Amritsar
ਅੰਮ੍ਰਿਤਸਰ ਤੋਂ ਪ੍ਰਵਾਸੀਆਂ ਨੂੰ ਲੈ ਕੇ ਦੋ ਰੇਲ ਗੱਡੀਆਂ ਰਵਾਨਾ
ਅੰਮ੍ਰਿਤਸਰ, 17 ਮਈ (ਮਲਕੀਤ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਸੰਕਟ ਦੇ ਚੱਲਦੇ ਪੰਜਾਬ ਵਿਚ ਫਸੇ ਪ੍ਰਵਾਸੀਆਂ ਨੂੰ ਉਨਾਂ ਦੇ ਘਰ ਭੇਜਣ ਲਈ ਕੀਤੇ ਵਿਸ਼ੇਸ਼ ਉਪਰਾਲੇ ਤਹਿਤ ਅੰਮ੍ਰਿਤਸਰ ਤੋਂ ਗਵਾਂਢੀ ਰਾਜਾਂ ਨੂੰ ਵਿਸ਼ੇਸ਼ ਰੇਲ ਗੱਡੀਆਂ ਜਾਣ ਦਾ ਸਿਲਸਿਲਾ ਜਾਰੀ ਹੈ। ਜਿਲ੍ਹਾ ਪ੍ਰਸ਼ਾਸਨ ਕੋਲ ਜਿੰਨਾ ਪ੍ਰਵਾਸੀਆਂ ਨੇ ਆਪਣੇ ਘਰਾਂ ਨੂੰ ਜਾਣ ਲਈ ਅਪਲਾਈ ਕੀਤਾ ਸੀ, ਉਹ ਆਪਣੇ ਘਰਾਂ ਨੂੰ ਜਾ ਰਹੇ ਹਨ। ਅੱਜ ਇਸੇ ਤਹਿਤ ਅੰਮ੍ਰਿਤਸਰ ਵਿਚੋਂ ਦੋ ਰੇਲ ਗੱਡੀਆਂ ਪ੍ਰਵਾਸੀਆਂ ਨੂੰ ਲੈ ਕੇ ਗਈਆਂ, ਜਿੰਨਾ ਵਿਚੋਂ ਇਕ ਗੱਡੀ ਬਸਤੀ, ਮਹਰਾਜ ਗੰਜ ਤੇ ਸਿਧਾਰਥ ਨਗਰ ਅਤੇ ਦੂਸਰੀ ਭਾਗਲਪੁਰ, ਮੁੰਗੇਰ ਤੇ ਬਾਕਾਂ ਲਈ ਰਵਾਨਾ ਹੋਈ। ਦੋਵਾਂ ਗੱਡੀਆਂ ਵਿਚ ਹੀ 1200-1200 ਯਾਤਰੀ ਸਵਾਰ ਸਨ, ਜੋ ਕਿ ਸੁਰੱਖਿਆ ਸਫਰ ਲਈ ਸਰਕਾਰ ਵੱਲੋਂ ਤੈਅ ਕੀਤੀ ਗਈ ਹੈ।
ਪ੍ਰਵਾਸੀਆਂ ਦਾ ਵੱਖ-ਵੱਖ ਥਾਵਾਂ ਉਤੇ ਮੈਡੀਕਲ ਨਿਰੀਖਣ ਕਰਵਾ ਕੇ ਉਨਾਂ ਨੂੰ ਬੱਸਾਂ ਵਿਚ ਰੇਲਵੇ ਸਟੇਸ਼ਨ ਲਿਆਂਦਾ ਗਿਆ, ਜਿਥੋਂ ਉਹ ਗੱਡੀਆਂ ਵਿਚ ਸਵਾਰ ਹੋਏ। ਇਸ ਮੌਕੇ ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਨਾਇਬ ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ, ਕਾਨੂੰਗੋ ਸ੍ਰੀ ਅਸ਼ੋਕ ਕੁਮਾਰ ਤੇ ਹੋਰ ਅਧਿਕਾਰੀ ਪ੍ਰਵਾਸੀਆਂ ਨੂੰ ਗੱਡੀਆਂ ਵਿਚ ਬਿਠਾਉਣ ਲਈ ਕੀਤੇ ਗਏ ਪ੍ਰਬੰਧਾਂ ਦੀ ਨਜ਼ਰਸਾਨੀ ਕਰਨ ਲਈ ਪਹੁੰਚੇ। ਸਾਰੇ ਪ੍ਰਵਾਸੀਆਂ ਨੂੰ ਪਾਣੀ, ਖਾਣਾ ਅਤੇ ਮੂੰਹ ਉਤੇ ਪਾਉਣ ਲਈ ਮਾਸਕ ਵੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਇਆ ਕਰਵਾਏ ਗਏ, ਤਾਂ ਕਿ ਉਹ ਬਿਨਾਂ ਕਿਸੇ ਸੰਕਟ ਦੇ ਆਪਣੇ ਘਰ ਪਹੁੰਚ ਸਕਣ।