National
ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਕਾਰ ਲੈ ਕੇ ਐਮਰਜੈਂਸੀ ਵਾਰਡ ‘ਚ ਹੋਈ ਦਾਖਲ- ਜਾਣੋ ਪੂਰਾ ਮਾਮਲਾ
UTTARAKHAND : ਰਿਸ਼ੀਕੇਸ਼ ਏਮਜ਼ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਮਰੀਜ਼ਾਂ ਦੇ ਵਿਚਕਾਰ ਕਾਰ ਲੈ ਕੇ ਐਮਰਜੈਂਸੀ ਵਾਰਡ ਵਿੱਚ ਦਾਖਲ ਹੋਈ। ਦਰਅਸਲ ਮਹਿਲਾ ਡਾਕਟਰ ਨਾਲ ਛੇੜਛਾੜ ਤੋਂ ਬਾਅਦ ਇੱਥੇ ਹੰਗਾਮਾ ਹੋ ਗਿਆ ਸੀ । ਸ਼ਿਕਾਇਤ ਮਿਲਣ ‘ਤੇ ਪੁਲਸ ਹਸਪਤਾਲ ਪਹੁੰਚੀ। ਮੁਲਜ਼ਮਾਂ ਨੂੰ ਫੜਨ ਲਈ ਪੁਲੀਸ ਕਾਰ ਲੈ ਕੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਹੋ ਗਈ। ਹਸਪਤਾਲ ਦੇ ਵਾਰਡ ‘ਚ ਮਰੀਜ਼ਾਂ ਨੂੰ ਲੈ ਕੇ ਪੁਲਿਸ ਦੀ ਕਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਕੀ ਹੈ ਮਾਮਲਾ
ਜਾਣਕਾਰੀ ਮੁਤਾਬਕ 19 ਮਈ ਦੀ ਸ਼ਾਮ ਨੂੰ ਏਮਜ਼ ਰਿਸ਼ੀਕੇਸ਼ ਦੇ ਆਪਰੇਸ਼ਨ ਥੀਏਟਰ ‘ਚ ਸਰਜਰੀ ਚੱਲ ਰਹੀ ਸੀ। ਇਸੇ ਦੌਰਾਨ ਸਰਜਰੀ ਵਿਭਾਗ ਵਿੱਚ ਤਾਇਨਾਤ ਮਹਿਲਾ ਡਾਕਟਰ ਨਾਲ ਨਰਸਿੰਗ ਅਫਸਰ ਸਤੀਸ਼ ਕੁਮਾਰ ਨੇ ਛੇੜਛਾੜ ਕੀਤੀ।
ਘਟਨਾ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਡਾਕਟਰ ਨੇ 21 ਮਈ ਨੂੰ ਕੋਤਵਾਲੀ ਰਿਸ਼ੀਕੇਸ਼ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ 19 ਮਈ ਨੂੰ ਟਰਾਮਾ ਓਟੀ ਕੰਪਲੈਕਸ ਏਮਜ਼ ਵਿਖੇ ਨਰਸਿੰਗ ਅਫ਼ਸਰ ਸਤੀਸ਼ ਕੁਮਾਰ ਨੇ ਉਸ ਨੂੰ ਸਰੀਰਕ ਤੌਰ ‘ਤੇ ਪ੍ਰੇਸ਼ਾਨ ਕੀਤਾ ਅਤੇ ਧਮਕੀਆਂ ਦਿੱਤੀਆਂ |
ਡਾਕਟਰਾਂ ਨੇ ਕੀਤੀ ਹੜਤਾਲ
ਇਸ ਮਾਮਲੇ ਦਾ ਵਿਰੋਧ ਕਰਦੇ ਹੋਏ ਹਸਪਤਾਲ ਦੇ ਡਾਕਟਰਾਂ ਨੇ ਹੜਤਾਲ ਕਰ ਦਿੱਤੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਏਮਜ਼ ਦੇ ਡਾਕਟਰਾਂ ਨੇ ਡੀਨ ਦਫ਼ਤਰ ਦਾ ਘਿਰਾਓ ਵੀ ਕੀਤਾ। ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਮੁਲਜ਼ਮ ਨਰਸਿੰਗ ਅਧਿਕਾਰੀ ਸਤੀਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਦੋਸ਼ੀ ਨੂੰ ਗ੍ਰਿਫਤਾਰ ਕਰਨ ਹਸਪਤਾਲ ਪਹੁੰਚੀ। ਇਸ ਦੌਰਾਨ ਮੁਲਜ਼ਮ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਗ੍ਰਿਫ਼ਤਾਰ ਕੀਤਾ ਗਿਆ। ਸਥਿਤੀ ਨੂੰ ਦੇਖਦੇ ਹੋਏ ਪੁਲਸ ਨੇ ਐਮਰਜੈਂਸੀ ਵਾਰਡ ਦੇ ਅੰਦਰ ਪਏ ਮਰੀਜ਼ਾਂ ਵਿਚਕਾਰ ਜੀਪ ਨੂੰ ਭਜਾ ਦਿੱਤਾ। ਇਸ ਦੌਰਾਨ ਸੁਰੱਖਿਆ ਗਾਰਡ ਆਪਣੀਆਂ ਸੀਟੀਆਂ ਵਜਾ ਕੇ ਮਰੀਜ਼ਾਂ ਦੇ ਸਟਰੈਚਰ ਹਟਾਉਂਦੇ ਰਹੇ। ਵਾਰਡ ਵਿੱਚ ਪੁਲੀਸ ਦੀ ਜੀਪ ਨੂੰ ਦੇਖ ਕੇ ਮਰੀਜ਼ ਵੀ ਹੈਰਾਨ ਰਹਿ ਗਏ।
ਜਾਣਕਾਰੀ ਮੁਤਾਬਕ ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਨਰਸਿੰਗ ਅਫਸਰ ਸਤੀਸ਼ ਕੁਮਾਰ ਮੂਲ ਰੂਪ ਤੋਂ ਰਾਜਸਥਾਨ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਤਰਾਖੰਡ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਕੁਸੁਮ ਕੰਡਵਾਲ ਨੇ ਵੀ ਘਟਨਾ ਨੂੰ ਲੈ ਕੇ ਏਮਜ਼ ਪ੍ਰਸ਼ਾਸਨ ਨਾਲ ਮੁਲਾਕਾਤ ਕੀਤੀ ਸੀ ਅਤੇ ਮਾਮਲੇ ਦੀ ਜਾਂਚ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ।