Jalandhar
ਜਲੰਧਰ ‘ਚ ਹਾਰਡਵੇਅਰ ਦੀਆਂ ਦੋ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ

ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਚੋਰਾਂ ਨੇ ਫਿਰ ਤੋਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਚੋਰੀ ਦੀਆਂ ਵਾਰਦਾਤਾਂ ਵਿਚ ਕਾਫੀ ਕਮੀ ਆਈ ਸੀ। ਪਰ ਹੁਣ ਫਿਰ ਚੋਰ ਹਰਕਤ ਵਿਚ ਆ ਗਏ ਹਨ ਅਤੇ ਬੀਤੀ ਰਾਤ ਥਾਣਾ ਨੰ ਦੋ ਦੇ ਇਲਾਕੇ ਵਿੱਚ ਪੈਂਦੇ ਵਰਕਸ਼ਾਪ ਚੌਕ ਲਾਗੇ ਸਥਿਤ ਦੋ ਹਾਰਡਵੇਅਰ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਨੇ ਦੁਕਾਨਾਂ ਦੇ ਤਾਲੇ ਭੰਨ ਕੇ ਦੁਕਾਨਾਂ ਅੰਦਰੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਚੋਰੀ ਦੀਆਂ ਉਕਤ ਘਟਨਾਵਾਂ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਜਿਸ ਦੇ ਆਧਾਰ ਤੇ ਪੁਲਿਸ ਚੋਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
ਹਾਰਡਵੇਅਰ ਗੈਲਰੀ ਵਰਕਸ਼ਾਪ ਚੌਕ ਦੇ ਮਾਲਿਕ ਹਰਜੋਤ ਅਰੋੜਾ ਵਾਸੀ ਜੈਨ ਕਾਲੋਨੀ ਨੇ ਦੱਸਿਆ ਕਿ ਬੁੱਧਵਾਰ ਰਾਤ ਸਾਢੇ ਅੱਠ ਵਜੇ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਵੀਰਵਾਰ ਸਵੇਰੇ ਜਦ ਉਹ ਦੁਕਾਨ ਖੋਲ੍ਹਣ ਆਏ ਤਾਂ ਦੁਕਾਨ ਦੇ ਤਾਲੇ ਟੁੱਟੇ ਪਏ ਸਨ। ਦੁਕਾਨ ਦਾ ਸ਼ਟਰ ਉਤਾਂਹ ਚੁੱਕ ਕੇ ਜਦ ਉਹ ਦੁਕਾਨ ਅੰਦਰ ਗਏ ਤਾਂ ਅੰਦਰ ਕਾਫੀ ਸਾਮਾਨ ਖਿੱਲਰਿਆ ਪਿਆ ਸੀ ਅਤੇ ਉਨ੍ਹਾਂ ਦੀ ਦੁਕਾਨ ਦੇ ਤਾਲੇ ਟੁੱਟੇ ਪਏ ਸਨ। ਚੋਰ ਦੁਕਾਨ ਦੇ ਗੱਲੇ ਵਿਚੋਂ 25 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਹਨ। ਹਰਜੋਤ ਨੇ ਦੱਸਿਆ ਕਿ ਜਦ ਉਸ ਨੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਵਿੱਚ ਇੱਕ ਨੌਜਵਾਨ ਉਕਤ ਘਟਨਾ ਨੂੰ ਅੰਜਾਮ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ।
ਇਸ ਤੋਂ ਇਲਾਵਾ ਇਸ ਦੇ ਨਾਲ ਲੱਗਦੀ ਓਮ ਹਾਰਡਵੇਅਰ ਦੀ ਦੁਕਾਨ ਦੇ ਵੀ ਤਾਲੇ ਭੰਨ ਕੇ ਚੋਰਾਂ ਨੇ ਦੁਕਾਨ ਅੰਦਰੋਂ 55 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ । ਉਕਤ ਘਟਨਾ ਵੀਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿਚ ਦੋ ਨੌਜਵਾਨ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ 2 ਦੀ ਪੁਲੀਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ਹੈ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ਤੇ ਚੋਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ।