Punjab
ਧਰਤੀ ਹੇਠਲੇ ਪਾਣੀ ਦੀ ਸੁਚੱਜੀ ਵਰਤੋਂ ਲਈ ਸਰਕਾਰ ਵੱਲੋਂ ਨਿਵੇਕਲਾ ਉਪਰਾਲਾ
ਪਟਿਆਲਾ: ਤੇਜ਼ੀ ਨਾਲ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਵਰਤੋਂ ਲਈ ਸਰਕਾਰ ਵੱਲੋਂ ‘ਪਾਣੀ ਬਚਾਓ ਪੈਸੇ ਕਮਾਓ’ ਸਵੈ ਇੱਛਤ ਸਕੀਮ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਬਿਜਲੀ ਦੀਆਂ ਯੂਨਿਟਾਂ ਦੀ ਹੱਦ ਮੋਟਰ ਦੀ ਸਮਰੱਥਾ ਅਨੁਸਾਰ ਮਿਥੀ ਜਾਂਦੀ ਹੈ ਅਤੇ ਜਿਹੜੇ ਕਿਸਾਨ ਨਿਸ਼ਚਿਤ ਸਮਰੱਥਾ ਤੋਂ ਘੱਟ ਬਿਜਲੀ ਦੀ ਖਪਤ ਕਰਨਗੇ, ਉਨ੍ਹਾਂ ਨੂੰ ਬਚੇ ਯੂਨਿਟਾਂ ਦੀ 4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ ਅਤੇ ਜੇਕਰ ਬਿਜਲੀ ਦੀ ਵੱਧ ਵਰਤੋਂ ਵੀ ਕੀਤੀ ਜਾਂਦੀ ਹੈ ਤਾਂ ਵੀ ਕਿਸਾਨਾਂ ਨੂੰ ਕੋਈ ਬਿੱਲ ਨਹੀਂ ਆਵੇਗਾ।
‘ਪਾਣੀ ਬਚਾਓ ਪੈਸੇ ਕਮਾਓ’ ਸਵੈ ਇੱਛਤ ਸਕੀਮ ਦੇ ਪਾਇਲਟ ਪ੍ਰੋਜੈਕਟ ਨੂੰ ਪਟਿਆਲਾ ਜ਼ਿਲ੍ਹੇ ‘ਚ ਸੁਚੱਜੇ ਢੰਗ ਨਾਲ ਚਲਾਉਣ ਲਈ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੀ.ਐਸ.ਪੀ.ਸੀ.ਐਲ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਸਬੰਧੀ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਹਦਾਇਤ ਕਰਦਿਆ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਹ ਇਸ ਦਾ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ
ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਇਸ ਸਕੀਮ ਨਾਲ ਜੋੜੇ ਤਾਂ ਜੋ ਉਹ ਸਰਕਾਰ ਵੱਲੋਂ ਮਿਲਣ ਵਾਲੀ 1500 ਰੁਪਏ ਦੀ ਸਹਾਇਤਾ ਦੇ ਨਾਲ ਨਾਲ ਬਿਜਲੀ ਦੀ ਬੱਚਤ ਕਰਕੇ ਵੀ ਪੈਸੇ ਕਮਾ ਸਕਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪ੍ਰੋਜੈਕਟ ਜਿਥੇ ਪਾਣੀ ਦੀ ਦੁਰਵਰਤੋਂ ਨੂੰ ਘੱਟ ਕਰੇਗਾ ਨਾਲ ਹੀ ਬਿਜਲੀ ਦੀ ਵੀ ਸੰਜਮ ਨਾਲ ਜ਼ਰੂਰਤ ਜਿੰਨੀ ਹੀ ਵਰਤੋਂ ਹੋਵੇਗੀ ਅਤੇ ਕਿਸਾਨਾਂ ਨੂੰ ਵੀ ਵਿੱਤੀ ਲਾਭ ਵੀ ਪ੍ਰਾਪਤ ਹੋਵੇਗਾ। ਉਨ੍ਹਾਂ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਲਈ ਪੀ.