Punjab
ਯੂਪੀ ਸਰਕਾਰ ਨੇ ਲਾਊਡ ਸਪੀਕਰਾਂ ਲੈ ਕੇ ਲਿਆ ਵੱਡਾ ਫ਼ੈਸਲਾ
ਲਖਨਊ: ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਦੇ ਧਾਰਮਿਕ ਸਥਾਨਾਂ ਤੋਂ ਗੈਰ-ਕਾਨੂੰਨੀ ਲਾਊਡ ਸਪੀਕਰਾਂ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ। ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਸਬੰਧ ਵਿਚ 30 ਅਪ੍ਰੈਲ ਤੱਕ ਪਾਲਣਾ ਰਿਪੋਰਟ ਮੰਗੀ ਗਈ ਹੈ। ਵਧੀਕ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਅਵਸਥੀ ਨੇ ਕਿਹਾ, “ਰਾਜ ਵਿੱਚ ਧਾਰਮਿਕ ਸਥਾਨਾਂ ਤੋਂ ਗੈਰ-ਕਾਨੂੰਨੀ ਲਾਊਡਸਪੀਕਰਾਂ ਨੂੰ ਹਟਾਉਣ ਦਾ ਹੁਕਮ ਸ਼ਨੀਵਾਰ ਨੂੰ ਜਾਰੀ ਕੀਤਾ ਗਿਆ ਸੀ। ਇਸ ਸਬੰਧੀ (ਜ਼ਿਲ੍ਹਿਆਂ ਤੋਂ) 30 ਅਪ੍ਰੈਲ ਤੱਕ ਪਾਲਣਾ ਰਿਪੋਰਟਾਂ ਮੰਗੀਆਂ ਗਈਆਂ ਹਨ।” ਉਨ੍ਹਾਂ ਕਿਹਾ, “ਪੁਲਿਸ ਨੂੰ ਧਾਰਮਿਕ ਆਗੂਆਂ ਨਾਲ ਗੱਲਬਾਤ ਅਤੇ ਤਾਲਮੇਲ ਕਰਕੇ ਗੈਰ-ਕਾਨੂੰਨੀ ਲਾਊਡਸਪੀਕਰਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।” ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ਕਾਨੂੰਨ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਸੋਮਵਾਰ ਨੂੰ ਦੱਸਿਆ ਕਿ ਹੁਣ ਤੱਕ 125 ਲਾਊਡਸਪੀਕਰ ਉਤਾਰੇ ਜਾ ਚੁੱਕੇ ਹਨ ਅਤੇ 17,000 ਲੋਕਾਂ ਨੇ ਆਪਣੀ ਮਰਜ਼ੀ ਨਾਲ ਲਾਊਡਸਪੀਕਰਾਂ ਦੀ ਆਵਾਜ਼ ਨੂੰ ਬੰਦ ਕਰ ਦਿੱਤਾ ਹੈ।