News
ਫਰੀਦਕੋਟ ਤੋਂ ਆਈ ਮੰਦਭਾਗੀ ਖ਼ਬਰ,ਨਵੇਂ ਵਿਆਹੇ ਜੋੜੇ ਦੀ ਜ਼ਹਿਰੀਲੀ ਚੀਜ ਖਾਣ ਨਾਲ ਹੋਈ ਮੌਤ

ਪੰਜਾਬ ਦੇ ਫਰੀਦਕੋਟ ‘ਚ ਜ਼ਹਿਰੀਲੀ ਚੀਜ਼ ਖਾਣ ਕਾਰਨ ਪਤੀ-ਪਤਨੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ, ਉਨ੍ਹਾਂ ਦਾ ਕਰੀਬ ਢਾਈ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਇਸ ਸਬੰਧੀ ਪੁਲਿਸ ਨੇ ਖੁਦਕੁਸ਼ੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਟੀਚਰ ਕਲੋਨੀ ਦੇ ਰਹਿਣ ਵਾਲੇ ਕਰੀਬ 25 ਸਾਲਾ ਸੋਨੂੰ ਅਤੇ ਉਸ ਦੀ ਪਤਨੀ ਸ਼ਹਿਨਾਜ਼ ਆਪਣੇ ਪਰਿਵਾਰ ਨਾਲ ਰਹਿੰਦੇ ਸਨ ਅਤੇ 9 ਜਨਵਰੀ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕਮਰੇ ਵਿਚ ਸੌਣ ਲਈ ਚਲੇ ਗਏ। 10 ਜਨਵਰੀ ਦੀ ਸਵੇਰ ਨੂੰ ਜਦੋਂ ਸੋਨੂੰ ਦੇ ਭਰਾ ਅਸ਼ਵਨੀ ਨੇ ਉਸ ਨੂੰ ਜਗਾਉਣ ਲਈ ਦਰਵਾਜ਼ਾ ਖੜਕਾਇਆ ਤਾਂ ਸ਼ਹਿਨਾਜ਼ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਬੇਹੋਸ਼ ਹੋ ਕੇ ਡਿੱਗ ਪਈ। ਇਸ ਤੋਂ ਬਾਅਦ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਸੋਨੂੰ ਵੀ ਬੇਹੋਸ਼ ਪਿਆ ਸੀ।
ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ। ਜਿੱਥੇ ਉਸ ਦਾ ਦੋ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ਪਰ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਇਸ ਸਬੰਧੀ ਏਐਸਆਈ ਇਕਬਾਲ ਚੰਦ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਖੁਦਕੁਸ਼ੀ ਦਾ ਮਾਮਲਾ ਦਰਜ ਕਰ ਲਿਆ ਹੈ। ਜੇਕਰ ਜਾਂਚ ਦੌਰਾਨ ਕੁਝ ਹੋਰ ਸਾਹਮਣੇ ਆਇਆ ਤਾਂ ਕਾਰਵਾਈ ਕੀਤੀ ਜਾਵੇਗੀ।