Connect with us

Punjab

ਗਲਤ ਭੋਜਨ ਵੀ ਬਣਦਾ ਹੈ ਡਿਪਰੈੱਸ਼ਨ ਅਤੇ ਐਂਗਜ਼ਾਇਟੀ ਦਾ ਕਾਰਨ!

Published

on

ਅੱਜ ਦੇ ਵਿਗਿਆਨਕ ਯੁੱਗ ਵਿੱਚ ਮਨੁੱਖੀ ਸਿਹਤ ਦੇ ਹਰ ਪੱਖ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਵੇਂ ਕਿ ਸਰੀਰਕ ਰੋਗਾਂ ਅਤੇ ਜੀਵਨ ਸ਼ੈਲੀ ਵਿਚ ਭੋਜਨ ਦੀ ਭੂਮਿਕਾ ਸਭ ਨੂੰ ਪਤਾ ਹੈ, ਉਵੇਂ ਹੀ ਹੁਣ ਇਹ ਗੱਲ ਸਾਬਤ ਹੋ ਰਹੀ ਹੈ ਕਿ ਭੋਜਨ ਸਿਰਫ ਸਰੀਰ ਹੀ ਨਹੀਂ, ਮਨ ‘ਤੇ ਵੀ ਗਹਿਰਾ ਅਸਰ ਪਾਉਂਦਾ ਹੈ। ਕਹਿੰਦੇ ਹਨ “ਜੈਸਾ ਅੰਨ ਵੈਸਾ ਮਨ” ਆਧੁਨਿਕ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਗਲਤ ਭੋਜਨ ਆਦਤਾਂ ਅਤੇ ਖੁਰਾਕ ਦੀ ਘਾਟ ਕਾਰਨ ਵੀ ਮਨੁੱਖ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ।

ਪੇਟ ਅਤੇ ਦਿਮਾਗ ਦਾ ਕਨੈਕਸ਼ਨ: ਸਾਡਾ ਪੇਟ ਅਤੇ ਦਿਮਾਗ ਆਂਤਰਿਕ ਸਿਸਟਮ ਨਾਲ ਜੁੜੇ ਹੋਏ ਹਨ। ਸਾਡਾ ਦਿਮਾਗ ਸਰੀਰ ਦੇ ਹੋਰ ਅੰਗਾਂ ਵਾਂਗ ਹੀ, ਖੁਰਾਕ ਤੋਂ ਮਿਲਣ ਵਾਲੀ ਊਰਜਾ ਤੇ ਪੋਸ਼ਣ ਉੱਤੇ ਨਿਰਭਰ ਕਰਦਾ ਹੈ। ਦਿਮਾਗ ਵਿੱਚ ਕੁਝ ਰਸਾਇਣਕ ਤੱਤ ਹੁੰਦੇ ਹਨ, ਜਿਵੇਂ ਕਿ ਸੈਰੋਟੋਨਿਨ , ਡੋਪਾਮਿਨ ਆਦਿ ਜੋ ਮਨ ਦੀ ਹਾਲਤ, ਖੁਸ਼ੀ ਅਤੇ ਉਤਸ਼ਾਹ ਨਾਲ ਜੁੜੇ ਹੋਏ ਹਨ। ਇਹ ਰਸਾਇਣ ਸਹੀ ਤਰੀਕੇ ਨਾਲ ਤਦ ਬਣਦੇ ਹਨ ਜਦੋਂ ਸਾਨੂੰ ਸਹੀ ਪੋਸ਼ਣ ਮਿਲਦਾ ਹੈ। ਜੇਕਰ ਭੋਜਨ ਪੂਰਾ ਪੂਰਾ ਨਾ ਮਿਲੇ ਜਾਂ ਬਿਲਕੁੱਲ ਗਲਤ ਤਰੀਕੇ ਦਾ ਹੋਵੇ, ਤਾਂ ਇਹ ਰਸਾਇਣਕ ਸੰਤੁਲਨ ਵਿਗੜ ਜਾਂਦਾ ਹੈ, ਜੋ ਮਾਨਸਿਕ ਰੋਗਾਂ ਦਾ ਰਾਹ ਖੋਲ ਸਕਦਾ ਹੈ। ਕੁਝ ਆਮ ਮਾਨਸਿਕ ਰੋਗ ਜੋ ਭੋਜਨ ਨਾਲ ਜੁੜੇ ਹੋਏ ਹਨ:-

1. ਡਿਪ੍ਰੈਸ਼ਨ:-ਘੱਟ ਆਇਰਨ, ਵਿਟਾਮਿਨ B12, ਫੋਲੇਟ ਅਤੇ ਓਮੇਗਾ-3 ਫੈਟੀ ਐਸਿਡ ਦੀ ਘਾਟ, ਮਨ ਨੂੰ ਉਦਾਸੀ ਵਿੱਚ ਧੱਕ ਸਕਦੀ ਹੈ।

2. ਐਂਗਜ਼ਾਇਟੀ:-ਕੈਫੀਨ, ਸ਼ੂਗਰ ਅਤੇ ਪ੍ਰੋਸੈਸਡ ਫੂਡ ਦਾ ਵੱਧ ਸੇਵਨ ਚਿੰਤਾ ਦੀ ਲਹਿਰ ਨੂੰ ਹੋਰ ਤੇਜ਼ ਕਰ ਸਕਦਾ ਹੈ। ਜਿਸ ਨਾਲ ਅਸੀਂ ਐਂਗਜ਼ਾਇਟੀ ਦੇ ਰੋਗ ਦਾ ਸ਼ਿਕਾਰ ਹੋ ਸਕਦੇ ਹਾਂ।

