Punjab
“ਰਾਜਿਆ ਤੇਰੇ ਸਸਪੈਂਡ ਕਰਨ ਨਾਲ ਕੀ ਫਰਕ ਪੈਂਦਾ ਏ ਦਿੱਲੀ ਵਾਲੇ ਤਾਂ ਮੇਰੇ ਨਾਲ ਨੇ”
ਪੰਜਾਬ ਦੀ ਸਿਆਸਤ ਵਿੱਚ ਕਈ ਵਾਰ ਐਸੇ ਦ੍ਰਿਸ਼ ਬਣ ਜਾਂਦੇ ਨੇ ਜਿੱਥੇ ਫ਼ੈਸਲੇ ਘੱਟ ਤੇ ਸੁਨੇਹੇ ਵੱਧ ਹੁੰਦੇ ਨੇ। ਡਾ. ਨਵਜੋਤ ਕੌਰ ਸਿੱਧੂ ਨੂੰ ਪੰਜਾਬ ਕਾਂਗਰਸ ਵੱਲੋਂ ਸਸਪੈਂਡ ਕਰਨ ਦਾ ਫ਼ੈਸਲਾ ਵੀ ਕੁੱਝ ਐਸਾ ਹੀ ਲੱਗਦਾ ਹੈ—ਜਿਵੇਂ ਚਿੱਠੀ ਤਾਂ ਭੇਜ ਦਿੱਤੀ ਹੋਵੇ ਪਰ ਪੜ੍ਹਨ ਵਾਲਾ ਪਹਿਲਾਂ ਹੀ ਦਿੱਲੀ ਦੀ ਟਿਕਟ ਕੱਟ ਕੇ ਬੈਠਾ ਹੋਵੇ।
ਡਾ. ਸਿੱਧੂ ਨੇ ਆਪਣੀ ਹੀ ਪਾਰਟੀ ਦੇ ਆਗੂਆਂ ਖ਼ਿਲਾਫ਼ ਜੋ ਗੋਲਾਬਾਰੀ ਕੀਤੀ, ਉਹ ਸਧਾਰਣ ਨਹੀਂ ਸੀ। 500 ਕਰੋੜ ਦੇ ਅਟੈਚੀ ਤੋਂ ਲੈ ਕੇ ਰਾਜਸਥਾਨ ਵਿੱਚ ਟਿਕਟਾਂ ਦੇ ਭਾਅ ਤੱਕ, ਇਲਜ਼ਾਮ ਐਸੇ ਸਨ ਕਿ ਕਾਂਗਰਸ ਦੀ ਅੰਦਰੂਨੀ ਗੱਲਬਾਤ ਅਚਾਨਕ ਟੀਵੀ ਡਿਬੇਟ ਬਣ ਗਈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਲਈ ਇਹ ਬਿਆਨਬਾਜ਼ੀ ਅਨੁਸ਼ਾਸਨ ਦੀ ਲਕੀਰ ਤੋਂ ਕਾਫ਼ੀ ਅੱਗੇ ਨਿਕਲ ਗਈ, ਤੇ ਨਤੀਜਾ ਆਇਆ—ਸਸਪੈਂਸ਼ਨ।
ਪਰ ਸਸਪੈਂਸ਼ਨ ਨਾਲ ਜੇ ਕਿਸੇ ਦੇ ਤੇਵਰ ਨਰਮ ਹੋਣੇ ਸਨ, ਉਹ ਹੋਏ ਨਹੀਂ। ਉਲਟ ਦ੍ਰਿਸ਼ ਇਹ ਬਣਿਆ ਕਿ ਜਿਧਰ ਪੰਜਾਬ ਕਾਂਗਰਸ “ਮੁਅੱਤਲ” ਦਾ ਬੋਰਡ ਲਗਾ ਰਹੀ ਸੀ, ਉਧਰ ਦਿੱਲੀ ਤੋਂ ਸੱਦੇ ਆ ਰਹੇ ਸਨ। ਭਾਜਪਾ ਦੇ ਖ਼ਿਲਾਫ਼ ਹੋਣ ਵਾਲੀ ਰੈਲੀ ਲਈ ਨਵਜੋਤ ਕੌਰ ਸਿੱਧੂ ਨੂੰ ਸੱਦਾ ਮਿਲਣਾ ਤੇ ਫਿਰ ਪ੍ਰਿਯੰਕਾ ਗਾਂਧੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਦਾ ਸਮਾਂ ਦੇਣਾ—ਇਹ ਸਭ ਕੁਝ ਅਚਾਨਕ ਨਹੀਂ ਲੱਗਦਾ। ਸਿਆਸਤ ਵਿੱਚ ਅਕਸਰ “ਚੁੱਪ” ਵੀ ਬਿਆਨ ਹੁੰਦੀ ਹੈ, ਤੇ ਇੱਥੇ ਦਿੱਲੀ ਦੀ ਚੁੱਪ ਕਾਫ਼ੀ ਬੋਲਦੀ ਨਜ਼ਰ ਆ ਰਹੀ ਹੈ।
ਇਸ ਸਾਰੀ ਕਹਾਣੀ ਵਿੱਚ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਸਸਪੈਂਡ ਹੋ ਕੇ ਵੀ ਡਾ. ਸਿੱਧੂ ਹਾਸ਼ੀਏ ’ਤੇ ਨਹੀਂ ਗਈ। ਦਿੱਲੀ ਦੀ ਰੈਲੀ, ਹਾਈ ਕਮਾਂਡ ਨਾਲ ਮੁਲਾਕਾਤ—ਇਹ ਸਭ ਕੁਝ ਇੰਝ ਲੱਗਦਾ ਹੈ ਜਿਵੇਂ ਸਸਪੈਂਸ਼ਨ ਸਿਰਫ਼ ਕਾਗ਼ਜ਼ਾਂ ’ਚ ਹੋਵੇ, ਸਿਆਸੀ ਮੈਦਾਨ ਵਿੱਚ ਨਹੀਂ। ਰਾਜਾ ਵੜਿੰਗ ਲਈ ਇਹ ਸਥਿਤੀ ਔਖੀ ਹੈ—ਫ਼ੈਸਲਾ ਵੀ ਉਹਨਾਂ ਦਾ, ਪਰ ਸੰਦੇਸ਼ ਇਹ ਜਾ ਰਿਹਾ ਹੈ ਕਿ ਅਸਲ ਤਾਕਤ ਕਿੱਥੇ ਹੈ, ਇਹ ਸਾਰੇ ਜਾਣਦੇ ਨੇ।
ਇਸ ਲਈ ਜਦੋਂ ਇਹ ਮਹਿਸੂਸ ਹੁੰਦਾ ਹੈ ਕਿ ਡਾ. ਨਵਜੋਤ ਕੌਰ ਸਿੱਧੂ ਦੇ ਰੁਖ ਵਿੱਚ ਕੋਈ ਤਬਦੀਲੀ ਨਹੀਂ ਆਈ, ਤਾਂ ਉਹ ਜੁਮਲਾ ਆਪ ਹੀ ਹਵਾ ਵਿੱਚ ਤੈਰਦਾ ਸੁਣਾਈ ਦਿੰਦਾ ਹੈ—“ਰਾਜਿਆ, ਤੇਰੇ ਸਸਪੈਂਡ ਕਰਨ ਨਾਲ ਕੀ ਫਰਕ ਪੈਂਦਾ ਏ, ਦਿੱਲੀ ਵਾਲੇ ਤਾਂ ਮੇਰੇ ਨਾਲ ਨੇ।” ਪੰਜਾਬੀ ਸਿਆਸਤ ਵਿੱਚ ਕਈ ਵਾਰ ਸਸਪੈਂਸ਼ਨ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਕਿਸ ਨੂੰ ਕਿੱਥੋਂ ਸੱਦਾ ਆ ਰਿਹਾ ਹੈ। ਤੇ ਫਿਲਹਾਲ, ਸੱਦੇ ਦਿੱਲੀ ਤੋਂ ਆ ਰਹੇ ਨੇ। ਜੇਕਰ ਡਾ. ਨਵਜੋਤ ਕੌਰ ਸਿੱਧੂ ਆਪਣੇ ਵੱਲੋਂ ਲਗਾਏ ਗਏ ਇਲਜ਼ਾਮਾਂ ਦੇ ਠੋਸ ਸਬੂਤ ਪਾਰਟੀ ਹਾਈ ਕਮਾਂਡ ਨੂੰ ਸੌਂਪ ਦਿੰਦੀ ਹੈ ਜਾਂ ਜਨਤਕ ਕਰ ਦਿੰਦੀ ਤਾਂ ਇਹ ਮਾਮਲਾ ਸਿਰਫ਼ ਪਾਰਟੀ ਅਨੁਸ਼ਾਸਨ ਜਾਂ ਅੰਦਰੂਨੀ ਕਲੇਸ਼ ਤੱਕ ਸੀਮਤ ਨਹੀਂ ਰਹੇਗਾ, ਬਲਕਿ ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਭੂਚਾਲ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਹੁਣ ਤੱਕ ਇਹ ਗੱਲਾਂ “ਬਿਆਨ” ਅਤੇ “ਇਲਜ਼ਾਮ” ਦੇ ਘੇਰੇ ’ਚ ਹਨ, ਪਰ ਜਿਵੇਂ ਹੀ ਸਬੂਤ ਸਾਹਮਣੇ ਆਏ, ਕਹਾਣੀ ਦਾ ਰੁਖ ਪੂਰੀ ਤਰ੍ਹਾਂ ਬਦਲ ਜਾਵੇਗਾ।
ਡਾ. ਸਿੱਧੂ ਨੇ ਜੋ ਦੋਸ਼ ਲਗਾਏ ਹਨ, ਉਹ ਛੋਟੇ ਮੋਟੇ ਨਹੀਂ। ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਦੇ ਅਟੈਚੀ ਦੀ ਗੱਲ ਹੋਵੇ ਜਾਂ ਫਿਰ ਟਿਕਟਾਂ ਦੇ ਸੌਦੇ—ਇਹ ਦੋਸ਼ ਸਿੱਧੇ ਤੌਰ ’ਤੇ ਪਾਰਟੀ ਦੀ ਨੈਤਿਕਤਾ, ਫੰਡਿੰਗ ਅਤੇ ਫੈਸਲਾ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰਦੇ ਹਨ। ਇਸਦੇ ਨਾਲ ਹੀ ਰਾਜਾ ਵੜਿੰਗ ਵੱਲੋਂ 2500 ਏਕੜ ਜ਼ਮੀਨ ‘ਤੇ ਕਬਜ਼ਾ। ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਪਾਰਟੀ ਦੇ ਅੰਦਰ ਹੀ ਅਹੁਦੇ ਅਤੇ ਟਿਕਟਾਂ ਦਾ “ਭਾਅ” ਲੱਗਦਾ ਰਿਹਾ ਹੈ, ਤਾਂ ਕਾਂਗਰਸ ਸਿਰਫ਼ ਸਿਆਸੀ ਨਹੀਂ, ਕਾਨੂੰਨੀ ਮੁਸੀਬਤਾਂ ਵਿੱਚ ਵੀ ਫਸ ਸਕਦੀ ਹੈ।
ਇੱਥੇ ਸਭ ਤੋਂ ਵੱਡਾ ਸਵਾਲ ਇਹ ਬਣਦਾ ਹੈ ਕਿ ਡਾ. ਸਿੱਧੂ ਇਹ ਸਬੂਤ ਕਿਹੜੇ ਫੋਰਮ ’ਤੇ ਰੱਖਦੀ ਹੈ। ਜੇ ਇਹ ਸਬੂਤ ਹਾਈ ਕਮਾਂਡ ਦੇ ਸਾਹਮਣੇ ਜਾਂ ਜਾਂਚ ਏਜੰਸੀਆਂ ਕੋਲ ਪੇਸ਼ ਹੁੰਦੇ ਹਨ, ਤਾਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਾ ਪੂਰਾ ਢਾਂਚਾ ਹਿੱਲ ਸਕਦਾ ਹੈ। ਕਈ ਵੱਡੇ ਚਿਹਰੇ, ਜੋ ਅੱਜ ਤੱਕ ਸਿਆਸਤ ਦੇ ਕੇਂਦਰ ਵਿੱਚ ਹਨ, ਅਚਾਨਕ ਰੱਖਿਆ ਦੀ ਭੂਮਿਕਾ ਵਿੱਚ ਆ ਸਕਦੇ ਹਨ।
ਇਸ ਸਥਿਤੀ ਵਿੱਚ ਰਾਜਾ ਵੜਿੰਗ ਲਈ ਵੀ ਮਾਮਲਾ ਸੌਖਾ ਨਹੀਂ ਰਹੇਗਾ। ਹੁਣ ਤੱਕ ਉਹ ਅਨੁਸ਼ਾਸਨ ਦੀ ਗੱਲ ਕਰ ਕੇ ਸਸਪੈਂਸ਼ਨ ਨੂੰ ਜਾਇਜ਼ ਠਹਿਰਾ ਰਹੇ ਹਨ, ਪਰ ਜੇ ਇਲਜ਼ਾਮ ਸੱਚ ਸਾਬਤ ਹੋ ਜਾਂਦੇ ਹਨ, ਤਾਂ ਸਵਾਲ ਉਨ੍ਹਾਂ ਦੀ ਭੂਮਿਕਾ ’ਤੇ ਵੀ ਆਵੇਗਾ ਕਿ ਕੀ ਉਨ੍ਹਾਂ ਨੇ ਗਲਤੀਆਂ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਜਾਂ ਨਹੀਂ। ਅਨੁਸ਼ਾਸਨ ਅਤੇ ਭ੍ਰਿਸ਼ਟਾਚਾਰ ਵਿਚਕਾਰ ਦੀ ਲਕੀਰ ਇੱਥੇ ਕਾਫ਼ੀ ਬਾਰੀਕ ਹੋ ਜਾਏਗੀ।
ਦੂਜੇ ਪਾਸੇ, ਦਿੱਲੀ ਦੀ ਹਾਈ ਕਮਾਂਡ ਲਈ ਇਹ ਮਾਮਲਾ ਅੱਗ ’ਤੇ ਚੱਲਣ ਵਰਗਾ ਹੋਵੇਗਾ। ਇੱਕ ਪਾਸੇ ਪਾਰਟੀ ਦੀ ਸਾਖ ਬਚਾਉਣ ਦੀ ਚੁਣੌਤੀ ਹੈ, ਦੂਜੇ ਪਾਸੇ ਪੰਜਾਬ ਵਰਗੇ ਸੂਬੇ ਵਿੱਚ ਪਹਿਲਾਂ ਹੀ ਕਮਜ਼ੋਰ ਹੋ ਚੁੱਕੀ ਕਾਂਗਰਸ ਨੂੰ ਹੋਰ ਝਟਕਾ ਲੱਗ ਸਕਦਾ ਹੈ। ਜੇਕਰ ਸਬੂਤ ਮਜ਼ਬੂਤ ਹਨ, ਤਾਂ ਹਾਈ ਕਮਾਂਡ ਨੂੰ ਕਠੋਰ ਫੈਸਲੇ ਕਰਨੇ ਪੈ ਸਕਦੇ ਹਨ—ਚਾਹੇ ਉਹ ਵੱਡੇ ਆਗੂਆਂ ਨੂੰ ਹਟਾਉਣਾ ਹੋਵੇ ਜਾਂ ਪੂਰੇ ਸੰਗਠਨ ਦੀ ਦੁਬਾਰਾ ਬਣਤਰ।
ਸਿਆਸੀ ਤੌਰ ’ਤੇ ਸਭ ਤੋਂ ਵੱਡਾ ਨੁਕਸਾਨ ਇਹ ਹੋ ਸਕਦਾ ਹੈ ਕਿ ਵਿਰੋਧੀ ਪਾਰਟੀਆਂ ਨੂੰ ਇੱਕ ਵੱਡਾ ਹਥਿਆਰ ਮਿਲ ਜਾਵੇ। ਆਮ ਆਦਮੀ ਪਾਰਟੀ ਅਤੇ ਭਾਜਪਾ ਪਹਿਲਾਂ ਹੀ ਕਾਂਗਰਸ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੀਆਂ ਰਹੀਆਂ ਹਨ। ਡਾ. ਸਿੱਧੂ ਦੇ ਸਬੂਤ ਉਹਨਾਂ ਦੋਸ਼ਾਂ ਨੂੰ ਨਵੀਂ ਧਾਰ ਦੇ ਸਕਦੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਲਈ ਮੈਦਾਨ ਹੋਰ ਔਖਾ ਬਣ ਸਕਦਾ ਹੈ।
ਹਾਲਾਂਕਿ, ਇੱਕ ਹੋਰ ਪੱਖ ਵੀ ਹੈ। ਜੇਕਰ ਡਾ. ਸਿੱਧੂ ਸਬੂਤ ਪੇਸ਼ ਨਹੀਂ ਕਰ ਪਾਉਂਦੀ ਜਾਂ ਇਲਜ਼ਾਮ ਕੱਚੇ ਸਾਬਤ ਹੁੰਦੇ ਹਨ, ਤਾਂ ਇਹ ਉਨ੍ਹਾਂ ਦੀ ਆਪਣੀ ਸਿਆਸੀ ਭਰੋਸੇਯੋਗਤਾ ਨੂੰ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ। ਫਿਰ ਸਸਪੈਂਸ਼ਨ ਨੂੰ “ਅਨੁਸ਼ਾਸਨਾਤਮਕ ਕਾਰਵਾਈ” ਕਹਿਣ ਵਾਲੀ ਦਲੀਲ ਮਜ਼ਬੂਤ ਹੋ ਜਾਏਗੀ ਅਤੇ ਸਿੱਧੂ ਜੋੜੇ ਲਈ ਰਸਤਾ ਹੋਰ ਮੁਸ਼ਕਲ ਹੋ ਸਕਦਾ ਹੈ।
ਇਸ ਲਈ ਇਹ ਮਾਮਲਾ ਹੁਣ ਸਿਰਫ਼ ਬਿਆਨਾਂ ਦੀ ਲੜਾਈ ਨਹੀਂ ਰਿਹਾ। ਗੇਂਦ ਹੁਣ ਡਾ. ਨਵਜੋਤ ਕੌਰ ਸਿੱਧੂ ਦੇ ਪਾਲੇ ਵਿੱਚ ਹੈ। ਜੇ ਸਬੂਤ ਆਉਂਦੇ ਹਨ, ਤਾਂ ਪੰਜਾਬ ਕਾਂਗਰਸ ਵਿੱਚ ਹੜਕੰਪ ਮਚਣਾ ਤੈਅ ਹੈ ਅਤੇ ਕਈ ਵੱਡੀਆਂ ਕੁਰਸੀਆਂ ਹਿੱਲ ਸਕਦੀਆਂ ਹਨ। ਨਹੀਂ ਤਾਂ ਇਹ ਕਹਾਣੀ ਵੀ ਪੰਜਾਬੀ ਸਿਆਸਤ ਦੀਆਂ ਅਣਗਿਣਤ ਵਿਵਾਦਿਤ ਕਹਾਣੀਆਂ ਵਿੱਚ ਸ਼ਾਮਲ ਹੋ ਜਾਵੇਗੀ। ਅਗਲੇ ਕੁਝ ਦਿਨ ਇਹ ਤੈਅ ਕਰਨਗੇ ਕਿ ਇਹ ਮਾਮਲਾ ਇਤਿਹਾਸ ਬਣਦਾ ਹੈ ਜਾਂ ਸਿਰਫ਼ ਹੈਡਲਾਈਨ।

