Punjab
ਪੂਜਾ ਸਮੱਗਰੀ ਦਰਿਆ ‘ਚ ਪਰਵਾਉਣ ਗਏ ਪਿਓ-ਪੁੱਤ ਨਾਲ ਵਾਪਰੀ ਅਣਹੋਣੀ, ਰੈਸਕਿਊ ਜਾਰੀ
ਪਠਾਨਕੋਟ ‘ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਨੇੜੇ ਵਗਦੇ ਚੱਕੀ ਦਰਿਆ ‘ਚ ਪੂਜਾ ਸਮਗਰੀ ਪਰਵਾਉਣ ਗਏ ਪਿਓ-ਪੁੱਤ ਨਾਲ ਅਣਹੋਣੀ ਵਾਪਰ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਐੱਨ.ਡੀ.ਆਰ.ਐੱਫ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਪਿਤਾ ਦਾ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਪਛਾਣ ਵਿਨੇ ਮਹਾਜਨ ਵਾਸੀ ਬਸੰਤ ਕਾਲੋਨੀ ਦੇ ਵਜੋਂ ਹੋਈ ਹੈ ਅਤੇ ਪੁੱਤਰ ਦੀ ਭਾਲ ਅਜੇ ਵੀ ਜਾਰੀ ਹੈ।
ਮੌਕੇ ‘ਤੇ ਮੌਜੂਦ ਮੁਹੱਲੇ ਦੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਦੁਪਹਿਰ ਵੇਲੇ ਪਿਓ-ਪੁੱਤ ਪੂਜਾ ਸਮੱਗਰੀ ਪਰਵਾਉਣ ਦੇ ਲਈ ਚੱਕੀ ਦਰਿਆ ਦੇ ਨੇੜੇ ਆਏ ਸੀ ਪਰ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਜਦੋਂ ਉਹ ਘਰ ਨਾ ਪਰਤੇ ਤਾਂ ਪਰਿਵਾਰ ਵੱਲੋਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ। ਨੇੜੇ ਰਹਿੰਦੇ ਲੋਕਾਂ ਨਾਲ ਚੱਕੀ ਦਰਿਆ ਦੇ ਕਿਨਾਰੇ ਉਨ੍ਹਾਂ ਦੀ ਸਕੂਟੀ ਵੇਖੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਪੁਲਸ ਵੱਲੋਂ ਐੱਨ. ਡੀ. ਆਰ. ਐੱਫ਼ ਦੀ ਟੀਮ ਨਾਲ ਚੱਕੀ ਦਰਿਆ ‘ਚ ਸਰਚ ਚਲਾਇਆ ਗਿਆ, ਜਿਸ ‘ਚ ਉਨ੍ਹਾਂ ਨੂੰ ਵਿਨੇ ਮਹਾਜਨ ਦੀ ਲਾਸ਼ ਬਰਾਮਦ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਪੂਜਾ ਸਮੱਗਰੀ ਪਰਵਾਉਣ ਵੇਲੇ ਉਨ੍ਹਾਂ ਦਾ ਪੈਰ ਫਿਸਲਣ ਕਰਕੇ ਇਹ ਹਾਦਸਾ ਵਾਪਰਿਆ ਹੋਇਆ ਲੱਗਦਾ ਹੈ ਅਜੇ ਵੀ ਐੱਨ. ਡੀ. ਆਰ. ਐੱਫ਼ ਦੀ ਟੀਮ ਵੱਲੋਂ ਵਿਨੇ ਮਹਾਜਨ ਦੇ ਪੁੱਤਰ ਦੀ ਭਾਲ ਕੀਤੀ ਜਾ ਰਹੀ ਹੈ ਪਰ ਪਾਣੀ ਦਾ ਬਹਾਵ ਤੇਜ਼ ਹੋਣ ਦੇ ਚੱਲਦੇ ਇਸ ‘ਚ ਸਮਾਂ ਲੱਗ ਰਿਹਾ ਹੈ।