India
ਅੱਜ ਹੈ ਲਤਾ ਮੰਗੇਸ਼ਕਰ ਜੀ ਦਾ ਜਨਮਦਿਨ, 13 ਸਾਲ ਦੀ ਉਮਰ ‘ਚ ਸ਼ੁਰੂ ਕੀਤਾ ਸੀ ਗਾਉਣਾ
ਸਵਰਨ ਕੋਕਿਲਾ ਦੇ ਨਾਂ ਨਾਲ ਦੁਨੀਆ ਭਰ ‘ਚ ਮਸ਼ਹੂਰ ਲਤਾ ਮੰਗੇਸ਼ਕਰ ਜੇਕਰ ਅੱਜ ਇਸ ਦੁਨੀਆ ‘ਚ ਹੁੰਦੀ ਤਾਂ ਉਨ੍ਹਾਂ ਆਪਣਾ 94ਵਾਂ ਜਨਮਦਿਨ ਮਨਾਇਆ ਹੁੰਦਾ। ਆਪਣੀ ਵਿਲੱਖਣ ਆਵਾਜ਼ ਨਾਲ, ਲਤਾ ਮੰਗੇਸ਼ਕਰ ਨੇ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ।
ਲਤਾ ਮੰਗੇਸ਼ਕਰ ਦਾ ਜਨਮ
ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ 1929 ਨੂੰ ਇੱਕ ਮਰਾਠੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦੀਨਾਨਾਥ ਮੰਗੇਸ਼ਕਰ ਇੱਕ ਥੀਏਟਰ ਕੰਪੋਜ਼ਰ ਅਤੇ ਕਲਾਸੀਕਲ ਗਾਇਕ ਸਨ। ਲਤਾ ਦੇ ਘਰ ਵਿੱਚ ਜਨਮ ਤੋਂ ਹੀ ਸੰਗੀਤ ਦਾ ਮਾਹੌਲ ਸੀ। ਇਸ ਆਧਾਰ ‘ਤੇ ਲਤਾ ਮੰਗੇਸ਼ਕਰ ਨੇ ਖੁਦ ਇਕ ਵੱਡੇ ਮੰਚ ‘ਤੇ ਖੁੱਲ੍ਹ ਕੇ ਗੱਲ ਕੀਤੀ ਸੀ ਕਿ ਉਹ ਕਿਸ ਤਰ੍ਹਾਂ ਗੁਪਤ ਅਭਿਆਸ ਕਰਦੀ ਸੀ। ਲਗਭਗ 70 ਸਾਲਾਂ ਤੱਕ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਨਾਲ ਹਿੰਦੀ ਸਿਨੇਮਾ ਜਗਤ ਨੂੰ ਮੋਹਿਤ ਰੱਖਿਆ।
ਦੱਸ ਦਈਏ ਕਿ ਲਤਾ ਮੰਗੇਸ਼ਕਰ ਨੇ ਆਪਣੀ ਜ਼ਿੰਦਗੀ ਨੂੰ ਸੰਗੀਤ ਨੂੰ ਸਮਰਪਿਤ ਕੀਤਾ ਸੀ ਅਤੇ ਇਸੇ ਸੰਗੀਤ ਦੀ ਬਦੌਲਤ ਉਨ੍ਹਾਂ ਨੂੰ ਪੂਰੀ ਦੁਨੀਆ ‘ਚ ਜਾਣਿਆ ਜਾਂਦਾ ਸੀ । ਲਤਾ ਮੰਗੇਸ਼ਕਰ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਅਤੇ ਉਨ੍ਹਾਂ ਦੀ ਭੈਣ ਆਸ਼ਾ ਭੌਂਸਲੇ ਵੀ ਸੰਗੀਤ ਦੀ ਦੁਨੀਆ ‘ਚ ਸਰਗਰਮ ਹੈ ।ਲਗਭਗ 6 ਦਹਾਕਿਆਂ ਤੱਕ ਫ਼ਿਲਮੀ ਅਤੇ ਗੈਰ-ਫ਼ਿਲਮੀ ਗੀਤ ਗਾਉਣ ਵਾਲੀ ਲਤਾ ਨੇ 30 ਤੋਂ ਵੱਧ ਭਾਸ਼ਾਵਾਂ ਵਿੱਚ ਗੀਤਾਂ ਨੂੰ ਆਵਾਜ਼ ਦਿੱਤੀ ਅਤੇ ਲਗਭਗ 30 ਹਜ਼ਾਰ ਤੋਂ ਵੱਧ ਗੀਤ ਰਿਕਾਰਡ ਕੀਤੇ ਹਨ। ਆਪਣੀ ਜ਼ਿੰਦਗੀ ਨੂੰ ਸੰਗੀਤ ਨੂੰ ਸਮਰਪਿਤ ਕਰਨ ਵਾਲੀ ਗਾਇਕਾ ਲਤਾ ਮੰਗੇਸ਼ਕਰ ਸੁਰ ਕੋਕਿਲਾ ਦੇ ਨਾਂਅ ਨਾਲ ਮਸ਼ਹੂਰ ਸੀ । ਉਨ੍ਹਾਂ ਨੇ ਆਪਣੀ ਗੀਤਾਂ ਦੇ ਨਾਲ ਹਰ ਕਿਸੇ ਦਾ ਮਨ ਮੋਹਿਆ । ਸੰਗੀਤ ‘ਚ ਉਨ੍ਹਾਂ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ।