Connect with us

Punjab

“ਬਹੁਤੇ ਸਿਆਣੇ ” ਲੋਕ ਰਾਜਨੀਤੀ ਵਿੱਚ ਸਫਲ ਕਿਉੰ ਨਹੀਂ ਹੁੰਦੇ?

Published

on

 ਰਾਜਨੀਤੀ ਵੀ ਇੱਕ ਅਜੀਬ ਅਖਾੜਾ ਹੈ ਜਿਸ ਵਿੱਚ ਇਹ ਨਹੀਂ ਪਤਾ ਹੁੰਦਾ ਕਿ ਕਿਹੜਾ ਸਿਆਸੀ ਮੱਲ ਮੱਲਾਂ ਮਾਰੇਗਾ ਤੇ ਕਿਹੜਾ ਮੂੱਧੇ ਮੂੰਹ ਗਿਰੇਗਾ? ਲੇਕਿਨ ਹੁਣ ਤੱਕ ਮੈਂ ਆਪਣੇ ਜੀਵਨ ਵਿੱਚ ਜੋ ਵੇਖਿਆ ਤੇ ਮਹਿਸੂਸ ਕੀਤਾ ਹੈ ਉਸ ਮੁਤਾਬਿਕ ਸਿਆਸਤ ਦੇ ਖੇਤਰ ਵਿੱਚ ਸਿਆਣਪਾਂ ਕੰਮ ਨਹੀਂ ਕਰਦੀਆਂ। ਇਸ ਲੇਖ ਵਿੱਚ ਇਹ ਜਾਨਣ ਦੀ ਕੋਸ਼ਿਸ ਕਰਾਂਗੇ ਕਿ”ਬਹੁਤੇ ਸਿਆਣੇ” ਲੋਕ ਜਿਹੜੇ ਚੰਗੇ ਬੁਲਾਰੇ ਤੇ ਚੰਗਾ ਗਿਆਨ ਵੀ ਰੱਖਦੇ ਹਨ ਉਨ੍ਹਾਂ ਨੂੰ ਸਿਆਸੀ ਖੇਤਰ ਵਿੱਚ ਸਫਲਤਾ ਕਿਉੰ ਨਹੀਂ ਮਿਲੀ ? ਇਨ੍ਹਾਂ ਸਿਆਣੇ ਲੋਕਾਂ ਵਿੱਚ ਵੱਡੇ ਨਾਮ ਹਨ, ਮਰਹੂਮ ਸ. ਬੀਰਦਵਿੰਦਰ ਸਿੰਘ, ਸ. ਜਗਮੀਤ ਸਿੰਘ ਬਰਾੜ, ਸ.ਗੁਰਤੇਜ ਸਿੰਘ ਆਈ ਏ ਐਸ,ਯੋਗੇਂਦਰ ਯਾਦਵ, ਕੁਮਾਰ ਵਿਸ਼ਵਾਸ, ਨਵਜੋਤ ਸਿੰਘ ਸਿੱਧੂ , ਸੁਖਪਾਲ ਸਿੰਘ ਖਹਿਰਾ ਅਤੇ ਹੁਣ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਵਿੱਚੋਂ ਮੁਅੱਤਲ ਕੀਤੇ ਗਏ ਸਾਬਕਾ ਆਈ ਪੀ ਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ। ਇਹ ਲੋਕ ਬਹੁਤ ਸਿਆਣੇ ਲੋਕ ਸਮਝੇ ਜਾਂਦੇ ਹਨ ਅਤੇ ਚੰਗੇ ਬੁਲਾਰੇ ਵੀ ਹਨ ਪਰ ਸਿਆਸਤ ਵਿੱਚ ਇਨ੍ਹਾਂ ਵਿੱਚੋਂ ਕੋਈ ਵੀ ਵਿਅਕਤੀ ਕਾਮਯਾਬ ਨਹੀਂ ਹੋਇਆ।

