National
“ਸ਼ਾਂਤੀ ਲਈ ਯੁੱਧ ਜ਼ਰੂਰੀ”

“War is necessary for Peace” ਇਹ ਲਿਖਿਆ ਹੈ ਚੀਨੀ ਲੇਖਕ Sun Tzu ਨੇ ਆਪਣੀ ਕਿਤਾਬ ‘The art of war’ ਵਿੱਚ। ਬਿਲਕੁੱਲ ਲੇਖਕ ਨੇ ਸਹੀ ਕਿਹਾ ਹੈ। ਅਸੀਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਸ਼ਾਂਤੀ ਲਈ ਯੁੱਧ ਜ਼ਰੂਰੀ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਯੁੱਧ ਦੇ ਬੱਦਲ਼ ਛਾਏ ਹੋਏ ਹਨ। ਭਾਰਤ ਨੇ ਓਪਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਵਿਚਲੇ ਅੱਤਵਾਦੀ ਠਿਕਾਣਿਆਂ ਉੱਪਰ ਹਮਲੇ ਸ਼ੁਰੂ ਕਰ ਦਿੱਤੇ ਹਨ।
ਹੁਣ ਤੱਕ ਪ੍ਰਾਪਤ ਹੋਈਆਂ ਖਬਰਾਂ ਅਨੁਸਾਰ ਅੱਤਵਾਦੀਆਂ ਦੇ ਨੌ ਠਿਕਾਣਿਆਂ ਉੱਪਰ ਹਮਲੇ ਕੀਤੇ ਗਏ ਹਨ। ਬਹਾਵਲਪੁਰ ਵਿਖੇ ਕੀਤੇ ਗਏ ਹਮਲੇ ਦੌਰਾਨ ਜੈਸ ਏ ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਦਾ ਪੂਰਾ ਪਰਿਵਾਰ ਮਾਰਿਆ ਗਿਆ ਹੈ। ਉਸਦੇ ਪਰਿਵਾਰ ਦੇ 14 ਮੈਂਬਰ ਮਾਰੇ ਗਏ ਜਿਨ੍ਹਾਂ ਵਿੱਚ ਉਸਦੀ ਭੈਣ ਤੇ ਜੀਜਾ ਵੀ ਸ਼ਾਮਲ ਹੈ। ਇਸ ਸਮੇਂ ਲੋਕਾਂ ਦੇ ਘਰਾਂ ਦੇ ਚਿਰਾਗ਼ ਬੁਝਾਉਣ ਵਾਲਾ ਅਜ਼ਹਰ ਰੋਂਦਾ ਨਜ਼ਰ ਆਇਆ ਹੈ ਅਤੇ ਕਹਿ ਰਿਹਾ ਹੈ ਕਿ ਮੈਂ ਵੀ ਉਨ੍ਹਾਂ ਦੇ ਨਾਲ ਮਰ ਜਾਂਦਾ ਤਾਂ ਚੰਗ਼ਾ ਸੀ। ਇਹ ਅਜ਼ਹਰ ਦੇ ਪਾਪਾਂ ਦਾ ਨਤੀਜਾ ਹੈ ਜੋ ਉਸਦੇ ਪਰਿਵਾਰ ਨੂੰ ਭੁਗਤਣਾ ਪਿਆ।
ਇਸ ਦੌਰਾਨ ਇਹ ਖਬਰਾਂ ਵੀ ਆ ਰਹੀਆਂ ਹਨ ਕਿ ਪਾਕਿਸਤਾਨ ਵੱਲੋਂ ਵੀ ਭਾਰਤ ‘ਤੇ ਮਿਸਾਇਲਾਂ ਦਾਗ਼ੀਆਂ ਜਾ ਰਹੀਆਂ ਹਨ, ਪਾਕਿ ਫੌਜ ਵੱਲੋਂ ਜੰਮੂ ਕਸ਼ਮੀਰ ਦੇ ਪੂੰਛ ਵਿੱਚ ਇੱਕ ਗੁਰਦੁਆਰਾ ਸਾਹਿਬ ਉੱਪਰ ਮਿਸਾਇਲ ਦਾਗ਼ੀ ਗਈ ਜਿਸ ਨਾਲ ਇੱਕ ਰਾਗੀ ਸਿੰਘ ਸਮੇਤ ਕਈ ਲੋਕਾਂ ਦੀਆਂ ਜਾਨਾਂ ਗਈਆਂ ਹਨ।ਭਾਰਤ ਨੂੰ ਸ਼ਾਂਤੀ ਲਈ ਹੀ ਯੁੱਧ ਲੜਨ ਵਾਸਤੇ ਮਜਬੂਰ ਕੀਤਾ ਹੈ ਪਾਕਿਸਤਾਨ ਨੇ ।
