Corona Virus
ਯੂਐੱਨ ਨੇ ਕਿਹਾ, ਭਾਰਤ ਨੇ ਦੁਨੀਆ ਦੇ ਸਾਹਮਣੇ ਬੇਮਿਸਾਲ ਉਦਾਹਰਣ ਕੀਤੀ ਪੇਸ਼ ਸ਼ਾਂਤੀ ਸੈਨਿਕਾਂ ਲਈ ਕੋਰੋਨਾ ਵੈਕਸੀਨ ਮੁਫ਼ਤ ਮੁਹੱਈਆ ਕਰਵਾਈ

ਭਾਰਤ ਨੇ ਦੁਨੀਆ ਦੇ ਸਾਹਮਣੇ ਬੇਮਿਸਾਲ ਉਦਾਹਰਣ ਪੇਸ਼ ਕਰਦੇ ਹੋਏ ਸੰਯੁਕਤ ਰਾਸ਼ਟਰ (ਯੂਐੱਨ) ਸ਼ਾਂਤੀ ਸੈਨਿਕਾਂ ਲਈ ਮੁਫ਼ਤ ਕੋਰੋਨਾ ਵੈਕਸੀਨ ਮੁਹੱਈਆ ਕਰਵਾਈ ਹੈ। ਇਸ ਪਹਿਲ ‘ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਭਾਰਤ ਦਾ ਧੰਨਵਾਦ ਕੀਤਾ ਹੈ।
ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰਰੀਸ਼ਦ ਵਿਚ ਸੰਬੋਧਨ ਕਰਦੇ ਹੋਏ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਭਾਰਤ ਸ਼ਾਂਤੀ ਸੈਨਿਕਾਂ ਲਈ ਦੋ ਲੱਖ ਵੈਕਸੀਨ ਦੇ ਡੋਜ਼ ਸੰਯੁਕਤ ਰਾਸ਼ਟਰ ਨੂੰ ਮੁਫ਼ਤ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕ ਬਹੁਤ ਹੀ ਕਠਿਨ ਹਾਲਾਤ ਵਿਚ ਦੁਨੀਆ ਭਰ ਵਿਚ ਸ਼ਾਂਤੀ ਲਈ ਕੰਮ ਕਰਦੇ ਹਨ। ਅਜਿਹੀ ਸਥਿਤੀ ਵਿਚ ਸਾਡਾ ਵੀ ਦਾਇਤਵ ਬਣਦਾ ਹੈ ਕਿ ਉਨ੍ਹਾਂ ਦੀ ਮਦਦ ਕਰੀਏ।
ਸੰਯੁਕਤ ਰਾਸ਼ਟਰ ਸਕੱਤਰ ਜਨਰਲ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਮੁਫ਼ਤ ਵਿਚ ਵੈਕਸੀਨ ਦੇਣ ਦੇ ਐਲਾਨ ਲਈ ਅਸੀਂ ਭਾਰਤ ਦੇ ਧੰਨਵਾਦੀ ਹਾਂ। ਸ਼ਾਂਤੀ ਸੈਨਿਕਾਂ ਲਈ ਇਹ ਮਦਦ ਮਾਅਨੇ ਰੱਖਦੀ ਹੈ। ਸੰਯੁਕਤ ਰਾਸ਼ਟਰ ਦੀ ਅਗਵਾਈ ਵਿਚ 94 ਹਜ਼ਾਰ 484 ਸ਼ਾਂਤੀ ਸੈਨਿਕ ਦੁਨੀਆ ਭਰ ਦੇ 12 ਥਾਵਾਂ ‘ਤੇ ਆਪਰੇਸ਼ਨ ਨੂੰ ਅੰਜਾਮ ਦੇ ਰਹੇ ਹਨ। ਸ਼ਾਂਤੀ ਮਿਸ਼ਨ ਵਿਚ 121 ਦੇਸ਼ਾਂ ਦਾ ਯੋਗਦਾਨ ਰਹਿੰਦਾ ਹੈ।