ਐਸ.ਪੀ.ਸੀ.ਐਲ ਅਤੇ ਖੇਤੀਬਾੜੀ ਵਿਭਾਗ ਨੂੰ ਰਲਕੇ ਕੰਮ ਕਰਨ ਦੀ ਹਦਾਇਤ ਕੀਤੀ।
ਮੀਟਿੰਗ ਦੌਰਾਨ ਪੀ.ਐਸ.ਪੀ.ਸੀ.ਐਲ ਦੇ ਨਿਗਰਾਨ ਇੰਜੀਨੀਅਰ ਜੀ.ਐਸ ਚਹਿਲ ਨੇ ਦੱਸਿਆ ਕਿ ‘ਪਾਣੀ ਬਚਾਓ ਪੈਸੇ ਕਮਾਓ’ ਸਵੈ ਇੱਛਤ ਸਕੀਮ ਤਹਿਤ ਮੋਟਰ ਦੇ ਲੋਡ ਮੁਤਾਬਕ ਯੂਨਿਟਾਂ ਦੀ ਖਪਤ ਨਿਸ਼ਚਿਤ ਕੀਤੀ ਜਾਂਦੀ ਹੈ ਤੇ ਜੇਕਰ ਕਿਸਾਨ ਉਸ ਨਿਸ਼ਚਿਤ ਖਪਤ ਨਾਲੋਂ ਘੱਟ ਬਿਜਲੀ ਦੀ ਵਰਤੋਂ ਕਰਦਾ ਹੈ ਤਾਂ ਜਿੰਨੇ ਯੂਨਿਟ ਉਸ ਨੇ ਘੱਟ ਵਰਤੇ ਹਨ, ਉਸ ਦੀ ਅਦਾਇਗੀ 4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਨ ਕਿਸਾਨ ਦੇ ਖਾਤੇ ‘ਚ ਕਰ ਦਿੱਤੀ ਜਾਂਦੀ ਹੈ ਤੇ ਜੇਕਰ ਯੂਨਿਟਾਂ ਦੀ ਖਪਤ ਨਿਸ਼ਚਿਤ ਕੀਤੇ ਯੂਨਿਟਾਂ ਤੋਂ ਵੱਧ ਹੁੰਦੀ ਹੈ ਤਾਂ ਕਿਸਾਨ ਨੂੰ ਕੋਈ ਅਦਾਇਗੀ ਨਹੀਂ ਦੇਣੇ ਪੈਂਦੀ। ਉਨ੍ਹਾਂ ਕਿਹਾ ਕਿ ਹਾਲੇ ਇਹ ਪ੍ਰੋਜੈਕਟ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ, ਸਮਾਣਾ, ਦੇਵੀਗੜ੍ਹ ਤੇ ਪਾਤੜਾਂ ਸਰਕਲਾਂ ‘ਚ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪਾਇਲਟ ਪ੍ਰੋਜੈਕਟ ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਦੇ 25 ਕਿਸਾਨਾਂ ਨੂੰ ਇਹ ਸਹੂਲਤ ਦਿੱਤੀ ਗਈ ਸੀ ਤੇ ਹੁਣ ਦੂਸਰਾ ਪੜਾਅ ਸ਼ੁਰੂ ਕੀਤਾ ਗਿਆ ਹੈ।
ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਈਸ਼ਾ ਸਿੰਘਲ, ਪੀ.ਐਸ.ਪੀ.ਸੀ.ਐਲ ਦੇ ਨਿਗਰਾਨ ਇੰਜੀਨੀਅਰ ਜੀ.ਐਸ ਚਹਿਲ, ਮੁੱਖ ਖੇਤੀਬਾੜੀ ਅਫ਼ਸਰ ਜਸਵੰਤ ਰਾਏ ਸਮੇਤ ਜਲ ਸਰੋਤ ਵਿਭਾਗ ਤੇ ਜੇ. ਪਾਲ ਕੰਪਨੀ ਦੇ ਨੁਮਾਇੰਦੇ ਅਰਜੁਨ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।