Punjab
ਪੁੱਤਰ ਨੇ ਬੇਰਹਿਮੀ ਨਾਲ ਲਈ ਮਾਂ ਦੀ ਜਾਨ, ਕਹੀ ਨਾਲ ਕੀਤਾ ਹਮਲਾ

ਸੁਨਾਮ ਦੇ ਲੌਂਗੋਵਾਲ ਨੇੜਲੇ ਪਿੰਡ ਮੰਡੇਰ ਕਲਾਂ ਵਿੱਚ ਇੱਕ ਪੁੱਤਰ ਨੇ ਆਪਣੀ ਮਾਂ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ। ਮੁਲਜ਼ਮ ਦਾ ਕੁਝ ਸਮਾਂ ਪਹਿਲਾਂ ਤਲਾਕ ਹੋ ਗਿਆ ਸੀ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਅਮਰਜੀਤ ਕੌਰ (60) ਆਪਣੇ ਘਰ ‘ਚ ਪਈ ਸੀ ਜਦੋਂ ਉਸ ਦੇ ਲੜਕੇ ਗੁਰਦੀਪ ਸਿੰਘ (35) ਨੇ ਉਸ ‘ਤੇ ਕਹੀ ਨਾਲ ਲਗਾਤਾਰ ਹਮਲਾ ਕੀਤਾ, ਜਿਸ ਕਾਰਨ ਅਮਰਜੀਤ ਕੌਰ ਦੀ ਮੌਤ ਹੋ ਗਈ। ਪਿੰਡ ਵਾਸੀਆਂ ਅਨੁਸਾਰ ਗੁਰਦੀਪ ਸਿੰਘ ਬਹੁਤ ਗੁੱਸੇ ਵਾਲਾ ਸੁਭਾਅ ਦਾ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਆਪਣੇ ਇੱਕ ਗੁਆਂਢੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ।
ਮ੍ਰਿਤਕ ਅਮਰਜੀਤ ਕੌਰ ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਚਾਚਾ ਦੀ ਬੇਟੀ ਸੀ। ਐਸਐਚਓ ਬਲਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦਾ ਕੁਝ ਸਾਲ ਪਹਿਲਾਂ ਤਲਾਕ ਹੋ ਗਿਆ ਸੀ ਅਤੇ ਹੁਣ ਉਹ ਆਪਣੇ ਮਾਤਾ-ਪਿਤਾ ਅਤੇ ਵਿਆਹੀ ਹੋਈ ਭੈਣ ਨਾਲ ਰਹਿ ਰਿਹਾ ਸੀ। ਘਟਨਾ ਦੇ ਸਮੇਂ ਕਾਤਲ ਦੀ ਭੈਣ ਘਰ ਤੋਂ ਬਾਹਰ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਭੈਣ ਨੂੰ ਘਰ ਬੁਲਾਇਆ। ਸੂਤਰਾਂ ਅਨੁਸਾਰ ਗੁਰਦੀਪ ਸਿੰਘ ਆਪਣੇ ਬੇਕਾਬੂ ਸੁਭਾਅ ਕਾਰਨ ਕਈ ਵਾਰ ਮਨੋਰੋਗ ਕੇਂਦਰ ਵਿੱਚ ਦਾਖ਼ਲ ਹੋ ਚੁੱਕਾ ਹੈ।