Uncategorized
ਆਕਾਲ ਤਖਤ ਦੀ ਭਰੋਸਯੋਗਤਾ ਨੂੰ ਕਿਵੇਂ ਲੱਗ ਰਹੀ ਹੈ ਢਾਹ? ਦਾਦੂਵਾਲ ਨੇ ਬਾਦਲਾਂ ਤੋਂ ਆਜ਼ਾਦ ਕਰਵਾਉਣ ਲਈ ਦਿੱਤਾ ਸੱਦਾ!
ਸ੍ਰੀ ਆਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਰਵਉੱਚ ਧਾਰਮਿਕ ਅਤੇ ਪੰਥਕ ਸੰਸਥਾ ਹੈ। ਇਤਿਹਾਸ ਵਿੱਚ ਜਦੋਂ ਵੀ ਸਿੱਖ ਪੰਥ ਕਿਸੇ ਸੰਕਟ ਵਿੱਚ ਫਸਿਆ ਹੈ ਤਾਂ ਆਕਾਲ ਤਖ਼ਤ ਸਾਹਿਬ ਨੇ ਮਾਰਗਦਰਸ਼ਕ ਦੀ ਭੂਮਿਕਾ ਨਿਭਾਈ ਹੈ। ਇਸ ਕਾਰਨ ਸਿੱਖ ਸੰਗਤ ਲਈ ਆਕਾਲ ਤਖ਼ਤ ਸਾਹਿਬ ਦੀ ਭਰੋਸੇਯੋਗਤਾ ਅਤੇ ਨਿਰਪੱਖਤਾ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਆਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਅਤੇ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਰਹੇ ਹਨ। ਹੁਣ ਬੀਤੇ ਦਿਨ ਜਾਰੀ ਹੋਏ ਦੋ ਹੁਕਮਨਾਮਿਆਂ ਤੋਂ ਬਾਅਦ ਇਹ ਬਹਿਸ ਹੋਰ ਤੇਜ਼ ਹੋ ਗਈ ਹੈ।
ਸ੍ਰੀ ਆਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਥ ਦਾ ਦੋਖੀ ਕਰਾਰ ਦਿੰਦਿਆਂ ਸਿੱਖ ਸੰਗਤ ਨੂੰ ਉਨ੍ਹਾਂ ਤੋਂ ਦੂਰੀ ਬਣਾਉਣ ਲਈ ਕਿਹਾ ਗਿਆ ਹੈ। ਇਸ ਦੇ ਪਿੱਛੇ ਦਲੀਲ ਇਹ ਦਿੱਤੀ ਗਈ ਹੈ ਕਿ ਉਨ੍ਹਾਂ ਵੱਲੋਂ ਦਸ ਗੁਰੂ ਸਾਹਿਬਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਉੱਪਰ ਸ਼ਰਾਬ ਦੇ ਛਿੱਟੇ ਮਾਰਨ ਦੀ ਇੱਕ ਵੀਡੀਓ ਸਾਹਮਣੇ ਆਈ ਸੀ। ਦੂਜੇ ਪਾਸੇ ਭਗਵੰਤ ਮਾਨ ਪਹਿਲਾਂ ਹੀ ਇਹ ਦਾਅਵਾ ਕਰ ਚੁੱਕੇ ਹਨ ਕਿ ਉਹ ਵੀਡੀਓ ਅਸਲੀ ਨਹੀਂ ਸਗੋਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਤਿਆਰ ਕੀਤੀ ਗਈ ਸੀ।
ਇਸ ਮਾਮਲੇ ਨੂੰ ਸਿਰਫ਼ ਇੱਕ ਵੀਡੀਓ ਤੱਕ ਸੀਮਤ ਕਰਕੇ ਨਹੀਂ ਦੇਖਿਆ ਜਾ ਰਿਹਾ। ਪਿਛਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਸਰਕਾਰ ਅਤੇ ਆਕਾਲ ਤਖ਼ਤ ਸਾਹਿਬ ਵਿਚਕਾਰ ਬੇਅਦਬੀ ਵਿਰੋਧੀ ਕਾਨੂੰਨ ਨੂੰ ਲੈ ਕੇ ਮਤਭੇਦ ਖੁੱਲ੍ਹ ਕੇ ਸਾਹਮਣੇ ਆਏ ਹਨ। ਪੰਜਾਬ ਵਿਧਾਨ ਸਭਾ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਪਾਸ ਕੀਤਾ ਗਿਆ ਜਿਸ ਵਿੱਚ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਬਾਅਦ ਆਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਤਰਾਜ਼ ਜਤਾਇਆ ਕਿ ਇਹ ਕਾਨੂੰਨ ਪੰਥ ਨਾਲ ਸਲਾਹ ਕੀਤੇ ਬਿਨਾਂ ਬਣਾਇਆ ਗਿਆ ਹੈ ਅਤੇ ਇਸ ਵਿੱਚ ਸੋਧਾਂ ਦੀ ਲੋੜ ਹੈ। ਇਸੇ ਸਬੰਧ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਆਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ ਸੀ।
ਇਸ ਦੌਰਾਨ ਇੱਕ ਹੋਰ ਘਟਨਾਕ੍ਰਮ ਨੇ ਸਿਆਸੀ ਅਤੇ ਪੰਥਕ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ। ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸ ਆਈ ਟੀ ਨੇ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਬਿਆਨ ਦਰਜ ਕੀਤੇ। ਮੀਡੀਆ ਰਿਪੋਰਟਾਂ ਮੁਤਾਬਕ ਗਿਆਨੀ ਰਘਬੀਰ ਸਿੰਘ ਨੇ ਉਹੀ ਗੱਲਾਂ ਦੁਹਰਾਈਆਂ ਜੋ 2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਆਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਕਬੂਲ ਕੀਤੀਆਂ ਸਨ। ਇਸ ਤੋਂ ਬਾਅਦ ਵਿਰੋਧੀ ਧਿਰਾਂ ਅਤੇ ਕਈ ਪੰਥਕ ਆਗੂਆਂ ਨੇ ਦੋਸ਼ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਭਗਵੰਤ ਮਾਨ ਖ਼ਿਲਾਫ਼ ਹੁਕਮਨਾਮਾ ਜਾਰੀ ਹੋ ਸਕਦਾ ਹੈ ਤਾਂ ਸੁਖਬੀਰ ਸਿੰਘ ਬਾਦਲ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਨੇ ਖੁਦ ਆਪਣੀਆਂ ਗਲਤੀਆਂ ਮੰਨੀਆਂ ਸਨ ਅਤੇ ਬਾਅਦ ਵਿੱਚ ਉਸ ਤੋਂ ਮੁੱਕਰ ਗਏ ਸਨ।
ਇਸੇ ਮਸਲੇ ‘ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਸੁਖਬੀਰ ਸਿੰਘ ਬਾਦਲ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹਨ ਅਤੇ ਮੌਜੂਦਾ ਕਾਰਵਾਈਆਂ ਦਾ ਮਕਸਦ ਸੁਖਬੀਰ ਬਾਦਲ ਨੂੰ ਸੰਭਾਵਿਤ ਕਾਨੂੰਨੀ ਮੁਸ਼ਕਲਾਂ ਤੋਂ ਬਚਾਉਣਾ ਹੈ। ਦਾਦੂਵਾਲ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਆਕਾਲ ਤਖ਼ਤ ਸਾਹਿਬ ਨੂੰ ਕਿਸੇ ਵੀ ਸਿਆਸੀ ਪਰਿਵਾਰ ਜਾਂ ਪਾਰਟੀ ਦੇ ਪ੍ਰਭਾਵ ਤੋਂ ਆਜ਼ਾਦ ਕਰਵਾਇਆ ਜਾਵੇ।
ਦਰਅਸਲ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਆਕਾਲ ਤਖ਼ਤ ਸਾਹਿਬ ਦੀ ਨਿਰਪੱਖਤਾ ‘ਤੇ ਸਵਾਲ ਉੱਠੇ ਹੋਣ। 2015 ਵਿੱਚ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਮੁਆਫ਼ੀ, ਜਥੇਦਾਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ, ਅਤੇ ਵੱਖ-ਵੱਖ ਸਿਆਸੀ ਮਾਮਲਿਆਂ ਵਿੱਚ ਲਏ ਗਏ ਫ਼ੈਸਲੇ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਦੇ ਰਹੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਸੰਸਥਾ ਦੇ ਫ਼ੈਸਲਿਆਂ ਨੂੰ ਲੋਕ ਸਿਆਸੀ ਐਨਕ ਨਾਲ ਦੇਖਣ ਲੱਗ ਪੈਣ ਤਾਂ ਉਸ ਦੀ ਨੈਤਿਕ ਤਾਕਤ ਕਮਜ਼ੋਰ ਹੋਣ ਲੱਗਦੀ ਹੈ। ਦੂਜੇ ਪਾਸੇ ਆਕਾਲ ਤਖ਼ਤ ਸਾਹਿਬ ਦੇ ਸਮਰਥਕ ਦਲੀਲ ਦਿੰਦੇ ਹਨ ਕਿ ਪੰਥਕ ਮਰਿਆਦਾ ਅਤੇ ਸਿੱਖ ਹਿੱਤਾਂ ਦੀ ਰੱਖਿਆ ਲਈ ਕਈ ਵਾਰ ਕਠੋਰ ਫ਼ੈਸਲੇ ਲੈਣੇ ਪੈਂਦੇ ਹਨ ਜਿਨ੍ਹਾਂ ਨੂੰ ਹਰ ਕੋਈ ਸਵੀਕਾਰ ਨਹੀਂ ਕਰਦਾ।
ਮੌਜੂਦਾ ਵਿਵਾਦ ਦਾ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਭਗਵੰਤ ਮਾਨ ਸਹੀ ਹਨ ਜਾਂ ਸੁਖਬੀਰ ਬਾਦਲ। ਅਸਲ ਸਵਾਲ ਇਹ ਹੈ ਕਿ ਕੀ ਸਿੱਖ ਸੰਗਤ ਨੂੰ ਆਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਵਿੱਚ ਇੱਕੋ ਜਿਹਾ ਮਾਪਦੰਡ ਨਜ਼ਰ ਆ ਰਿਹਾ ਹੈ? ਜੇਕਰ ਲੋਕਾਂ ਦੇ ਮਨ ਵਿੱਚ ਇਹ ਧਾਰਨਾ ਬਣਦੀ ਹੈ ਕਿ ਇੱਕ ਸਿਆਸੀ ਧਿਰ ਲਈ ਵੱਖਰੇ ਅਤੇ ਦੂਜੀ ਲਈ ਵੱਖਰੇ ਮਾਪਦੰਡ ਹਨ ਤਾਂ ਇਸ ਦਾ ਅਸਰ ਸਿੱਧਾ ਆਕਾਲ ਤਖ਼ਤ ਸਾਹਿਬ ਦੀ ਭਰੋਸੇਯੋਗਤਾ ‘ਤੇ ਪਵੇਗਾ। ਇਤਿਹਾਸ ਗਵਾਹ ਹੈ ਕਿ ਆਕਾਲ ਤਖ਼ਤ ਸਾਹਿਬ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਨਿਰਪੱਖਤਾ ਅਤੇ ਨੈਤਿਕ ਅਧਿਕਾਰ ਰਿਹਾ ਹੈ। ਇਸ ਲਈ ਅੱਜ ਲੋੜ ਇਸ ਗੱਲ ਦੀ ਹੈ ਕਿ ਸਾਰੇ ਫ਼ੈਸਲੇ ਪੂਰੀ ਪਾਰਦਰਸ਼ਤਾ, ਇੱਕੋ ਜਿਹੇ ਮਾਪਦੰਡ ਅਤੇ ਸਿਆਸੀ ਪ੍ਰਭਾਵ ਤੋਂ ਉੱਪਰ ਉੱਠ ਕੇ ਲਏ ਜਾਣ, ਤਾਂ ਜੋ ਸਿੱਖ ਕੌਮ ਦੀ ਇਸ ਮਹਾਨ ਸੰਸਥਾ ਉੱਤੇ ਬਣਿਆ ਵਿਸ਼ਵਾਸ ਹੋਰ ਮਜ਼ਬੂਤ ਹੋ ਸਕੇ, ਨਾ ਕਿ ਬੇਭਾਰੋਸਗੀ ਪੈਦਾ ਹੋਵੇ। – ਕੁਲਵੰਤ ਸਿੰਘ ਗੱਗੜਪੁਰੀ