ਪਕਿਸਤਾਨ ਲੰਬੇ ਸਮੇਂ ਤੋਂ ਅੱਤਵਾਦੀਆਂ ਨੂੰ ਟ੍ਰੇਨਿੰਗ ਦੇ ਕੇ ਭਾਰਤ ਭੇਜਦਾ ਆ ਰਿਹਾ ਹੈ ਅਤੇ ਭਾਰਤ ਦੀ ਸ਼ਾਂਤੀ ਭੰਗ ਕਰਦਾ ਆ ਰਿਹਾ ਹੈ। ਪਿਛਲੇ ਦਿਨੀਂ ਪਾਕਿਸਤਾਨ ਤੋਂ ਸਿਖਲਾਈ ਲੈਣ ਵਾਲੇ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਇਲਾਕੇ ਪਹਿਲਗਾਮ ਵਿਖੇ 26 ਸੈਲਾਨੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਉਸ ਪਿੱਛੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਲਕਾਰ ਕੇ ਕਿਹਾ ਸੀ ਕਿ ਅੱਤਵਾਦੀਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਵੇਗਾ।
ਅੱਜ ਸੱਤ ਮਈ ਨੂੰ ਸਵੇਰ ਤੋਂ ਭਾਰਤੀ ਹਵਾਈ ਫੌਜ ਨੇ ਪਾਕਿਸਤਨ ਵਿਚਲੇ ਅੱਤਵਾਦੀ ਠਿਕਾਣਿਆਂ ਉੱਪਰ ਹਮਲੇ ਸ਼ੁਰੂ ਕਰ ਦਿੱਤੇ ਹਨ। ਇਹ ਹਮਲੇ ਭਾਰਤ ਦੀ ਸ਼ਾਂਤੀ ਨੂੰ ਕਾਇਮ ਰੱਖਣ ਲਈ ਕੀਤੇ ਜਾ ਰਹੇ ਹਨ। ਭਾਰਤ ਵੱਲੋਂ ਯੁੱਧ ਟਾਲਣ ਦੀ ਕੋਸ਼ਿਸ਼ ਹਮੇਸ਼ਾ ਹੀ ਕੀਤੀ ਜਾਂਦੀ ਰਹੀ ਹੈ। ਯੁੱਧ ਨਾਲ ਹਮੇਸ਼ਾ ਤਬਾਹੀ ਹੁੰਦੀ ਹੈ, ਨਿਰਦੋਸ਼ ਤੇ ਮਸੂਮ ਲੋਕ ਵੀ ਮਰਦੇ ਹਨ ਅਤੇ ਯੁੱਧ ਲੜਨ ਵਾਲੇ ਦੇਸ਼ਾਂ ਦੀ ਆਰਥਿਕਤਾ ਹਿੱਲ ਜਾਂਦੀ ਹੈ।
