Amritsar
ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਰਵਾਨਾ ਹੋਈ ਸੱਤਵੀਂ ਗੱਡੀ

ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ ਵਿੱਚ ਭੇਜਣ ਦੀ ਕੀਤੀ ਪਹਿਲ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਲਗਾਤਾਰ ਪੰਜਾਬ ਭਰ ਵਿਚੋਂ ਗੱਡੀਆਂ ਉਨਾਂ ਦੇ ਸੂਬਿਆਂ ਨੂੰ ਜਾ ਰਹੀਆਂ ਹਨ। ਜਿੰਨਾ ਮਜਦੂਰਾਂ ਨੇ ਪੰਜਾਬ ਸਰਕਾਰ ਦੀ ਵੈਬ ਸਾਇਟ ਉਤੇ ਅਪਲਾਈ ਕੀਤਾ ਹੈ, ਉਨਾਂ ਨੂੰ ਮੋਬਾਈਲ ਫੋਨ ਉਤੇ ਸੰਦੇਸ਼ ਭੇਜ ਕੇ ਸੱਦਿਆ ਜਾ ਰਿਹਾ ਹੈ ਅਤੇ ਡਾਕਟਰੀ ਮੁਆਇਨਾ ਕਰਵਾ ਕੇ ਰੇਲ ਗੱਡੀ ਵਿਚ ਭੇਜਿਆ ਜਾ ਰਿਹਾ ਹੈ। ਇਸ ਲਈ ਸਾਰਾ ਖਰਚਾ ਪੰਜਾਬ ਸਰਕਾਰ ਕਰ ਰਹੀ ਹੈ।
ਅੱਜ ਇਸੇ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਤੋਂ ਸੱਤਵੀਂ ਰੇਲ ਗੱਡੀ ਅੰਬੇਦਕਰ ਨਗਰ (ਉਤਰਪ੍ਰਦੇਸ਼) ਲਈ ਰਾਵਾਨਾ ਹੋ ਗਈ। ਇਸ ਵਿਚ ਕੁੱਲ 1200 ਮੁਸਾਫਿਰ ਸਵਾਰ ਸਨ। ਸਾਰੇ ਪ੍ਰਵਾਸੀਆਂ ਦਾ ਡਾਕਟਰੀ ਮੁਆਇਨਾ ਕਰਵਾ ਕੇ ਅਤੇ ਖਾਣ ਪੀਣ ਦਾ ਸਮਾਨ ਨਾਲ ਦੇ ਕੇ ਰੇਲ ਗੱਡੀ ਵਿਚ ਚੜਾਇਆ ਗਿਆ। ਸਟੇਸ਼ਨ ਉਤੇ ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਤਹਿਸੀਲਦਾਰ ਵੀਰ ਕਰਨ ਸਿੰਘ ਅਤੇ ਨਾਇਬ ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ ਮੁਸਾਫਿਰਾਂ ਨੂੰ ਤੋਰਨ ਲਈ ਸਟੇਸ਼ਨ ਉਤੇ ਪਹੁੰਚੇ।

ਰੇਲਵੇ ਯਾਤਰਾ ਲਈ ਨਿਯੁੱਕਤ ਕੀਤੇ ਗਏ ਨੋਡਲ ਅਧਿਕਾਰੀ ਸ੍ਰੀ ਰਜਤ ਉਬਰਾਏ ਵੱਲੋਂ ਵੱਖ-ਵੱਖ ਥਾਵਾਂ ਉਤੇ ਪ੍ਰਵਾਸੀਆਂ ਦਾ ਡਾਕਟਰੀ ਮੁਆਇਨਾ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ, ਜਿਥੋਂ ਉਨਾਂ ਨੂੰ ਬੱਸਾਂ ਵਿਚ ਬਿਠਾ ਕੇ ਸਟੇਸ਼ਨ ਉਤੇ ਛੱਡਿਆ ਗਿਆ। ਇਸ ਮੌਕੇ ਰੇਲਵੇ ਵਿਭਾਗ ਦੀ ਟੀਮ ਵੱਲੋਂ ਕੁਲਜੀਤ ਸਿੰਘ ਹੁੰਦਲ ਤੇ ਹੋਰ ਸਟਾਫ ਵੀ ਪ੍ਰਵਾਸੀਆਂ ਦੀ ਸਹਾਇਤਾ ਲਈ ਹਾਜ਼ਰ ਰਿਹਾ।