ਇਨ੍ਹਾਂ ਸਾਰਿਆਂ ਵਿੱਚੋਂ ਇੱਕ ਸ.ਬੀਰ ਦਵਿੰਦਰ ਸਿੰਘ ਇਸ ਦੁਨੀਆਂ ਵਿੱਚ ਨਹੀਂ ਰਹੇ ਮੈਂ ਇੱਕ ਵਾਰ ਉਨ੍ਹਾਂ ਦੀ ਇੰਟਰਵਿਊ ਕਰਨ ਲਈ ਉਨ੍ਹਾਂ ਦੇ ਘਰ ਗਿਆ ਸੀ ਤਾਂ ਅਸੀਂ ਇੰਟਰਵਿਊ ਤੋਂ ਪਹਿਲਾਂ ਲੱਗਭਗ ਇੱਕ ਘੰਟਾ ਸਿਆਸੀ ਮਹੌਲ ਬਾਰੇ ਗੱਲਬਾਤ ਕੀਤੀ ਸੀ। ਉਨ੍ਹਾਂ ਨੂੰ ਹਰ ਖ਼ੇਤਰ ਦਾ ਚੰਗਾ ਗਿਆਨ ਸੀ ਪਰ ਸਿਆਸਤ ਵਿੱਚ ਅਸਫ਼ਲ ਰਹੇ ਸਨ। ਉਨ੍ਹਾਂ ਦਾ ਸੁਭਾਅ ਸੀ ਸਰਕਾਰ ਦੀ ਆਲੋਚਨਾ ਕਰਨਾ ਭਾਵੇਂ ਸਰਕਾਰ ਉਨ੍ਹਾਂ ਦੀ ਪਾਰਟੀ ਦੀ ਕਿਉੰ ਨਾ ਹੋਵੇ। ਉਹ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਖ਼ਿਲਾਫ਼ ਵੀ ਕਈ ਵਾਰੀ ਜਨਤਕ ਤੌਰ ‘ਤੇ ਟਿੱਪਣੀਆਂ ਕਰਦੇ ਰਹਿੰਦੇ ਸਨ। ਇਸੇ ਤਰ੍ਹਾਂ ਜਗਮੀਤ ਸਿੰਘ ਬਰਾੜ ਵੀ ਚੰਗੇ ਸਿਆਸੀ ਗਿਆਨੀ ਤੇ ਚੰਗੇ ਬੂਲਾਰੇ ਹਨ ਉਹ ਵੀ ਕਾਮਯਾਬ ਨਹੀਂ ਹੋਏ। ਉਨ੍ਹਾਂ ਨੇ ਵੀ ਬਾਗੀ ਸੁਭਾਅ ਕਾਰਨ ਬਹੁਤੀ ਸਫਲਤਾ ਹਾਸਲ ਨਹੀਂ ਕੀਤੀ। ਆਮ ਆਦਮੀ ਪਾਰਟੀ ਦੇ ਮੁਢਲੇ ਆਗੂਆਂ ਵਿੱਚੋਂ ਇੱਕ ਯੋਗੇਂਦਰ ਯਾਦਵ ਵੀ ਚੰਗੇ ਪੜ੍ਹੇ ਲਿਖੇ ਤੇ ਸਿਆਣੇ ਲੀਡਰ ਹਨ ਪਰ ਉਨ੍ਹਾਂ ਦਾ ਕੀ ਹਾਲ ਹੋਇਆ ਉਹ ਵੀ ਤੁਹਾਨੂੰ ਸਭ ਨੂੰ ਪਤਾ ਹੀ ਹੈ।

ਨਵਜੋਤ ਸਿੰਘ ਸਿੱਧੂ ਜੋ ਕਦੇ ਭਾਜਪਾ ਤੇ ਕਦੇ ਕਾਂਗਰਸ ਵਿੱਚ ਰਹਿ ਕੇ ਮੁੱਖ ਮੰਤਰੀ ਦੀ ਕੁਰਸੀ ਵੱਲ ਨਜ਼ਰਾਂ ਰੱਖਦੇ ਰਹੇ, ਕਾਂਗਰਸ ਸਰਕਾਰ ਸਮੇਂ ਪੰਜਾਬ ਦੇ ਮੰਤਰੀ ਵੀ ਬਣੇ ਪਰ ਮੰਤਰਾਲਾ ਸੰਭਾਲਿਆ ਹੀ ਨਹੀਂ ਤੇ ਆਖਿਰ ਅਸਫਲ ਹੋ ਕੇ ਘਰ ਬੈਠ ਗਏ। ਇਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਵੀ ਆਮ ਆਦਮੀ ਪਾਰਟੀ ਵਿੱਚ ਆਏ ਅਤੇ ਉਨ੍ਹਾਂ ਦੀ ਅੱਖ ਵੱਡੀਆਂ ਕੁਰਸੀਆਂ ਵੱਲ ਸੀ। ਉਹ ਤਾਂ ਹਾਈ ਕਮਾਂਡ ਨੂੰ ਹੀ ਚੈਲੇਂਜ ਕਰਨ ਲੱਗ ਪਏ ਸਨ, ਸਫਲ ਤਾਂ ਕੀ ਹੋਣਾ ਸੀ ਜੇਲ੍ਹ ਯਾਤਰਾ ਕਰਨੀ ਪੈ ਗਈ। ਕੁਮਾਰ ਵਿਸ਼ਵਾਸ ਵੀ ਆਮ ਆਦਮੀ ਪਾਰਟੀ ਦੇ ਮੁਢਲੇ ਆਗੂਆਂ ਵਿੱਚ ਸਨ, ਚੰਗੇ ਕਵੀ ਹਨ, ਚੰਗੇ ਬੁਲਾਰੇ ਹਨ ਤੇ ਸਿਆਣੇ ਲੀਡਰ ਹਨ ਲੇਕਿਨ ਉਹ ਵੀ ਫੇਲ ਹੋਏ। ਸ. ਗੁਰਤੇਜ ਸਿੰਘ ਆਈ ਏ ਐਸ ਵੀ ਸਿਆਸਤ ਵਿੱਚ ਅਸਫ਼ਲ ਹੀ ਰਹੇ ਸਨ। ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਆਪਣੀ ਹੀ ਪਾਰਟੀ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਕਰਕੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਬਹਿਬਲ ਕਲਾਂ ਗੋਲੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲਿਆਂ ਦੀ ਜਾਂਚ ਕਰਨ ਕਰਕੇ ਅਤੇ ਬੇਬਾਕੀ ਨਾਲ ਬੋਲਣ ਕਰਕੇ ਪੰਜਾਬ ਦੇ ਲੋਕਾਂ ਵਿੱਚ ਸਤਿਕਾਰਤ ਹਨ ਤੇ ਚੰਗੇ ਪੜ੍ਹੇ ਲਿਖੇ ਹਨ।

ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉਨ੍ਹਾਂ ਨੂੰ ਪੂਰੀ ਆਸ ਸੀ ਕਿ ਉਨ੍ਹਾਂ ਨੂੰ ਮੰਤਰੀ ਬਣਾਇਆ ਜਾਵੇਗਾ ਪਰ ਉਨ੍ਹਾਂ ਦੀਆਂ ਆਸਾਂ ਤੇ ਉਸ ਵੇਲੇ ਪਾਣੀ ਫ਼ਿਰ ਗਿਆ ਜਦੋਂ ਮੰਤਰੀਆਂ ਦੀ ਸੂਚੀ ਵਿੱਚ ਉਨ੍ਹਾਂ ਦਾ ਨਾਮ ਕਿਤੇ ਵੀ ਨਹੀਂ ਸੀ। ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਬਹੁਤੇ ਸਿਆਣੇ ਲੋਕ ਰਾਜਨੀਤੀ ਵਿੱਚ ਸਫ਼ਲ ਕਿਉੰ ਨਹੀਂ ਹੋਏ? ਡੇਲ ਕਾਰਨੇਗੀ ਆਪਣੀ ਕਿਤਾਬ How to win friends and influence people ਵਿੱਚ ਲਿਖਦੇ ਹਨ ਕਿ ਜੇਕਰ ਤੁਸੀਂ ਸਫ਼ਲ ਹੋਣਾ ਹੈ ਤਾਂ ਆਪਣੇ ਬੌਸ ਨੂੰ ਇਹ ਅਹਿਸਾਸ ਨਾ ਕਰਵਾਓ ਕਿ ਤੁਸੀਂ ਉਸ ਤੋਂ ਵੱਧ ਸਿਆਣੇ ਹੋ ਭਾਂਵੇਂ ਅਸਲ ਵਿੱਚ ਤੁਸੀਂ ਬੌਸ ਤੋਂ ਵੱਧ ਸਿਆਣੇ ਹੋਵੋ ਵੀ। ਇਸ ਤੋਂ ਇਲਾਵਾ ਪਾਰਟੀਆਂ ਅਨੁਸ਼ਾਸਨ ਨਾਲ ਚੱਲਦੀਆਂ ਹਨ। ਪਾਰਟੀਆਂ ਦੇ ਕੁੱਝ ਅਸੂਲ ਹੁੰਦੇ ਹਨ ਜਿਨ੍ਹਾਂ ਦਾ ਪਾਲਣ ਸਭ ਪਾਰਟੀ ਮੈਂਬਰਾਂ ਨੂੰ ਕਰਨੀ ਲਾਜ਼ਮੀ ਹੁੰਦੀ ਹੈ।

