਦਾ ਪੁਨਰ ਸੁਰਜੀਤ ਅਕਾਲੀ ਦਲ, ਨਵੇਂ ਸਮੀਕਰਣਾਂ ਵੱਲ ਵਧਦੀ ਪੰਥਕ ਸਿਆਸਤ- ਇਯਾਲੀ ਹੋ ਸਕਦੇ ਨੇ ਵਾਰਸ ਪੰਜਾਬ ਦੇ !

Published

on

ਪੰਜਾਬ ਦੀ ਪੰਥਕ ਸਿਆਸਤ ਵਿੱਚ ਇੱਕ ਵੱਡੀ ਹਲਚਲ ਦੀ ਚਰਚਾ ਜ਼ੋਰਾਂ ‘ਤੇ ਹੈ। ਸਿਆਸੀ ਸੂਤਰਾਂ ਮੁਤਾਬਕ ਅਕਾਲੀ ਦਲ ਪੁਨਰ ਸੁਰਜੀਤ ਅੰਦਰ ਅਸਥਿਰਤਾ ਵਧ ਰਹੀ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਨਪ੍ਰੀਤ ਸਿੰਘ ਇਯਾਲੀ ਜਲਦ ਹੀ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ “ਵਾਰਸ ਪੰਜਾਬ ਦੇ” ਵਿੱਚ ਸ਼ਾਮਲ ਹੋ ਸਕਦੇ ਹਨ। ਜਾਣਕਾਰਾਂ ਦਾ ਦਾਅਵਾ ਹੈ ਕਿ ਇਸ ਮਹੀਨੇ ਦੇ ਅਖੀਰ ਤੱਕ ਇਹ ਵੱਡੀ ਸਿਆਸੀ ਤਬਦੀਲੀ ਸਾਹਮਣੇ ਆ ਸਕਦੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਇਯਾਲੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ। ਜਦੋਂ ਇਸ ਬਾਰੇ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਮੁੱਖ ਆਗੂ ਸੁਰਜੀਤ ਸਿੰਘ ਰੱਖੜਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਜੇਕਰ ਇਹ ਚਰਚਾ ਸੱਚ ਸਾਬਤ ਹੁੰਦੀ ਹੈ ਤਾਂ ਇਹ ਪੁਨਰ ਸੁਰਜੀਤ ਅਕਾਲੀ ਦਲ ਲਈ ਵੱਡਾ ਝਟਕਾ ਹੋਵੇਗਾ, ਕਿਉਂਕਿ ਪਿਛਲੇ ਕੁਝ ਸਮੇਂ ਵਿੱਚ ਹੀ ਕਈ ਵੱਡੇ ਆਗੂ ਇਸ ਧੜੇ ਨੂੰ ਅਲਵਿਦਾ ਕਹਿ ਚੁੱਕੇ ਹਨ। ਸਿਕੰਦਰ ਸਿੰਘ ਮਲੂਕਾ, ਚਰਨਜੀਤ ਸਿੰਘ ਬਰਾੜ ਅਤੇ ਜਗਮੀਤ ਸਿੰਘ ਬਰਾੜ ਵਰਗੇ ਆਗੂ ਪਹਿਲਾਂ ਹੀ ਵੱਖ ਹੋ ਚੁੱਕੇ ਹਨ। ਸਿਆਸੀ ਖੇਤਰਾਂ ਵਿੱਚ ਇਹ ਵੀ ਚਰਚਾ ਹੈ ਕਿ ਮਨਪ੍ਰੀਤ ਸਿੰਘ ਇਯਾਲੀ ਸਿਰਫ਼ ਇੱਕ ਆਮ ਮੈਂਬਰ ਵਜੋਂ ਨਹੀਂ ਸਗੋਂ “ਕਾਰਜਕਾਰੀ ਪ੍ਰਧਾਨ” ਵਜੋਂ ਵਾਰਸ ਪੰਜਾਬ ਦੇ ਵਿੱਚ ਦਾਖਲ ਹੋ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਕੇਵਲ ਇੱਕ ਆਮ ਪਾਰਟੀ ਬਦਲਾਅ ਨਹੀਂ ਰਹੇਗਾ, ਸਗੋਂ ਪੰਥਕ ਸਿਆਸਤ ਵਿੱਚ ਇੱਕ ਨਵਾਂ ਪੜਾਅ ਸ਼ੁਰੂ ਹੋ ਸਕਦਾ ਹੈ ਅਤੇ ਪੰਜਾਬ ਦੀ ਸਿਆਸੀ ਗਣਿਤ ਵਿੱਚ ਵੀ ਵੱਡੇ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ।
ਇੱਥੇ ਇੱਕ ਹੋਰ ਪੱਖ ਵੀ ਕਾਫ਼ੀ ਚਰਚਾ ਵਿੱਚ ਹੈ। ਕਈ ਸਿਆਸੀ ਮਾਹਿਰ ਮੰਨਦੇ ਹਨ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੂੰ ਉਸਦੇ ਗਰਮ ਖਿਆਲੀ ਪਿਛੋਕੜ ਕਰਕੇ ਪੰਜਾਬ ਵਿੱਚ ਵੱਡਾ ਜਨਸਮਰਥਨ ਮਿਲਣਾ ਆਸਾਨ ਨਹੀਂ ਹੋਵੇਗਾ। ਪਰ ਇਯਾਲੀ ਧੜੇ ਦੇ ਨਜ਼ਦੀਕੀ ਲੋਕਾਂ ਦਾ ਕਹਿਣਾ ਹੈ ਕਿ ਹੁਣ ਹਾਲਾਤ ਬਦਲ ਚੁੱਕੇ ਹਨ। ਉਹ ਦਲੀਲ ਦਿੰਦੇ ਹਨ ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਸੰਵਿਧਾਨ ਦੀ ਸਹੁੰ ਚੁੱਕ ਚੁੱਕੇ ਹਨ ਤਾਂ ਗਰਮ ਖਿਆਲੀ ਜਾਂ ਖਾਲਿਸਤਾਨੀ ਦਾ ਧੱਬਾ ਲਗਾਉਣਾ ਠੀਕ ਨਹੀਂ ਰਹਿੰਦਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮਨਪ੍ਰੀਤ ਸਿੰਘ ਇਯਾਲੀ ਦੇ ਨਾਲ ਹੀ ਪੁਨਰ ਸੁਰਜੀਤ ਅਕਾਲੀ ਦਲ ਦੀ ਪੰਥਕ ਕੌਂਸਲ ਦੀ ਮੁਖੀ ਬੀਬੀ ਸਤਵੰਤ ਕੌਰ ਵੀ ਵਾਰਸ ਪੰਜਾਬ ਦੇ ਨਾਲ ਜੁੜ ਸਕਦੇ ਹਨ। ਹਾਲਾਂਕਿ ਇਨ੍ਹਾਂ ਦਾਵਿਆਂ ਦੀ ਪੁਸ਼ਟੀ ਲਈ ਸੰਬੰਧਿਤ ਨੇਤਾਵਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਜੇਕਰ ਇਯਾਲੀ ਸੱਚਮੁੱਚ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਇਸਦਾ ਸਭ ਤੋਂ ਵੱਡਾ ਪ੍ਰਭਾਵ ਪੰਥਕ ਸਿਆਸਤ ‘ਤੇ ਪੈ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਲੰਬੇ ਸਮੇਂ ਤੋਂ ਆਪਣੇ ਆਪ ਨੂੰ ਪੰਥਕ ਦਲ ਵਜੋਂ ਪੇਸ਼ ਕਰਦਾ ਆ ਰਿਹਾ ਹੈ, ਪਰ ਹਕੀਕਤ ਇਹ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਇਹ ਦਲ ਕਾਫ਼ੀ ਹੱਦ ਤੱਕ ਹਾਸ਼ੀਏ ‘ਤੇ ਚਲਾ ਗਿਆ ਹੈ। ਜੇਕਰ 2024 ਦੀਆਂ ਲੋਕ ਸਭਾ ਚੋਣਾਂ ਨੂੰ ਹੀ ਮਾਪਦੰਡ ਬਣਾਇਆ ਜਾਵੇ ਤਾਂ ਬਾਦਲ ਦਲ ਨੂੰ ਕੇਵਲ ਇੱਕ ਸੀਟ ਮਿਲੀ ਸੀ ਜਦਕਿ ਗਰਮ ਖਿਆਲੀ ਧਾਰਾ ਨਾਲ ਜੁੜੇ ਉਮੀਦਵਾਰਾਂ ਨੂੰ ਦੋ ਸੀਟਾਂ ਮਿਲੀਆਂ ਸਨ।
ਦੂਜੇ ਪਾਸੇ ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਵੀ ਇੱਕ ਦਿਲਚਸਪ ਤਸਵੀਰ ਸਾਹਮਣੇ ਆਈ। ਬਾਦਲ ਦਲ ਨੂੰ ਜਿੱਥੇ ਕੁਝ ਹੱਦ ਤੱਕ ਸਮਰਥਨ ਮਿਲਿਆ, ਉੱਥੇ ਮਨਪ੍ਰੀਤ ਸਿੰਘ ਇਯਾਲੀ ਨੂੰ ਵੀ ਲੋਕਾਂ ਵੱਲੋਂ ਵਧੀਆ ਹੁੰਗਾਰਾ ਮਿਲਿਆ। ਜੇਕਰ ਇਹ ਵੇਖੀਏ ਕਿ ਅਕਾਲੀ ਦਲ ਬਾਦਲ ਨੂੰ ਰੈਲੀਆਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤਾਂ ਇਹ ਵੀ ਯਾਦ ਰਹੇ ਕਿ ਜਦੋਂ ਇਯਾਲੀ ਨਵੇਂ ਅਕਾਲੀ ਦਲ ਦੀ ਭਰਤੀ ਮੁਹਿੰਮ ਚਲਾ ਰਹੇ ਸਨ ਤਾਂ ਉਨ੍ਹਾਂ ਦੀਆਂ ਰੈਲੀਆਂ ਵਿੱਚ ਭਾਰੀ ਇਕੱਠ ਵੇਖਣ ਨੂੰ ਮਿਲ ਰਹੇ ਸਨ। ਹਾਲਾਂਕਿ ਸਿਆਸੀ ਮਾਹਿਰਾਂ ਦੀ ਇਹ ਵੀ ਰਾਏ ਹੈ ਕਿ ਵੱਡੇ ਇਕੱਠ ਹਮੇਸ਼ਾ ਵੋਟਾਂ ਵਿੱਚ ਤਬਦੀਲ ਹੋ ਜਾਣ, ਇਹ ਜ਼ਰੂਰੀ ਨਹੀਂ ਹੁੰਦਾ।
ਜੇਕਰ ਆਰਥਿਕ ਸਮਰੱਥਾ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਨੂੰ ਹਮੇਸ਼ਾ ਇੱਕ ਮਜ਼ਬੂਤ ਵਿੱਤੀ ਆਧਾਰ ਵਾਲਾ ਨੇਤਾ ਮੰਨਿਆ ਜਾਂਦਾ ਹੈ, ਪਰ ਮਨਪ੍ਰੀਤ ਸਿੰਘ ਇਯਾਲੀ ਵੀ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਕਮਜ਼ੋਰ ਨਹੀਂ ਮੰਨੇ ਜਾਂਦੇ। ਇਸ ਕਰਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੇਕਰ ਪੰਥਕ ਸਿਆਸਤ ਵਿੱਚ ਸਿੱਧੀ ਟੱਕਰ ਬਣਦੀ ਹੈ ਤਾਂ ਇਯਾਲੀ ਸੁਖਬੀਰ ਬਾਦਲ ਨੂੰ ਕਾਫ਼ੀ ਹੱਦ ਤੱਕ ਚੁਣੌਤੀ ਦੇ ਸਕਦੇ ਹਨ। ਇੱਥੇ ਇੱਕ ਹੋਰ ਗੱਲ ਵੀ ਜ਼ਿਕਰਯੋਗ ਹੈ ਕਿ ਇਯਾਲੀ ਦੀ ਸਿਆਸੀ ਛਵੀ ਸਾਫ਼ ਮੰਨੀ ਜਾਂਦੀ ਹੈ, ਜਦਕਿ ਸੁਖਬੀਰ ਬਾਦਲ ਖੁਦ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣੇ ਦਾਮਨ ‘ਤੇ ਲੱਗੇ ਦਾਗਾਂ ਦੀ ਗੱਲ ਮੰਨ ਚੁੱਕੇ ਹਨ। ਇਸ ਪਿਛੋਕੜ ਵਿੱਚ ਕਈ ਵਿਸ਼ਲੇਸ਼ਕ ਮੰਨਦੇ ਹਨ ਕਿ ਲੋਕ ਸਭਾ ਦੇ ਨਤੀਜਿਆਂ ਨੂੰ ਵੇਖਦਿਆਂ ਇਯਾਲੀ ਭਵਿੱਖ ਵਿੱਚ ਬਾਦਲ ਦਲ ਲਈ ਇੱਕ ਵੱਡੀ ਚੁਣੌਤੀ ਬਣ ਸਕਦੇ ਹਨ।
ਹੁਣ ਸਵਾਲ ਇਹ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਨਵੀਂ development ਕਿਹੋ ਜਿਹਾ ਅਸਰ ਪਾ ਸਕਦੀ ਹੈ। ਇਸ ਨੂੰ ਸਮਝਣ ਲਈ ਪੰਜਾਬ ਵਿੱਚ ਹੋ ਰਹੀਆਂ ਹੋਰ ਸਿਆਸੀ ਹਲਚਲਾਂ ਨੂੰ ਵੀ ਦੇਖਣਾ ਪਵੇਗਾ। ਭਾਜਪਾ ਦਲਿਤ ਵਰਗ ਨੂੰ ਆਪਣੇ ਨਾਲ ਜੋੜਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਅਤੇ ਕਈ ਥਾਵਾਂ ‘ਤੇ ਉਸਨੂੰ ਪਹਿਲਾਂ ਨਾਲੋਂ ਵੱਧ ਹੁੰਗਾਰਾ ਵੀ ਮਿਲਦਾ ਦਿਖਾਈ ਦੇ ਰਿਹਾ ਹੈ। ਦੂਜੇ ਪਾਸੇ ਕਾਂਗਰਸ ਦੀ ਸਥਿਤੀ ਵੀ ਮਜ਼ਬੂਤ ਨਹੀਂ ਦਿਸਦੀ ਕਿਉਂਕਿ ਪੰਜਾਬ ਕਾਂਗਰਸ ਅਜੇ ਵੀ ਕਈ ਧੜਿਆਂ ਵਿੱਚ ਵੰਡੀ ਹੋਈ ਹੈ ਅਤੇ ਆਗੂਆਂ ਦੇ ਵਿਵਾਦਿਤ ਬਿਆਨਾਂ ਨੇ ਪਾਰਟੀ ਨੂੰ ਹਾਸ਼ੀਏ ‘ਤੇ ਧੱਕਿਆ ਹੋਇਆ ਹੈ।
ਜੇਕਰ ਮਨਪ੍ਰੀਤ ਸਿੰਘ ਇਯਾਲੀ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਅਕਾਲੀ ਸਿਆਸਤ ਚਾਰ ਵੱਖ-ਵੱਖ ਧੜਿਆਂ ਵਿੱਚ ਵੰਡਦੀ ਹੋਈ ਨਜ਼ਰ ਆ ਸਕਦੀ ਹੈ। ਵੱਡੇ ਧੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਵਾਰਸ ਪੰਜਾਬ ਦੇ ਹੋਣਗੇ, ਜਦਕਿ ਛੋਟੇ ਧੜਿਆਂ ਵਿੱਚ ਮਾਨ ਦਲ ਅਤੇ ਅਕਾਲੀ ਦਲ ਪੁਨਰ ਸੁਰਜੀਤ ਰਹਿ ਜਾਣਗੇ। ਇਸ ਹਾਲਾਤ ਵਿੱਚ ਅਕਾਲੀ ਵੋਟ ਬੈਂਕ ਚਾਰ ਹਿੱਸਿਆਂ ਵਿੱਚ ਵੰਡ ਸਕਦਾ ਹੈ।
