Punjab
ਤੀਹਰਾ ਕਤਲ ਕੇਸ: ਮੁੱਖ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਕੀਤੇ ਵੱਡੇ ਖੁਲਾਸੇ

ਖਰੜ15 ਅਕਤੂਬਰ 2023 : ਖਰੜ ਸਥਿਤ ਗਲੋਬਲ ਸਿਟੀ ਅੰਦਰ ਹੋਏ ਤੀਹਰੇ ਕਤਲ ਕਾਂਡ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਇਸ ਘਿਨੌਣੇ ਕਤਲ ਕਾਂਡ ਦੇ ਮੁੱਖ ਮੁਲਜ਼ਮ ਲਖਵੀਰ ਸਿੰਘ ਲੱਖਾ ਨੇ ਪੁੱਛਗਿੱਛ ਦੌਰਾਨ ਪੁਲੀਸ ਨੂੰ ਕਈ ਅਹਿਮ ਖੁਲਾਸੇ ਕੀਤੇ ਹਨ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਦੋਸ਼ੀ ਲੱਖਾ ਅਤੇ ਉਸ ਦਾ ਭਗੌੜਾ ਸਾਥੀ ਰਾਮ ਸਵਰੂਪ ਉਰਫ ਗੁਰਪ੍ਰੀਤ ਸਿੰਘ ਬੰਟੀ ਅਪਰਾਧਿਕ ਕਿਸਮ ਦਾ ਹੈ।
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਪਿਛਲੇ ਸਾਲ ਜਦੋਂ ਉਸ ਦਾ ਭਰਾ ਸਤਵੀਰ ਸਿੰਘ ਗਲੋਬਲ ਸਿਟੀ ਖਰੜ ਵਿੱਚ ਮਕਾਨ ਬਣਾ ਰਿਹਾ ਸੀ ਤਾਂ ਉਹ ਘਰੋਂ 18 ਲੱਖ ਰੁਪਏ ਲੈ ਗਿਆ ਸੀ।’ਤੇ ਉਹ ਪੈਸੇ ਚੋਰੀ ਹੋ ਗਏ ਸਨ । ਘਰ ‘ਚੋਂ ਇੰਨੀ ਵੱਡੀ ਰਕਮ ਗਾਇਬ ਹੋਣ ਦਾ ਪਤਾ ਚੱਲਦੇ ਹੀ ਪਰਿਵਾਰ ਨੇ ਪਹਿਲਾਂ ਤਾਂ ਆਪਣੇ ਪੱਧਰ ‘ਤੇ ਇਸ ਦੀ ਜਾਂਚ ਜਾਰੀ ਰੱਖੀ ਪਰ ਕੋਈ ਸੁਰਾਗ ਨਾ ਮਿਲਣ ‘ਤੇ ਪੁਲਸ ਨੂੰ ਸ਼ਿਕਾਇਤ ਕੀਤੀ। ਇਸ ਨਾਲ ਲਖਵੀਰ ਸਿੰਘ ਡਰ ਗਿਆ, ਜਿਸ ਕਾਰਨ ਉਸ ਨੇ ਆਪਣੇ ਪਰਿਵਾਰ ਦੇ ਸਾਹਮਣੇ ਹੀ ਚੋਰੀ ਦੀ ਗੱਲ ਕਬੂਲ ਕਰ ਲਈ। ਉਸ ਨੇ ਦੱਸਿਆ ਕਿ ਉਸ ਨੇ ਖਰੜ ਵਿੱਚ ਕਿਰਾਏ ’ਤੇ ਕਮਰਾ ਲਿਆ ਹੋਇਆ ਹੈ ਅਤੇ ਉਸ ਨੇ ਉੱਥੇ ਪੈਸੇ ਛੁਪਾ ਲਏ ਹਨ।
ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ’ਤੇ ਦਬਾਅ ਪਾਇਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਸ ਰਕਮ ਵਿੱਚੋਂ ਡੇਢ ਲੱਖ ਰੁਪਏ ਦਾ ਮੋਬਾਈਲ ਫੋਨ ਪਹਿਲਾਂ ਹੀ ਖਰੀਦਿਆ ਸੀ। ਇਸ ਤਰ੍ਹਾਂ ਉਸ ਨੇ ਬਾਕੀ ਰਕਮ ਆਪਣੇ ਪਰਿਵਾਰ ਨੂੰ ਵਾਪਸ ਕਰ ਦਿੱਤੀ। ਉਸ ਦੀ ਇਸ ਹਰਕਤ ਕਾਰਨ ਉਸ ਦੇ ਮਾਤਾ-ਪਿਤਾ, ਭਰਾ ਸਤਵੀਰ ਸਿੰਘ ਅਤੇ ਭਰਜਾਈ ਅਮਨਦੀਪ ਕੌਰ ਕਾਫੀ ਪਰੇਸ਼ਾਨ ਸਨ। ਕਿਉਂਕਿ ਇਸ ਸਮੇਂ ਦੌਰਾਨ ਲਖਬੀਰ ਸਿੰਘ ਸ਼ਰਾਬ ਪੀਣ ਦਾ ਆਦੀ ਹੋ ਚੁੱਕਾ ਸੀ ਅਤੇ ਪਰਿਵਾਰਕ ਮੈਂਬਰਾਂ ਦੇ ਕਹਿਣ ‘ਤੇ ਵੀ ਕੋਈ ਕੰਮ ਕਰਨ ਲਈ ਰਾਜ਼ੀ ਨਹੀਂ ਹੋ ਰਿਹਾ ਸੀ।