ਸਿਆਸਤ ਵਿੱਚ ਸੰਜ਼ਮ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ। ਸਫਲ ਹੋਣ ਲਈ ਛੋਟੀਆਂ ਛੋਟੀਆਂ ਸਫਲਤਾਵਾਂ ਨਾਲ ਵੱਡੀਆਂ ਸਫਲਤਾਵਾਂ ਪ੍ਰਾਪਤ ਹੁੰਦੀਆਂ ਹਨ ਲੇਕਿਨ ਜਿਹੜੇ ਲੋਕ ਰਾਤੋ ਰਾਤ ਸਫਲ ਹੋਣ ਲਈ ਕਾਹਲੇ ਹੁੰਦੇ ਹਨ ਉਹ ਸਫਲ ਨਹੀਂ ਹੋ ਪਾਉਂਦੇ। ਸਿਆਸੀ ਪਾਰਟੀਆਂ ਅੰਦਰ ਇਹ ਨਿਯਮ ਹੁੰਦਾ ਹੈ ਕਿ ਜੇਕਰ ਕੋਈ ਸਿਆਸੀ ਬਿਆਨ ਪਾਰਟੀ ਬਾਰੇ ਦੇਣਾ ਹੁੰਦਾ ਹੈ ਉਸਦੀ ਪ੍ਰਵਾਨਗੀ ਪਾਰਟੀ ਹਾਈ ਕਮਾਂਡ ਤੋਂ ਲੈਣੀ ਲਾਜ਼ਮੀ ਹੁੰਦੀ ਹੈ ਲੇਕਿਨ ਇਹ ਜਿਹੜੇ “ਬਹੁਤੇ ਸਿਆਣੇ”ਲੀਡਰ ਹਨ ਪਾਰਟੀ ਦੀਆਂ ਨੀਤੀਆਂ ਦੀ ਆਲੋਚਨਾ ਜਨਤਕ ਤੌਰ ‘ਤੇ ਕਰਦੇ ਰਹੇ ਹਨ। ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਅਗਰ ਕੋਈ ਪਾਰਟੀ ਪ੍ਰਤੀ ਸ਼ਿਕਾਇਤ ਸੀ ਤਾਂ ਉਸ ਲਈ ਇਹ ਮੁੱਦੇ ਪਾਰਟੀ ਵਿੱਚ ਉਠਾਉਣੇ ਚਾਹੀਦੇ ਸਨ ਮੀਡੀਆ ਵਿੱਚ ਨਹੀਂ। ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਸਾਡੇ ਸਿਆਣੇ ਲੀਡਰ ਬਾਗ਼ੀ ਸੁਭਾਅ ਦੇ ਹਨ ਅਤੇ ਪਾਰਟੀ ਦੇ ਨਿਯਮਾਂ ਤੇ ਅਨੁਸ਼ਾਸਨ ਤੋਂ ਇੰਨਕਾਰੀ ਰਹਿੰਦੇ ਰਹੇ ਹਨ ਅਤੇ ਪਾਰਟੀ ਵਿੱਚ ਆਪਣੇ ਬੌਸ ਨੂੰ ਇਹ ਅਹਿਸਾਸ ਕਰਵਾਉਂਦੇ ਰਹੇ ਕਿ ਉਹ ਸਭ ਤੋਂ ਵੱਧ ਸਿਆਣੇ ਹਨ। ਮੇਰੇ ਖ਼ਿਆਲ ਵਿੱਚ ਅਗਰ “ਬਹੁਤੇ ਸਿਆਣੇ” ਲੀਡਰਾਂ ਨੇ ਸਿਆਸਤ ਵਿੱਚ ਸਫ਼ਲ ਹੋਣਾ ਹੈ ਤਾਂ ਆਪਣੀ ਸਿਆਣਪ ਨੂੰ ਪਾਰਟੀ ਹਾਈ ਕਮਾਂਡ ਦੇ ਪੱਧਰ ਤੋਂ ਥੋੜਾ ਹੇਠਾਂ ਰੱਖਣਾ ਹੋਵੇਗਾ।

ਕੁਲਵੰਤ ਸਿੰਘ ਗੱਗੜਪੁਰੀ