3. ਧਿਆਨ ਦੀ ਘਾਟ :-ਬੱਚਿਆਂ ਵਿੱਚ ਜਿਨ੍ਹਾਂ ਨੂੰ ਚੀਨੀ ਅਤੇ ਰੰਗੀਨ ਪ੍ਰੋਸੈਸਡ ਭੋਜਨ ਵਧੇਰੇ ਮਿਲਦਾ ਹੈ, ਉਨ੍ਹਾਂ ਵਿੱਚ ਧਿਆਨ ਦੀ ਸਮੱਸਿਆ ਜ਼ਿਆਦਾ ਪਾਈ ਗਈ ਹੈ। ਇਹ ਸਮੱਸਿਆ ਬੱਚਿਆਂ ਨੂੰ ਹੀ ਨਹੀਂ ਬਲਕਿ ਕਿਸੇ ਨੂੰ ਵੀ ਹੋ ਸਕਦੀ ਹੈ।

4. ਯਾਦਦਾਸਤ ਦੀ ਕਮੀ ਅਤੇ ਦਿਮਾਗੀ ਥਕਾਵਟ:- ਜੇ ਦਿਮਾਗ ਨੂੰ ਓਮੇਗਾ-3, ਵਿੱਟਾਮਿਨ D ਅਤੇ ਐਂਟੀਆਕਸਿਡੈਂਟਸ ਨਾ ਮਿਲਣ ਤਾਂ ਯਾਦਦਾਸਤ ‘ਤੇ ਸਿੱਧਾ ਅਸਰ ਪੈਂਦਾ ਹੈ।

ਮਾਨਸਿਕ ਰੋਗਾਂ ਤੋਂ ਬਾਹਰ ਆਉਣ ਲਈ ਕਿਹੋ ਜਿਹਾ ਭੋਜਨ ਲਈਏ?:- ਸੰਤੁਲਿਤ ਭੋਜਨ ਲਓ: ਹਰ ਦਿਨ ਦਾਲ, ਹਰੀਆਂ ਸਬਜ਼ੀਆਂ, ਫਲ,ਗੁੜ, ਅਤੇ ਦੁੱਧ ਜਾਂ ਦੁੱਧ ਉਤਪਾਦ ਖਾਓ। ਓਮੇਗਾ-3 ਵਧਾਓ: ਆਲਸੀ ਦੇ ਦਾਣੇ (ਫਲੈਕਸੀਡ), ਅਖਰੋਟ, ਮੱਛੀ ਆਦਿ ਇਸਦੇ ਚੰਗੇ ਸਰੋਤ ਹਨ।

ਚੀਨੀ ਤੇ ਜੰਕ ਫੂਡ ਘਟਾਓ:- ਇਹ ਤੁਹਾਡੇ ਮਨ ਦੇ ਰਸਾਇਣਕ ਸੰਤੁਲਨ ਨੂੰ ਖਰਾਬ ਕਰ ਸਕਦੇ ਹਨ।

ਪਾਣੀ ਵੱਧ ਪੀਓ: ਪਾਣੀ ਦੀ ਘਾਟ ਵੀ ਥਕਾਵਟ ਅਤੇ ਚਿੜਚਡੇਪਨ ਦਾ ਕਾਰਨ ਬਣ ਸਕਦੀ ਹੈ।

ਨਿਯਮਤ ਸਮੇਂ ਤੇ ਖਾਣਾ ਖਾਓ:- ਲੰਬੇ ਸਮੇਂ ਤੱਕ ਭੁੱਖਾ ਰਹਿਣਾ ਵੀ ਮਾਨਸਿਕ ਤਣਾਅ ਪੈਦਾ ਕਰ ਸਕਦਾ ਹੈ।

ਇਹ ਗੱਲ ਹੁਣ ਸਾਬਤ ਹੋ ਚੁੱਕੀ ਹੈ ਕਿ ਭੋਜਨ ਸਿਰਫ ਭੁੱਖ ਮਿਟਾਉਣ ਲਈ ਨਹੀਂ, ਸਗੋਂ ਸਿਹਤਮੰਦ ਮਨ ਅਤੇ ਦਿਮਾਗ ਲਈ ਵੀ ਬਹੁਤ ਜ਼ਰੂਰੀ ਹੈ। ਜੇ ਅਸੀਂ ਆਪਣੀ ਖੁਰਾਕ ਵਿੱਚ ਸਾਵਧਾਨੀ ਨਹੀਂ ਰੱਖਦੇ, ਤਾਂ ਇਹ ਸਿਰਫ ਸਰੀਰਕ ਰੋਗ ਹੀ ਨਹੀਂ, ਮਾਨਸਿਕ ਰੋਗਾਂ ਦਾ ਵੀ ਆਧਾਰ ਬਣ ਸਕਦੀ ਹੈ। ਇਸ ਲਈ ਆਓ, ਅੱਜ ਤੋਂ ਹੀ ਸਿਹਤਮੰਦ ਭੋਜਨ ਨਾਲ ਮਨ ਤੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਸ਼ੁਰੂਆਤ ਕਰੀਏ।

-ਕੁਲਵੰਤ ਸਿੰਘ ਗੱਗੜਪੁਰੀ