ਜੰਗਾਂ ਬਾਰੇ Brandt Legg ਕਹਿੰਦੇ ਹਨ,” ਯੁੱਧ ਉਹ ਥਾਂ ਹੈ ਜਿੱਥੇ ਜਵਾਨ ਮੁੰਡੇ ਆਪਣੇ ਹੀ ਵਰਗੇ ਜਵਾਨ ਮੁੰਡਿਆਂ ਦਾ ਕਤਲ ਕਰਦੇ ਹਨ ਜਿਨ੍ਹਾਂ ਨੂੰ ਨਾ ਤਾਂ ਉਹ ਜਾਣਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ। ਇਹ ਕਤਲ ਉਹ ਉਨ੍ਹਾਂ ਬੁੱਢਿਆਂ ਦੇ ਫੈਸਲਿਆਂ ਕਾਰਨ ਕਰਦੇ ਹਨ ਜਿਹੜੇ ਇੱਕ ਦੂਜੇ ਨੂੰ ਜਾਣਦੇ ਵੀ ਹਨ ਤੇ ਇੱਕ ਦੂਜੇ ਨੂੰ ਨਫ਼ਰਤ ਵੀ ਕਰਦੇ ਹਨ ਪਰ ਇੱਕ ਦੂਜੇ ਨੂੰ ਮਾਰਦੇ ਨਹੀਂ। ਲੇਕਿਨ ਪਾਕਿਸਤਾਨ ਨੇ ਭਾਰਤ ਨੂੰ ਮਜ਼ਬੂਰ ਕਰ ਦਿੱਤਾ ਹੈ ਕਿ ਉਹ ਯੁੱਧ ਲੜੇ। ਗੁਰੂ ਗੋਬਿੰਦ ਸਿੰਘ ਜੀ ਜ਼ਫਰਨਾਮੇ ਵਿੱਚ ਕਹਿੰਦੇ ਹਨ,“ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।।” ਮਤਲਬ ਕਿ ਜਦੋਂ ਕਿਸੇ ਮਸਲੇ ਨੂੰ ਸੁਲਝਾਉਣ ਦੇ ਸਾਰੇ ਹੀਲੇ ਖ਼ਤਮ ਹੋ ਜਾਣ ਤਾਂ ਆਖਿਰ ਕਿਰਪਾਨ ਨੂੰ ਹੱਥ ਪਾਉਣਾ ਜਾਇਜ਼ ਹੁੰਦਾ ਹੈ।
ਭਾਰਤ ਨੇ ਹਮੇਸ਼ਾਂ ਹਰ ਹੀਲਾ ਵਰਤਿਆ ਹੈ ਕਿ ਪਾਕਿਸਤਾਨ ਨਾਲ ਚੰਗੇ ਸਬੰਧ ਬਣਾਏ ਜਾਣ ਪਰ ਪਾਕਿਸਤਾਨ ਵੰਡ ਤੋਂ ਲੈ ਕੇ ਹੁਣ ਤੱਕ ਭਾਰਤ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਹਰ ਹੀਲਾ ਵਰਤਦਾ ਆ ਰਿਹਾ ਹੈ। ਹੁਣ ਸਾਰੇ ਹੀਲੇ ਖ਼ਤਮ ਹੋ ਚੁੱਕੇ ਹਨ ਤੇ ਭਾਰਤ ਨੂੰ ਜੰਗ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪਾਕਿਸਤਾਨ ਕੋਲ ਅਜੇ ਵੀ ਸਮਾਂ ਹੈ ਜਦੋਂ ਉਹ ਭਾਰਤ ਵੱਲੋਂ ਅੱਤਵਾਦੀਆਂ ਦੇ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਦਾ ਸਾਥ ਦੇਵੇ ਤਾਂ ਜੋ ਇਸ ਖਿੱਤੇ ਵਿੱਚੋਂ ਅੱਤਵਾਦ ਨੂੰ ਜੜ੍ਹੋਂ ਮੁਕਾਇਆ ਜਾਵੇ ਲੇਕਿਨ ਜੇਕਰ ਪਾਕਿਸਤਾਨ ਨੇ ਸਾਥ ਦੇਣ ਦੀ ਬਜਾਏ ਯੁੱਧ ਦਾ ਰਾਹ ਚੁਣਿਆ ਤਾਂ ਪਕਿਸਤਾਨ ਦੀ ਬਰਬਾਦੀ ਨਿਸਚਿਤ ਹੈ। ਪਾਕਿਸਤਾਨ ਕੋਲ ਮੌਕਾ ਹੈ ਤੇ ਉਸਨੂੰ ਮੌਕਾ ਨਹੀਂ ਗਵਾਉਣਾ ਚਾਹੀਦਾ।