Punjab
ਕੋਵਿਡ ਟੀਕਾਕਰਨ ਦੇ 100 ਫ਼ੀਸਦੀ ਟੀਚੇ ਲਈ ਹਰ ਘਰ ਦਸਤਕ ਪ੍ਰੋਗਰਾਮ ਦਾ ਦੂਜਾ ਪੜਾਅ ਸ਼ੁਰੂ

ਪਟਿਆਲਾ, :
ਪਟਿਆਲਾ ਜ਼ਿਲ੍ਹੇ ਦੇ ਹਰੇਕ ਵਿਅਕਤੀ ਤੱਕ ਪਹੁੰਚ ਬਣਾਕੇ ਉਨ੍ਹਾਂ ਦਾ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਕਰਨ ਲਈ ਹਰ ਘਰ ਦਸਤਕ ਮੁਹਿੰਮ ਦੇ ਦੂਜੇ ਪੜਾਅ ਦੀ ਜ਼ਿਲ੍ਹੇ ‘ਚ ਸ਼ੁਰੂਆਤ ਹੋ ਚੁੱਕੀ ਹੈ, ਜੋ 31 ਜੁਲਾਈ ਤੱਕ ਚੱਲੇਗੀ। ਇਸ ਸਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਸਮੂਹ ਐਸ.ਐਮ.ਓਜ਼ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਦੇ ਹਰੇਕ ਵਿਅਕਤੀ ਤੱਕ ਪਹੁੰਚ ਬਣਾਉਣ ਲਈ ਬਣਾਏ ਐਕਸ਼ਨ ਪਲਾਨ ‘ਤੇ ਚਰਚਾ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨ ਦਾ ਇਹ ਬਿਲਕੁਲ ਢੁਕਵਾਂ ਸਮਾਂ ਹੈ। ਉਨ੍ਹਾਂ ਕਿਹਾ ਕਿ ਸਮੂਹ ਐਸ.ਐਮ.ਓਜ਼ ਯੋਜਨਾਬੱਧ ਤਰੀਕੇ ਨਾਲ ਟੀਕਾਕਰਨ ਤੋਂ ਵਾਂਝੇ ਹਰੇਕ ਵਿਅਕਤੀ ਤੱਕ ਪਹੁੰਚ ਬਣਾਉਣ ਅਤੇ ਟੀਕਾਕਰਨ ਦੀ ਅਹਿਮੀਅਤ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੇ ਮਨ ‘ਚ ਕਿਸੇ ਤਰ੍ਹਾਂ ਦਾ ਵੀ ਭਰਮ ਹੈ ਤਾਂ ਉਸਨੂੰ ਵੀ ਸਿਹਤ ਵਿਭਾਗ ਦੇ ਅਧਿਕਾਰੀ ਜਾਗਰੂਕ ਕਰਨ ਤਾਂ ਕਿ ਕੋਵਿਡ ਨਾਲ ਹੋਣ ਵਾਲੇ ਨੁਕਸਾਨ ਪ੍ਰਤੀ ਉਹ ਸੁਚੇਤ ਹੋ ਸਕਣ। ਉਨ੍ਹਾਂ 12 ਤੋਂ 14 ਸਾਲ ਉਮਰ ਵਰਗ ਅਤੇ 15 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਦੇ ਟੀਕਾਕਰਨ ਲਈ ਪ੍ਰੇਰਨਾਦਾਇਕ ਉਪਰਾਲੇ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਅਤੇ ਇਸ ਸਬੰਧੀ ਮਾਹਰਾਂ ਵੱਲੋਂ ਪ੍ਰੈਜੇਨਟੇਸ਼ਨ ਵੀ ਦਿੱਤੀ ਜਾਵੇ, ਤਾਂ ਕਿ ਹਰੇਕ ਟੀਕਾਕਰਨ ਲਈ ਯੋਗ ਬੱਚੇ ਦਾ ਟੀਕਾਕਰਨ ਕੀਤਾ ਜਾ ਸਕੇ।
ਜ਼ਿਲ੍ਹੇ ‘ਚ ਹਾਲੇ ਤੱਕ ਲਗਾਏ ਗਏ ਕੋਵਿਡ ਟੀਕਾਕਰਨ ਦੀ ਸਮੀਖਿਆ ਕਰਦਿਆ ਡਿਪਟੀ ਕਮਿਸ਼ਨਰ ਨੇ ਨਾਭਾ ਤੇ ਰਾਜਪੁਰਾ ਦੀ ਕਾਰਗੁਜ਼ਾਰੀ ਦੀ ਸਰਹਾਨਾ ਕਰਦਿਆ ਕਿਹਾ ਕਿ ਜ਼ਿਲ੍ਹੇ ਦੇ ਹੋਰਨਾਂ ਖੇਤਰਾਂ ‘ਚ ਵੀ ਟੀਕਾਕਰਨ ਦੀ ਰਫ਼ਤਾਰ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਹਰ ਘਰ ਦਸਤਕ ਮੁਹਿੰਮ ਨੂੰ ਜ਼ਿਲ੍ਹੇ ‘ਚ ਸਫਲ ਬਣਾਉਣ ਲਈ ਹਰੇਕ ਸਿਹਤ ਅਧਿਕਾਰੀ ਅਤੇ ਕਰਮਚਾਰੀ ਆਪਣੀ ਜਿੰਮੇਵਾਰੀ ਨਿਭਾਏ ਤਾਂ ਜੋ ਅਸੀ ਕੋਵਿਡ ਦੀ ਇਸ ਮਹਾਂਮਾਰੀ ਤੋਂ ਛੁਟਕਾਰਾ ਪਾ ਸਕੀਏ।
ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਾਕੇ ਟੀਕਾਕਰਨ ਕਰਵਾਉਣ ਦੀ ਅਪੀਲ ਕਰਦਿਆ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ ਜੋ ਜਾਨੀ ਨੁਕਸਾਨ ਹੋਇਆ ਹੈ ਅਜਿਹਾ ਭਵਿੱਖ ‘ਚ ਦੁਬਾਰਾ ਨਾ ਵਾਪਰੇ ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਤੇ ਆਪਣੇ ਪਰਿਵਾਰ ਦੇ ਬਚਾਅ ਲਈ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ ਤੇ ਹੋਰਨਾਂ ਨੂੰ ਜਿਨ੍ਹਾਂ ਵੱਲੋਂ ਹਾਲੇ ਤੱਕ ਟੀਕਾਕਰਨ ਨਹੀਂ ਕਰਵਾਇਆ ਗਿਆ ਹੈ, ਇਸ ਸਬੰਧੀ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਦਾ ਹਰੇਕ ਵਿਅਕਤੀ ਇਸ ਸਬੰਧੀ ਸੁਚੇਤ ਹੋਕੇ ਆਪਣੀ ਤੇ ਆਪਣੇ ਪਰਿਵਾਰ ਦੀ ਤੰਦਰੁਸਤੀ ਲਈ ਟੀਕਾਕਰਨ ਲਈ ਆਪ ਮੁਹਾਰੇ ਅੱਗੇ ਆਏ।