Connect with us

Punjab

ਜਿਸ ਪੁੱਤ ਨੇ ਬਣਨਾ ਸੀ ਬੁਢਾਪੇ ਦਾ ਸਹਾਰਾ, ਉਸੇ ਨੇ ਹੀ ਹੱਥੀ ਖ਼ਤਮ ਕੀਤਾ ਘਰ!

Published

on

ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਇਕ ਕਲਯੁਗੀ ਪੁੱਤ ਵੱਲੋਂ ਅਜਿਹਾ ਕਾਰਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਸ ਨੇ ਮਾਂ-ਪੁੱਤ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਕੇ ਰੱਖ ਦਿੱਤਾ ਹੈ। ਇਹ ਮਾਮਲਾ ਹੁਸ਼ਿਆਰਪੁਰ ਦੇ ਮੁਹੱਲਾ ਦਸ਼ਮੇਸ਼ ਨਗਰ ਦਾ ਹੈ, ਜਿੱਥੋਂ ਦੀ ਗਲ਼ੀ ਨੰਬਰ-5 ‘ਚ ਇਕ ਕਲਯੁਗੀ ਪੁੱਤ ਨੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ।

ਜਾਣਕਾਰੀ ਦਿੰਦੇ ਹੋਏ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਫੇਰੀ ਲਗਾਉਣ ਦਾ ਕੰਮ ਕਰਦਾ ਹੈ ਤੇ ਅੱਜ ਵੀ ਰੋਜ਼ ਵਾਂਗ ਉਹ ਫੇਰੀ ਲਗਾਉਣ ਲਈ ਗਿਆ ਹੋਇਆ ਸੀ। ਇਸ ਦੌਰਾਨ ਦੁਪਹਿਰ ਕਰੀਬ 3 ਵਜੇ ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਨੂੰ ਜਿੰਦਾ ਲੱਗਿਆ ਹੋਇਆ ਸੀ।

ਉਸ ਨੇ ਜਦੋਂ ਜਿੰਦਾ ਤੋੜ ਕੇ ਘਰ ਅੰਦਰ ਵੜ ਕੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਦੀ ਪਤਨੀ ਖ਼ੂਨ ਨਾਲ ਲੱਥਪਥ ਹਾਲਤ ‘ਚ ਪਈ ਸੀ। ਜਦੋਂ ਉਸ ਨੇ ਨੇੜੇ ਜਾ ਕੇ ਦੇਖਿਆ ਤੇ ਜਾਂਚ ਕੀਤੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਮਗਰੋਂ ਗੁਰਦੇਵ ਸਿੰਘ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਤੇ ਪੁਲਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਗੁਰਦੇਵ ਸਿੰਘ ਨੇ ਅੱਗੇ ਦੱਸਿਆ ਕਿ ਉਸ ਦੀ ਪਤਨੀ ਦਾ ਕਤਲ ਉਸ ਦੇ ਪੁੱਤ ਸੋਨੂੰ ਨੇ ਹੀ ਕੀਤਾ ਹੈ। ਉਸ ਨੇ ਦੱਸਿਆ ਕਿ ਸੋਨੂੰ ਦਿਮਾਗੀ ਤੌਰ ‘ਤੇ ਪਰੇਸ਼ਾਨ ਹੈ। ਉਹ ਵਾਰਦਾਤ ਨੂੰ ਅੰਜਾਮ ਦੇ ਕੇ ਘਰੋਂ ਫਰਾਰ ਹੋ ਗਿਆ ਹੈ। ਪੁਲਸ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।