Connect with us

Punjab

ਵੋਟਰਾਂ ਦੀ ਸਹੂਲਤ ਲਈ ਹਰ ਇੱਕ ਬੂਥ ’ਤੇ ਤਾਇਨਾਤ ਹੋਣਗੇ ਵਲੰਟੀਅਰ

Published

on

ਪਟਿਆਲਾ: ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਦਿਵਿਆਂਗਜਨ ਵੋਟਰਾਂ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਦੀ ਸਹੂਲਤ ਲਈ ਹਰ ਇੱਕ ਬੂਥ ਉਪਰ 5 ਤੋਂ 7 ਚੋਣ ਮਿੱਤਰ ਵਜੋਂ ਵਲੰਟੀਅਰ ਤਾਇਨਾਤ ਕੀਤੇ ਜਾਣੇ ਹਨ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਤਾਇਨਾਤ ਕੀਤੇ ਜਾਣ ਵਾਲੇ 13 ਹਜ਼ਾਰ ਵਲੰਟੀਅਰਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ।ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਨੋਡਲ ਅਫ਼ਸਰ ਦਿਵਿਆਂਗਜਨ ਵਰਿੰਦਰ ਸਿੰਘ ਟਿਵਾਣਾ ਵੱਲੋਂ ਵੈਬ ਐਕਸ ਉਪਰ ਰਾਸ਼ਟਰੀ ਸੇਵਾ ਯੋਜਨਾ, ਸਕਾਊਟਸ ਅਤੇ ਗਾਈਡ ਅਤੇ ਚੋਣ ਮਿੱਤਰਾਂ ਦੀ ਆਨਲਾਈਨ ਟ੍ਰੇਨਿੰਗ ਕਰਵਾਈ ਗਈ। ਟ੍ਰੇਨਿੰਗ ਦੌਰਾਨ ਜ਼ਿਲ੍ਹੇ ਦੇ ਸਮੂਹ 1784 ਚੋਣ ਬੂਥਾਂ ਉਪਰ ਲਗਾਏ ਜਾਣ ਵਾਲੇ ਵਲੰਟੀਅਰਾਂ ਨੂੰ ਉਨ੍ਹਾਂ ਦੀਆਂ ਜ਼ੁੰਮੇਵਾਰੀਆਂ ਸਬੰਧੀ ਟ੍ਰੇਨਿੰਗ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਇਹਨਾਂ ਵਲੰਟੀਅਰਾਂ ਨੂੰ ਸ਼ਨਾਖ਼ਤੀ ਕਾਰਡ ਸਮੂਹ ਰਿਟਰਨਿੰਗ ਅਫ਼ਸਰਾਂ ਵੱਲੋਂ ਜਾਰੀ ਕੀਤੇ ਜਾਣਗੇ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਮੀਟਿੰਗ ਦੌਰਾਨ ਜ਼ਿਲ੍ਹਾ ਆਈਕਨ ਦਿਵਿਆਂਗਜਨ ਜਗਦੀਪ ਸਿੰਘ ਸੋਢੀ ਅਤੇ ਜ਼ਿਲ੍ਹਾ ਸਿੱਖਿਆ ਵਿਭਾਗ ਤੋਂ ਜਗਮੀਤ ਸਿੰਘ ਵੀ ਹਾਜ਼ਰ ਸਨ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਟਿਵਾਣਾ ਨੇ ਦੱਸਿਆ ਕਿ ਹਰ ਇੱਕ ਬੂਥ ਉਪਰ ਵੀਹਲ ਚੇਅਰ ਅਤੇ ਦਿਵਿਆਂਗਜਨ ਲਈ ਟਰਾਂਸਪੋਰਟ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਪਰੋਕਤ ਵਲੰਟੀਅਰਾਂ ਦੀ ਮੌਕੇ ਡਰਿੱਲ 18 ਫਰਵਰੀ ਨੂੰ ਕਰਵਾਈ ਜਾਵੇਗੀ ਤਾਂ ਜੋ ਚੋਣਾਂ ਵਾਲੇ ਦਿਨ ਕੋਈ ਦਿੱਕਤ ਪੇਸ਼ ਨਾ ਆਵੇ।