Connect with us

India

ਅੱਜ ਹੈ ਅੰਤਰਰਾਸ਼ਟਰੀ ਮਹਿਲਾ ਦਿਵਸ, ਮਹਿਲਾ ਦਿਵਸ ਮਨਾਉਣ ਦੀ ਕਿਉਂ ਪਈ ਸੀ ਲੋੜ ?

Published

on

ਮਹਿਲਾ ਦਿਵਸ ਔਰਤਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ। ਇਹ ਦਿਨ ਅੰਤਰਰਾਸ਼ਟਰੀ ਪੱਧਰ ‘ਤੇ ਔਰਤਾਂ ਦੀ ਸਫਲਤਾ, ਦ੍ਰਿੜਤਾ, ਸ਼ਕਤੀਕਰਨ ਤੇ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਜਾਂਦਾ ਹੈ।


ਅੰਤਰਰਾਸ਼ਟਰੀ ਮਹਿਲਾ ਦਿਵਸ ਇਸ ਧਰਤੀ ‘ਤੇ ਮੌਜੂਦ ਹਰ ਔਰਤ ਦੇ ਸਨਮਾਨ ਨਾਲ ਜੁੜਿਆ ਹੋਇਆ ਹੈ। ਔਰਤਾਂ ਤੋਂ ਬਿਨਾਂ ਕੋਈ ਜੀਵਨ ਨਹੀਂ ਹੈ, ਇਸੇ ਲਈ ਔਰਤਾਂ ਦੇ ਸਨਮਾਨ ਵਿੱਚ ਸਾਹਿਤਕਾਰਾਂ ਨੇ ਬਹੁਤ ਕੁਝ ਕਿਹਾ ਹੈ। ਔਰਤ ਨੇ ਹਰ ਖੇਤਰ ’ਚ ਸਮਾਜ ਨੂੰ ਵਿਕਸਤ ਕਰਨ ਲਈ ਮਰਦ ਦੀ ਮਦਦ ਹੀ ਨਹੀਂ ਕੀਤੀ ਬਲਕਿ ਬਹੁਤ ਸਾਰੀਆਂ ਔਰਤਾਂ ਪ੍ਰੇਰਨਾ ਸਰੋਤ ਵੀ ਰਹੀਆਂ ਹਨ। ਵਰਤਮਾਨ ਸਮੇਂ ’ਚ ਔਰਤਾਂ ਸਿਰਫ਼ ਘਰ ਦੀ ਜ਼ਿੰਮੇਵਾਰੀ ਹੀ ਨਹੀਂ ਬਲਕਿ ਆਰਥਿਕ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾ ਰਹੀਆਂ ਹਨ।

ਇਤਿਹਾਸ ਵਿੱਚ ਝਾਤ ਮਾਰੀਏ ਤਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਸ਼ੁਰੂਆਤ ਇੱਕ ਸਦੀ ਪਹਿਲਾਂ ਭਾਵ ਵੀਹਵੀਂ ਸਦੀ ‘ਚ ਇੱਕ ਸਮਾਜਵਾਦੀ ਲਹਿਰ ਰਾਹੀਂ ਹੋਈ ਸੀ ਜਿਸ ਦੀ ਨੀਂਹ ਉੱਤਰੀ ਅਮਰੀਕਾ ਤੇ ਯੂਰਪ ਦੀ ਮਜ਼ਦੂਰ ਲਹਿਰ ਨੇ ਰੱਖੀ ਸੀ। ਇਹ ਅੰਦੋਲਨ ਔਰਤਾਂ ਦੇ ਹੱਕਾਂ ਲਈ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਕਈ ਮਹੱਤਵਪੂਰਨ ਅੰਦੋਲਨਾਂ ਵਿੱਚੋਂ ਇੱਕ ਹੈ। ਪਹਿਲਾ ਮਹਿਲਾ ਦਿਵਸ ਅਮਰੀਕਾ ਵਿੱਚ 28 ਫਰਵਰੀ 1909 ਨੂੰ ਮਨਾਇਆ ਗਿਆ ਸੀ। ਇਹ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਦੁਆਰਾ 1908 ਵਿੱਚ ਨਿਊਯਾਰਕ ਵਿੱਚ ਹੋਈ ਗਾਰਮੈਂਟ ਹੜਤਾਲ ਦੀ ਯਾਦ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਰੋਸ ਵਿੱਚ ਔਰਤਾਂ ਨੇ ਕੰਮਕਾਜ ਦੇ ਮਾੜੇ ਹਾਲਾਤਾਂ ਕਾਰਨ ਹੜਤਾਲ ਕੀਤੀ ਸੀ। ਹਜ਼ਾਰਾਂ ਔਰਤਾਂ ਕਈ ਘੰਟਿਆਂ ਤੱਕ ਬਿਹਤਰ ਤਨਖਾਹ, ਸਨਮਾਨ ਅਤੇ ਸਮਾਨਤਾ ਦੇ ਅਧਿਕਾਰ ਦੀ ਮੰਗ ਕਰਨ ਲਈ ਨਿਊਯਾਰਕ ਦੀਆਂ ਸੜਕਾਂ ’ਤੇ ਉਤਰ ਕੇ ਪਰੇਡ ਕੀਤੀ ਸੀ।

