Punjab
ਪੰਜਾਬ ‘ਚ 5 ਨਗਰ ਨਿਗਮਾਂ ਤੇ 41ਨਗਰ ਕੌਂਸਲਾਂ ਲਈ ਵੋਟਿੰਗ ਸ਼ੁਰੂ
ਪੰਜਾਬ ਵਿੱਚ ਅੱਜ ਨਗਰ ਨਿਗਮਾਂ ਅਤੇ ਕੌਂਸਲਾਂ/ਪੰਚਾਇਤਾਂ ਲਈ ਵੋਟਾਂ ਪੈ ਰਹੀਆਂ ਹਨ। ਦੱਸ ਦੇਈਏ ਕਿ ਪੰਜਾਬ ਦੇ 5 ਸ਼ਹਿਰਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ’ਚ ਨਗਰ ਨਿਗਮ ਚੋਣ ਹੋ ਰਹੀ ਹੈ। ਇਸ ਤੋਂ ਇਲਾਵਾ 44 ਮਿਊਂਸੀਪਲ ਕੌਂਸਲ ਅਤੇ ਨਗਰ ਪੰਚਾਇਤ ਲਈ ਵੀ ਵੋਟਿੰਗ ਹੋ ਰਹੀ ਹੈ, ਜਿਨ੍ਹਾਂ ਦੇ 398 ਵਾਰਡਾਂ ’ਚ ਚੋਣ ਹੋਣ ਜਾ ਰਹੀ ਹੈ। ਇਨ੍ਹਾਂ ’ਚ ਕਈ ਜਗ੍ਹਾ ਉਪ ਚੋਣ ਵੀ ਸ਼ਾਮਲ ਹੈ। ਇਹ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਆਪਣੀਆਂ ਵੋਟਾਂ ਭੁਗਤਾ ਸਕਦੇ ਹਨ।ਉਸ ਤੋਂ ਮਗਰੋਂ ਤੁਰੰਤ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਇਨ੍ਹਾਂ ਚੋਣਾਂ ਵਿਚ 37.32 ਲੱਖ ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ।
ਸ਼ਾਮ ਵੇਲੇ ਐਲਾਨੇ ਜਾਣਗੇ ਨਤੀਜੇ-
ਵੋਟਾਂ ਈ.ਵੀ.ਐਮ ਜ਼ਰੀਏ ਪੈਣ ਕਰ ਕੇ ਚੋਣ ਨਤੀਜੇ ਵੀ ਸ਼ਾਮ ਵੇਲੇ ਐਲਾਨੇ ਜਾਣਗੇ। ਇਸ ਤਰ੍ਹਾਂ ਪੰਜ ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ/ਨਗਰ ਪੰਚਾਇਤਾਂ ਤੋਂ ਇਲਾਵਾ ਕਰੀਬ ਚਾਰ ਦਰਜਨ ਵਾਰਡਾਂ ਵਿਚ ਉਪ ਚੋਣਾਂ ‘ਚ ਉੱਤਰੇ 3,336 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੀ ਹੋ ਜਾਵੇਗਾ।
ਪੰਜਾਬ ਦੇ 5 ਨਗਰ ਨਿਗਮਾਂ ਦੇ ਵਾਰਡਾਂ ਦੀ ਗਿਣਤੀ-
ਲੁਧਿਆਣਾ : 95
ਜਲੰਧਰ : 85
ਅੰਮ੍ਰਿਤਸਰ : 85
ਪਟਿਆਲਾ : 60
ਫਗਵਾੜਾ : 50
ਸੁਰੱਖਿਆ ਦੇ ਪੁਖਤਾ ਇੰਤਜ਼ਾਮ-
ਨਿਗਮ ਤੇ ਕੌਂਸਲ ਚੋਣਾਂ ਲਈ 23 ਹਜ਼ਾਰ ਅਧਿਕਾਰੀ ਤੇ ਮੁਲਾਜ਼ਮ ਚੋਣ ਅਮਲੇ ਵਜੋਂ ਤਾਇਨਾਤ ਕੀਤੇ ਗਏ ਹਨ। ਚੋਣ ਅਮਲਾ ਬੀਤੇ ਦਿਨ ਪੰਜਾਬ ‘ਚ ਬਣਾਏ ਕੁੱਲ 1,609 ਪੋਲਿੰਗ ਸਟੇਸ਼ਨਾਂ ‘ਤੇ ਪੁੱਜ ਗਿਆ ਸੀ। ਵੋਟਾਂ ਲਈ ਕੁੱਲ 3,809 ਪੋਲਿੰਗ ਬੂਥ ਬਣਾਏ ਗਏ ਹਨ। ਪੰਜਾਬ ਪੁਲਿਸ ਨੇ ਇਨ੍ਹਾਂ ਚੋਣਾਂ ਲਈ ਸੁਰੱਖਿਆ ਪ੍ਰਬੰਧਾਂ ਦੀ ਤਾਇਨਾਤੀ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ।ਪੰਜਾਬ ਪੁਲਿਸ ਵਲੋਂ ਇਨ੍ਹਾਂ ਵੋਟਾਂ ਲਈ 21,500 ਜਵਾਨ ਅਤੇ ਹੋਮ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਸਿੰਗਲ ਪੋਲਿੰਗ ਸਟੇਸ਼ਨ ਲਈ 3 ਮੁਲਾਜ਼ਮ ਅਤੇ ਡਬਲ ਪੋਲਿੰਗ ਸਟੇਸ਼ਨ ਲਈ 4 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਤੀਹਰੇ ਪੋਲਿੰਗ ਸਟੇਸ਼ਨ ਲਈ 5 ਮੁਲਾਜ਼ਮ ਅਤੇ ਕੁਆਡ ਪੋਲਿੰਗ ਸਟੇਸ਼ਨ ਲਈ 6 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।ਰਾਜ ਚੋਣ ਕਮਿਸ਼ਨ ਵਲੋਂ 344 ਪੋਲਿੰਗ ਸਥਾਨਾਂ ਦੀ ਪਛਾਣ ਅਤਿ ਸੰਵੇਦਨਸ਼ੀਲ ਅਤੇ 665 ਪੋਲਿੰਗ ਸਥਾਨਾਂ ਦੀ ਪਛਾਣ ਸੰਵੇਦਨਸ਼ੀਲ ਵਜੋਂ ਕੀਤੀ ਗਈ ਹੈ, ਜਿੱਥੇ ਜ਼ਿਆਦਾ ਨਫ਼ਰੀ ਦੀ ਤਾਇਨਾਤੀ ਕੀਤੀ ਗਈ ਹੈ। ਇਨ੍ਹਾਂ ਚੋਣਾਂ ਵਿਚ ਕੁੱਲ 37,32,636 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ, ਜਿਨ੍ਹਾਂ ‘ਚ 19,55,888 ਪੁਰਸ਼, 17,76,544 ਮਹਿਲਾਵਾਂ ਅਤੇ 204 ਹੋਰ ਸ਼ਾਮਲ ਹਨ।
ਕਈ ਥਾਵਾਂ ‘ਤੇ ਰੱਦ ਹੋਈਆਂ ਵੋਟਾਂ-
ਪਟਿਆਲਾ ਨਗਰ ਨਿਗਮ ਚੋਣਾਂ ਫਿਲਹਾਲ ਰੱਦ ਕਰ ਦਿੱਤੀਆਂ ਗਈਆਂ ਹਨ। ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਸ਼ਨੀਵਾਰ ਨੂੰ ਹੋਣ ਵਾਲੀਆਂ ਪਟੀਆਲਾ ਨਿਗਮ ਚੋਣਾਂ ਲਈ 7 ਤੋਂ 8 ਵਾਰਡਾਂ ਲਈ ਫਿਲਹਾਲ ਵੋਟਿੰਗ ਨਹੀਂ ਹੋਵੇਗੀ। ਇਸ ਦੇ ਨਾਲ ਹੀ ਧਰਮਕੋਟ (ਜ਼ਿਲ੍ਹਾ ਮੋਗਾ) ਦੇ 8 ਵਾਰਡਾਂ ਵਿਚ ਕੱਲ ਵੋਟਿੰਗ ਨਹੀਂ ਹੋਵੇਗੀ। ਜਦਕਿ ਪੰਜਾਬ ਦੀਆਂ ਬਾਕੀ ਨਿਗਮਾਂ, ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਪੋਲਿੰਗ ਸ਼ਨੀਵਾਰ ਸਵੇਰੇ ਤੈਅ ਸਮੇਂ ਅਨੁਸਾਰ ਹੀ ਹੋਵੇਗੀ।
ਪੰਜਾਬ ‘ਚ ਛੁੱਟੀ ਦਾ ਐਲਾਨ-
ਜਿਸ ਜਗ੍ਹਾ ’ਤੇ ਨਗਰ ਨਿਗਮ, ਮਿਊਂਸੀਪਲ ਕੌਂਸਲ ਅਤੇ ਨਗਰ ਪੰਚਾਇਤ ਲਈ ਵੀ ਵੋਟਿੰਗ ਹੋਵੇਗੀ, ਉਥੇ ਸਰਕਾਰ ਵੱਲੋਂ ਸਕੂਲਾਂ, ਕਾਲਜਾਂ, ਸਰਕਾਰੀ ਦਫਤਰਾਂ ਤੋਂ ਇਲਾਵਾ ਪ੍ਰਾਈਵੇਟ ਸੈਕਟਰ ’ਚ ਸ਼ਾਮਲ ਆਫਿਸ, ਮਾਰਕੀਟ, ਫੈਕਟਰੀ ਆਦਿ ਦੇ ਲਈ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੋ ਲੋਕ ਉਨ੍ਹਾਂ ਸ਼ਹਿਰਾਂ ਤੋਂ ਬਾਹਰ ਕੰਮ ਕਰਦੇ ਹਨ, ਉਹ ਵੋਟ ਪਾਉਣ ਲਈ ਵੋਟਰ ਕਾਰਡ ਪੇਸ਼ ਕਰ ਕੇ ਆਪਣੇ ਸੰਸਥਾਨ ਤੋਂ ਛੁੱਟੀ ਲੈ ਸਕਦੇ ਹਨ। ਇਸ ਦੇ ਲਈ ਨੋਟੀਫਿਕੇਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਤੋਂ ਬਾਅਦ ਬਕਾਇਦਾ ਚੀਫ ਸੈਕਟਰੀ ਵੱਲੋਂ ਵੀ ਜਾਰੀ ਕੀਤਾ ਗਿਆ ਹੈ।