ਇਸਦੇ ਨਾਲ ਹੀ ਇੱਕ ਹੋਰ ਸਿਆਸੀ ਗਣਿਤ ਵੀ ਚਰਚਾ ਵਿੱਚ ਹੈ। ਆਮ ਆਦਮੀ ਪਾਰਟੀ ਆਪਣੀ ਸਰਕਾਰ ਦੇ ਆਖਰੀ ਸਾਲ ਵਿੱਚ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਅਤੇ ਦਲਿਤ ਵਰਗ ਦੀਆਂ ਔਰਤਾਂ ਨੂੰ ਪੰਦਰਾਂ ਸੌ ਰੁਪਏ ਦੇਣ ਵਰਗੇ ਐਲਾਨ ਕਰ ਰਹੀ ਹੈ ਜੋ ਵੱਡਾ ਅਸਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪਾਉਂਦੇ ਹਨ। ਕਈ ਵਿਸ਼ਲੇਸ਼ਕ ਮੰਨਦੇ ਹਨ ਕਿ ਜੇਕਰ ਅਕਾਲੀ ਵੋਟ ਬੈਂਕ ਵੰਡਿਆ ਰਹਿੰਦਾ ਹੈ ਤਾਂ ਇਹ ਸਿੱਧਾ ਲਾਭ ਆਮ ਆਦਮੀ ਪਾਰਟੀ ਨੂੰ ਮਿਲ ਸਕਦਾ ਹੈ। ਇਸ ਹਾਲਾਤ ਵਿੱਚ ਅਕਾਲੀ ਧੜੇ ਸ਼ਾਇਦ ਸਿੱਧੀ ਜਿੱਤ ਲਈ ਨਹੀਂ ਸਗੋਂ ਦੂਜੇ ਨੰਬਰ ‘ਤੇ ਆ ਕੇ “ਅਸਲ ਅਕਾਲੀ ਦਲ” ਹੋਣ ਦੀ ਦਾਅਵੇਦਾਰੀ ਲਈ ਲੜਦੇ ਦਿਖਾਈ ਦੇ ਸਕਦੇ ਹਨ।
ਫਿਲਹਾਲ ਇਹ ਸਾਰੀਆਂ ਚਰਚਾਵਾਂ ਸਿਆਸੀ ਅਟਕਲਾਂ ਦੇ ਪੜਾਅ ਵਿੱਚ ਹਨ, ਪਰ ਇਹ ਗੱਲ ਸਾਫ਼ ਦਿਖਾਈ ਦੇ ਰਹੀ ਹੈ ਕਿ ਪੰਜਾਬ ਦੀ ਪੰਥਕ ਸਿਆਸਤ ਇੱਕ ਨਵੇਂ ਮੋੜ ‘ਤੇ ਖੜੀ ਹੈ। ਜੇਕਰ ਇਯਾਲੀ ਦੀ ਸਿਆਸੀ ਦਿਸ਼ਾ ਵਾਕਈ ਵਾਰਸ ਪੰਜਾਬ ਦੇ ਵੱਲ ਮੁੜਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸੀ ਤਸਵੀਰ ਕਾਫ਼ੀ ਬਦਲੀ ਹੋਈ ਨਜ਼ਰ ਆ ਸਕਦੀ ਹੈ। ਹਾਲਾਂਕਿ ਪੰਜਾਬ ਦੀ ਸਿਆਸਤ ਵਿੱਚ ਸਮੇਂ ਨਾਲ ਹਾਲਾਤ ਤੇਜ਼ੀ ਨਾਲ ਬਦਲਦੇ ਰਹਿੰਦੇ ਹਨ, ਇਸ ਲਈ ਅਜੇ ਹੁਣ ਤੋਂ ਕੋਈ ਅੰਤਿਮ ਨਤੀਜਾ ਕੱਢਣਾ ਜਲਦਬਾਜ਼ੀ ਹੋਵੇਗੀ। ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਮਹੀਨੇ ਪੰਜਾਬ ਦੀ ਸਿਆਸਤ ਲਈ ਕਾਫ਼ੀ ਦਿਲਚਸਪ ਅਤੇ ਫੈਸਲਾਕੁਨ ਸਾਬਤ ਹੋ ਸਕਦੇ ਹਨ।

ਕੁਲਵੰਤ ਸਿੰਘ ਗੱਗੜਪੁਰੀ