ਇਸ ਤੋਂ ਇੱਕ ਸਾਲ ਬਾਅਦ, ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਪਹਿਲਾ ਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਐਲਾਨ ਕੀਤਾ। ਇਸ ਨੂੰ ਅੰਤਰਰਾਸ਼ਟਰੀ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਕਲਾਰਾ ਜੇਟਕਿਨ ਨਾਂ ਦੀ ਔਰਤ ਦੇ ਦਿਮਾਗ ਵਿੱਚ ਆਇਆ ਸੀ। 1910 ਵਿੱਚ, ਕਲਾਰਾ ਜੇਟਕਿਨ ਨੇ ਕੋਪਨਹੇਗਨ, ਡੈਨਮਾਰਕ ਵਿੱਚ ਅੰਤਰਰਾਸ਼ਟਰੀ ਮਹਿਲਾ ਸੰਮੇਲਨ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ ਸੀ। ਇਸ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਇਸ ਪ੍ਰਸਤਾਵ ਤੋਂ ਬਾਅਦ 1911 ਵਿੱਚ ਯੂਰਪ ਦੇ ਕਈ ਦੇਸ਼ਾਂ ਵਿੱਚ ਪਹਿਲਾ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ, ਜਿਸ ਵਿੱਚ ਲੱਖਾਂ ਪ੍ਰਤੀਭਾਗੀਆਂ ਨੇ ਔਰਤਾਂ ਦੇ ਅਧਿਕਾਰਾਂ ਲਈ ਆਵਾਜ਼ ਉਠਾਈ।

ਉਸ ਦਿਨ ਤੋਂ ਲੈ ਕੇ ਅੱਜ ਤੱਕ ਔਰਤਾਂ ਦੇ ਅਧਿਕਾਰਾਂ ਤੇ ਸਵੈ-ਮਾਣ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਅਤੇ ਉਦੋਂ ਤੋਂ ਹਰ ਸਾਲ ਵਿਸ਼ਵ ਭਰ ਵਿੱਚ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਹਾਲਾਂਕਿ, ਸੰਯੁਕਤ ਰਾਸ਼ਟਰ ਨੇ 1975 ਵਿੱਚ ਇਸ ਦਿਨ ਨੂੰ ਮਨਾਉਣਾ ਸ਼ੁਰੂ ਕੀਤਾ ਅਤੇ ਦੋ ਸਾਲ ਬਾਅਦ 1977 ਵਿੱਚ, ਸੰਯੁਕਤ ਰਾਸ਼ਟਰ ਮਹਾਸਭਾ ਨੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਘੋਸ਼ਿਤ ਕੀਤਾ। ਇਸ ਤਰ੍ਹਾਂ ਮਹਿਲਾ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ।

ਜੇਕਰ ਅੱਜ ਦੇ ਸਮੇਂ ਵਿੱਚ ਵਿਚਾਰ ਕਰੀਏ ਤਾਂ ਪਤਾ ਲੱਗਦਾ ਹੈ ਕਿ ਅੱਜ ਔਰਤਾਂ ਮਰਦਾਂ ਨਾਲੋਂ ਕਿਤੇ ਅੱਗੇ ਨਿਕਲ ਗਈਆਂ ਹਨ। ਜਦੋਂ ਵੀ ਔਰਤਾਂ ਨੂੰ ਮੌਕਾ ਦਿੱਤਾ ਗਿਆ ਤਾਂ ਉਨ੍ਹਾਂ ਨੇ ਪੂਰੀ ਦੁਨੀਆ ਨੂੰ ਦੱਸਿਆ ਕਿ ਉਹ ਨਾ ਸਿਰਫ਼ ਮਰਦਾਂ ਦੇ ਬਰਾਬਰ ਹਨ, ਸਗੋਂ ਕਈ ਮੌਕਿਆਂ ’ਤੇ ਉਹ ਉਨ੍ਹਾਂ ਤੋਂ ਕਈ ਗੁਣਾ ਬਿਹਤਰ ਸਾਬਤ ਹੋਈਆਂ ਹਨ। ਅੱਜ ਔਰਤਾਂ ਵਿਸ਼ਵ ਪੱਧਰ ’ਤੇ ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ। ਅੱਜ ਦੇ ਸਮੇਂ ਵਿੱਚ ਉਹ ਦਿਨ ਦੂਰ ਹੋ ਗਏ ਜਦੋਂ ਔਰਤਾਂ ਘਰ ਦੀ ਚਾਰ ਦੀਵਾਰੀ ਵਿੱਚ ਕੈਦ ਹੋ ਜਾਂਦੀਆਂ ਸਨ। ਹੁਣ ਔਰਤਾਂ ਹਰ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਵੱਡੀਆਂ ਮੱਲਾਂ ਵੀ ਮਾਰ ਰਹੀਆਂ ਹਨ।