Punjab
ਪੰਜਾਬ ‘ਚ ਲੋਕ ਸਭਾ ਦੀਆਂ 13 ਸੀਟਾਂ ‘ਤੇ ਵੋਟਾਂ ਪੈਣੀਆਂ ਸ਼ੁਰੂ

ਲੋਕ ਸਭਾ ਦੇ ਆਖਰੀ ਯਾਨੀ ਕਿ ਸੱਤਵੇਂ ਪੜਾਅ ਤਹਿਤ ਵੋਟਾਂ ਪੈਣੀਆਂ ਹਨ। ਇਸ ਪੜਾਅ ਤਹਿਤ ਪੰਜਾਬ ਵਿੱਚ ਸਵੇਰੇ 7 ਵਜੇ ਤੋਂ ਹੀ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ। ਇੱਥੇ ਦੱਸ ਦੇਈਏ ਕਿ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਚੋਣਾਂ ਦਾ ਕੰਮ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਣ ਲਈ ਚੋਣ ਕਮਿਸ਼ਨ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਅੱਤ ਦੀ ਗਰਮੀ ਦੇ ਬਾਵਜੂਦ ਵੋਟਿੰਗ ਸ਼ੁਰੂ ਹੁੰਦਿਆਂ ਸਾਰ ਹੀ ਪੋਲਿੰਗ ਬੂਥਾਂ ਤੇ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਜਾਣੋ ਪੰਜਾਬ ਵਿੱਚ ਪੈ ਰਹੀਆਂ ਵੋਟਾਂ ਬਾਰੇ ਤਾਜ਼ਾ ਅਪਡੇਟ…
- ਮੁਹਾਲੀ ‘ਚ ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਸਭ ਤੋਂ ਪਹਿਲਾਂ ਪੋਲਿੰਗ ਬੂਥ ‘ਤੇ ਪਹੁੰਚੇ ਅਤੇ ਵੋਟ ਪਾਈ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਅੱਜ ਦੇਸ਼ ਵਾਸੀਆਂ ਵਲੋਂ ਦਿੱਤੀ ਗਈ ਇਕ-ਇਕ ਵੋਟ ਇਹ ਤੈਅ ਕਰੇਗੀ ਕਿ ਦੇਸ਼ ਦੀ ਦਸ਼ਾ ਅਤੇ ਦਿਸ਼ਾ ਕੀ ਹੋਵੇਗੀ। ਪੰਜਾਬੀਆਂ ਨੂੰ ਅਪੀਲ ਹੈ ਕਿ ਉਸ ਆਗੂ ਨੂੰ ਹੀ ਵੋਟ ਦਿਓ ਜਿਹੜਾ ਪਾਰਲੀਮੈਂਟ ਵਿਚ ਜਾ ਕੇ ਪੰਜਾਬ ਦੀ ਆਵਾਜ਼ ਬੁਲੰਦ ਕਰੇ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰੇ।
- ਆਪਣੇ-ਆਪਣੇ ਲੋਕ ਸਭਾ ਹਲਕਿਆਂ ‘ਚ ਪੰਜਾਬ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਲੋਕ ਸਭਾ ਉਮੀਦਵਾਰਾਂ ਵੱਲੋਂ ਵੋਟਿੰਗ ਦਾ ਇਸਤੇਮਾਲ ਕੀਤਾ ਗਿਆ, ਇਸ ਮੌਕੇ ‘ਤੇ ਚੇਤਨ ਸਿੰਘ ਜੋੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ, ਹਰਜੋਤ ਬੈਂਸ, ਕੁਲਦੀਪ ਧਾਲੀਵਾਲ, ਮਨਵਿੰਦਰ ਸਿੰਘ ਗਿਆਸਪੁਰਾ, ਗੁਰਮੀਤ ਸਿੰਘ ਖੁੱਡੀਆ ਵੱਲੋਂ ਮਤਦਾਨ ਕੀਤਾ ਗਿਆ।
- ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਕਰਮਜੀਤ ਅਨਮੋਲ ਨੇ ਮੋਹਾਲੀ ਦੇ ਫੇਸ 10 ਵਿਖੇ ਬਣੇ ਪੋਲਿੰਗ ਬੂਥ ‘ਤੇ ਆਪਣੀ ਵੋਟ ਪਾਈ
- ਸਾਬਕਾ ਕ੍ਰਿਕਟਰ ਅਤੇ ‘ਆਪ’ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਜਲੰਧਰ ਦੇ ਇਕ ਪੋਲਿੰਗ ਬੂਥ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਵੋਟ ਪਾਈ ਗਈ
- ਖਡੂਰ ਸਾਹਿਬ ਵਿਖੇ ਆਪ ਉਮੀਦਵਾਰ ਤੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਆਪਣੇ ਪਰਿਵਾਰ ਨਾਲ ਵੋਟ ਪਾਉਣ ਪਹੁੰਚੇ।
- ਆਪਣੇ ਪਿੰਡ ਜੋੜਾਮਾਜਰਾ ਵਿਖੇ ਪਰਿਵਾਰ ਸਮੇਤ ਕੈਬਿਨੇਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਪਹੁੰਚੇ, ਜਿੱਥੇ ਉਨ੍ਹਾਂ ਨੇ ਵੋਟ ਪਾਈ।
- ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ ਆਪਣੇ ਪਰਿਵਾਰ ਸਮੇਤ ਪਿੰਡ ਗੰਭੀਰਪੁਰ ਦੇ ਸਰਕਾਰੀ ਸਕੂਲ ਵਿੱਚ ਵੋਟ ਪਾਉਣ ਲਈ ਪੁੱਜੇ, ਜਿੱਥੇ ਉਨ੍ਹਾਂ ਨੇ ਲਾਈਨ ਵਿੱਚ ਖੜ੍ਹ ਕੇ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ ।
- ਅੰਮ੍ਰਿਤਸਰ ਹਲਕੇ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਆਪਣੇ ਹਲਕੇ ਦੇ ਪੋਲਿੰਗ ਬੂਥ ‘ਤੇ ਵੋਟ ਪਾਈ।
- ਹੁਸ਼ਿਆਰਪੁਰ ‘ਚ ਆਪ ਦੇ ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੋਟ ਪਾਉਣ ਲਈ ਪੋਲਿੰਗ ਬੂਥ ‘ਤੇ ਪਹੁੰਚੇ।
- ਮਸ਼ੀਨ ਖਰਾਬ ਕਾਰਨ ਗੁਰਮੀਤ ਖੁੱਡੀਆਂ ਨੂੰ ਕਰਨਾ ਪਿਆ ਇੰਤਜ਼ਾਰ-
ਬਠਿੰਡਾ ਦੇ ਪਿੰਡ ਖੁੱਡੀਆਂ ਵਿੱਚ ਈ.ਵੀ.ਐੱਮ ਮਸ਼ੀਨ ਖਰਾਬ ਹੋਣ ਕਾਰਨ ਵੋਟਿੰਗ ਦਾ ਕੰਮ ਸ਼ੁਰੂ ਹੋਣ ਵਿੱਚ ਦੇਰੀ ਹੋਈ, ਜਿੱਥੇ ਪੂਰੇ ਪੰਜਾਬ ਵਿੱਚ ਵੋਟਾਂ ਸਵੇਰੇ 7 ਵਜੇ ਪੈਣੀਆਂ ਸ਼ੁਰੂ ਹੋਈਆਂ, ਉੱਥੇ ਹੀ ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਿਵੇਂ ਹੀ ਵੋਟ ਪਾਉਣ ਪਹੁੰਚੇ ਤਾਂ ਈ.ਵੀ.ਐੱਮ ਮਸ਼ੀਨ ਖਰਾਬ ਹੋਣ ਕਾਰਨ ਵੋਟ ਨਾ ਪਾ ਸਕੇ ਅਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗੇ।