Politics
ਬਾਦਲ ਜੋੜੇ ਦੀ ਗ੍ਰਿਫ਼ਤਾਰੀ ਦੇ ਬਾਅਦ ਕੀ ਹੈ ਅਕਾਲੀ ਦਲ ਦਾ ਅਗਲਾ ਪਲਾਨ ?
ਖੇਤੀ ਬਿੱਲ ਖਿਲਾਫ ਅਕਾਲੀਆਂ ਦੇ ਮਾਰਚ ਤੇ ਲਾਠੀਚਾਰਜ ,ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੂੰ ਕੀਤਾ ਗਿਆ ਗ੍ਰਿਫ਼ਤਾਰ
2 ਅਕਤੂਬਰ : ਪੰਜਾਬ ਵਿੱਚ ਖੇਤੀ ਸੁਧਾਰ ਬਿੱਲ ਦਾ ਮੁੱਦਾ ਪੂਰਾ ਗਰਮ ਹੈ,ਜਿਸ ਵਿੱਚ ਕਿਸਾਨਾਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਖੂਬ ਹਿੱਸਾ ਲੈ ਰਹੀਆਂ ਹਨ।ਸ਼੍ਰੋਮਣੀ ਅਕਾਲੀ ਦਲ ਨੇ ਇਸ ਬਿੱਲ ਲੈ ਕੇ ਸ਼ੁਰੂ ਕੀਤੇ ਆਪਣੇ ਮਾਰਚ ਦੌਰਾਨ ਕਾਫ਼ੀ ਹੰਗਾਮਾ ਕੀਤਾ।ਬੀਤੇ ਦਿਨ ਕਿਸਾਨ ਵਿਰੋਧੀ ਬਿੱਲ ਖਿਲਾਫ ਅਕਾਲੀ ਜੋੜੇ ਵੱਲੋਂ ਰੋਸ ਮਾਰਚ ਸ਼ੁਰੂ ਕੀਤਾ ਗਿਆ ਸੀ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਅਕਾਲ ਤਖ਼ਤ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਇਸ ਮਾਰਚ ਦੀ ਸ਼ੁਰੂਆਤ ਕੀਤੀ ਸੀ ਅਤੇ ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਹਰਸਿਮਮਰਤ ਕੌਰ ਬਾਦਲ ਨੇ ਅਕਾਲ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਤੋਂ ਆਪਣੇ ਕਾਫਲੇ ਨਾਲ ਇਸ ਮਾਰਚ ਨੂੰ ਸ਼ੁਰੂ ਕੀਤਾ। ਸੁਖਬੀਰ ਬਾਦਲ ਨੇ ਆਪਣੇ ਕਾਫਲੇ ਸਮੇਤ ਮੁੱਲਾਂ ਪੁਰ ਦੇ ਰਸਤੇ ਤੋਂ ਚੰਡੀਗੜ੍ਹ ਦਾਖਿਲ ਹੋਣਾ ਸੀ ਜਦਕਿ ਹਰਸਿਮਰਤ ਨੇ ਬਾਦਲ ਨੇ ਜ਼ੀਰਕਪੁਰ ਵਾਲੇ ਰਸਤੇ ਤੋਂ।
ਜਦੋਂ ਸੁਖਬੀਰ ਬਾਦਲ ਨੇ ਚੰਡੀਗੜ੍ਹ ਬੈਰੀਗੇਡ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮੀਜੀਠੀਆ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਸਮੇਂ ਦੌਰਾਨ ਮੱਚੀ ਖਲਬਲੀ ਵਿੱਚ ਅਕਾਲੀ ਦਲ ਵਰਕਰਾਂ ਅਤੇ ਇਕੱਠ ਤੇ ਲਾਠੀਚਾਰਜ ਕੀਤਾ ਗਿਆ ਤੇ ਪਾਣੀ ਦੀਆਂ ਬੌਛਾਰਾਂ ਦਾ ਵੀ ਅਕਾਲੀ ਦਲ ਕਾਫ਼ਲੇ ਨੂੰ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਹਰਸਿਮਰਤ ਬਾਦਲ ਅਤੇ ਬੰਟੀ ਰੋਮਾਣਾ ਜਦ ਆਪਣੇ ਕਾਫ਼ਲੇ ਸਮੇਤ ਪਹੁੰਚੇ ਤਾਂ ਉਹਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ,ਜਿਸਦੇ ਬਾਅਦ ਇਹਨਾਂ ਨੂੰ ਸੈਕਟਰ 17 ਦੇ ਥਾਣੇ ਵਿੱਚ ਲਿਜਾਇਆ ਗਿਆ।
ਇਸ ਮਾਰਚ ਵਿੱਚ ਸੁਖਬੀਰ ਸਿੰਘ ਬਾਦਲ,ਹਰਸਿਮਰਤ ਕੌਰ ਬਾਦਲ,ਬਿਕਰਮ ਮਜੀਠੀਆ,ਬੀਬੀ ਜੰਗੀਰ ਕੌਰ,ਪਰਮਬੰਸ ਬੰਟੀ ਰੋਮਾਣਾ ਅਤੇ ਹੋਰ ਕਈ ਅਕਾਲੀ ਆਗੂ ਸਨ ਜਿੰਨ੍ਹਾਂ ਦੀ ਗ੍ਰਿਫ਼ਤਾਰੀ ਹੋਈ।
ਚੰਡੀਗੜ੍ਹ-ਜ਼ੀਰਕਪੁਰ ਸੜਕ ਤੇ ਅਕਾਲੀ ਦੇ ਮਾਰਚ ਕਾਰਨ ਜਾਮ ਲੱਗ ਗਿਆ ਜੋ ਦੇਰ ਰਾਤ ਤੱਕ ਜਾਰੀ ਰਿਹਾ। ਅਕਾਲੀ ਦਲ ਦੇ ਇਸ ਮਾਰਚ ਨੂੰ ਸ਼ਹਿਰ ਵਿੱਚ ਦਾਖ਼ਿਲ ਹੋਣ ਤੋਂ ਰੋਕਣ ਲਈ ਬੈਰੀਗੇਡ ਲਾਏ ਗਏ ਸਨ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਤਾਇਨਾਤ ਸੀ।
ਸੁਖਬੀਰ ਬਾਦਲ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ‘ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦੇਣ ਲਈ ਸ਼ਾਂਤਮਈ ਢੰਗ ਨਾਲ ਜਾਣ ਦੇ ਬਾਵਜੂਦ ਸਾਡੇ ਉੱਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ। ਕਿਸਾਨਾਂ ਦੀ ਆਵਾਜ਼ ਕੁਚਲਣ ਲਈ ਪੁਲਿਸ ਨੇ ਬਜ਼ੁਰਗਾਂ ਤੇ ਔਰਤਾਂ ਉੱਤੇ ਵੀ ਅੱਤਿਆਚਾਰ ਕਰਨ ਤੋਂ ਲਿਹਾਜ਼ ਨਹੀਂ ਕੀਤੀ, ਪਰ ਜ਼ੁਲਮ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਕਿਸਾਨਾਂ ਦੀ ਆਵਾਜ਼ ਦਬਾਈ ਨਹੀਂ ਜਾ ਸਕੇਗੀ।
ਹਰਸਿਮਰਤ ਕੌਰ ਬਾਦਲ ਨੇ ਵੀ ਇਸ ਬਾਰੇ ਟਿੱਪਣੀ ਕਰਦੇ ਹੋਏ ਕਿਹਾ ‘ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਆਵਾਜ਼ ਚੁੱਕਣ ਬਦਲੇ ਸਾਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਪਰ ਅਸੀਂ ਸੱਚਾਈ ਦੀ ਪੈਰਵੀ ਕਰ ਰਹੇ ਹਾਂ ਅਤੇ ਇਸ ਜ਼ੋਰ ਜ਼ਬਰ ਨਾਲ ਸਾਡੀ ਸੱਚਾਈ ਦੀ ਆਵਾਜ਼ ਦਬਾਈ ਨਹੀਂ ਜਾ ਸਕੇਗੀ।
ਇਸ ਗ੍ਰਿਫ਼ਤਾਰੀ ਦੇ ਬਾਅਦ ਜਿੱਥੇ ਅਕਾਲੀ ਦਲ ਨੇ ਸੋਸ਼ਲ ਮੀਡੀਆ ਤੇ ਟਿੱਪਣੀਆਂ ਰਾਹੀਂ ਆਪਣੇ ਵਿਚਾਰ ਦਿੱਤੇ ਉੱਥੇ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਹੁਣ ਪਾਰਟੀ ਮੀਟਿੰਗ ਕਰਾਂਗੇ।
Continue Reading