Politics
ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦਾ ਵਿਲੱਖਣ ਤਰੀਕਾ
ਚੰਡੀਗੜ, 3 ਮਾਰਚ: ਸਮਾਜ ਵਿੱਚ ਔਰਤਾਂ ਨੂੰ ਵਧੇਰੇ ਸਮਰੱਥ ਵਧਾਉਣ ਦੀ ਕੋਸ਼ਿਸ਼ ਕਰਦਿਆਂ ਪੰਜਾਬ ਸਰਕਾਰ ਨੇ ਦੇਸ਼ ਵਿੱਚ ਪਹਿਲੀ ਦਫ਼ਾ ਕੌਮਾਂਤਰੀ ਮਹਿਲਾ ਦਿਵਸ ਨੂੰ ਵਿਲੱਖਣ ਤਰੀਕੇ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਸੂਬਾ ਸਰਕਾਰ ਸੜਕਾਂ ਤੇ ਗਲੀਆਂ ਨੂੰ ਔਰਤਾਂ ਤੇ ਲੜਕੀਆਂ ਲਈ ਸੁਰੱਖਿਅਤ ਬਣਾਉਣ ਅਤੇ ਆਰਥਿਕ ਗਤੀਵਿਧੀਆਂ ਵਿੱਚ ਉਨਾਂ ਦੀ ਸ਼ਮੂਲੀਅਤ ਵਧਾਉਣ ਦੀ ਇੱਛੁਕ ਹੈ। ਇਸ ਲਈ ਵਿਭਾਗ ਨੇ ਕੌਮਾਂਤਰੀ ਮਹਿਲਾ ਦਿਵਸ ਨੂੰ ਜਨਤਕ ਥਾਵਾਂ ਉਤੇ ਔਰਤਾਂ ਦੀ ਦਾਅਵੇਦਾਰੀ ਜਤਾਉਣ ਦੀ ਕੋਸ਼ਿਸ਼ ਦੇ ਨਵੇਂ ਤਰੀਕੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਉਨਾਂ ਦੱਸਿਆ ਕਿ ਇਸ ਦਿਨ ਸ਼ਾਮੀਂ 7 ਤੋਂ 1 ਵਜੇ ਤੱਕ ਸਾਰੇ ਜ਼ਿਲਾ ਹੈੱਡ ਕੁਆਰਟਰਾਂ ਅਤੇ ਵੱਡੇ ਸ਼ਹਿਰਾਂ ਵਿੱਚ ਕਿਸੇ ਇਕ ਮੁੱਖ ਸੜਕ ਦਾ 6 ਕਿਲੋਮੀਟਰ ਹਿੱਸਾ ਔਰਤਾਂ ਤੇ ਲੜਕੀਆਂ ਲਈ ਰਾਖਵਾਂ ਹੋਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸੜਕ ਉਤੇ ਦੌੜ, ਪੈਦਲ ਚਾਲ, ਉਦੇਸ਼ ਪੂਰਤੀ ਲਈ ਨਿ੍ਰਤ, ਮਨੁੱਖੀ ਲੜੀ, ਦਸਤਖ਼ਤ ਮੁਹਿੰਮ ਚਲਾ ਕੇ ਅਜਿਹਾ ਸਮਾਜ ਸਿਰਜਣ ਦੀ ਲੋੜ ਉਤੇ ਜ਼ੋਰ ਦਿੱਤਾ ਜਾਵੇਗਾ, ਜਿਸ ਵਿੱਚ ਕਿਸੇ ਲੜਕੀ ਜਾਂ ਔਰਤ ਨੂੰ ਕਿਸੇ ਵੀ ਤਰਾਂ ਦੇ ਸ਼ੋਸ਼ਣ ਜਾਂ ਹਮਲੇ ਦਾ ਸਾਹਮਣਾ ਨਾ ਕਰਨਾ ਪਵੇ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਜੇ ਹਨੇਰਾ ਹੋਣ ਮਗਰੋਂ ਕੰਮ, ਮਨੋਰੰਜਨ ਜਾਂ ਕਿਸੇ ਹੋਰ ਮੰਤਵ ਲਈ ਕੁੱਝ ਔਰਤਾਂ ਗਲੀਆਂ ਜਾਂ ਸੜਕਾਂ ਉਤੇ ਨਿਕਲਦੀਆਂ ਹਨ ਤਾਂ ਇਸ ਨਾਲ ਹੋਰ ਔਰਤਾਂ ਨੂੰ ਵੀ ਜਨਤਕ ਥਾਵਾਂ ਉਤੇ ਬਿਨਾਂ ਕਿਸੇ ਡਰ ਤੋਂ ਖੁੱਲ ਕੇ ਵਿਚਰਨ ਲਈ ਉਤਸ਼ਾਹਤ ਕੀਤਾ ਜਾ ਸਕੇਗਾ। ਉਨਾਂ ਦੱਸਿਆ ਕਿ ਜੇ ਅਜਿਹੀਆਂ ਗਤੀਵਿਧੀਆਂ ਬਾਕਾਇਦਾ ਆਧਾਰ ਉਤੇ ਕਰਵਾਈਆਂ ਜਾਣ ਤਾਂ ਇਸ ਨਾਲ ਔਰਤਾਂ ਲਈ ਸੁਰੱਖਿਅਤ ਮਾਹੌਲ ਸਿਰਜਣ ਵਿੱਚ ਮਦਦ ਮਿਲੇਗੀ।
ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਸਾਰੇ ਡਿਪਟੀ ਕਮਿਸ਼ਨਰਾਂ, ਐਸ.ਐਸ.ਪੀਜ਼, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰਾਂ, ਜ਼ਿਲਾ ਪ੍ਰੋਗਰਾਮ ਅਫ਼ਸਰਾਂ ਅਤੇ ਸਿਹਤ, ਸਿੱਖਿਆ, ਸ਼ਹਿਰੀ ਵਿਕਾਸ ਤੇ ਸਥਾਨਕ ਸਰਕਾਰਾਂ ਬਾਰੇ ਮਹਿਕਮਿਆਂ ਦੇ ਸਾਰੇ ਜ਼ਿਲਾ ਮੁਖੀਆਂ ਨੂੰ ਇਨਾਂ ਪ੍ਰੋਗਰਾਮਾਂ ਵਿੱਚ ਔਰਤਾਂ ਤੇ ਲੜਕੀਆਂ ਦੀ ਭਰਵੀਂ ਗਿਣਤੀ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਉਨਾਂ ਨੂੰ ਕਿਹਾ ਗਿਆ ਹੈ ਕਿ ਉਹ ਸਿੱਖਿਆ ਸੰਸਥਾਵਾਂ, ਪ੍ਰਾਈਵੇਟ ਅਦਾਰਿਆਂ ਦੀਆਂ ਮੁਲਾਜ਼ਮਾਂ, ਕਾਲ ਸੈਂਟਰਾਂ ਦੇ ਸਟਾਫ਼, ਡਾਕਟਰਾਂ, ਇੰਜਨੀਅਰਾਂ, ਅਧਿਆਪਕਾਂ ਤੇ ਸਮਾਜ ਲਈ ਹੋਰ ਆਦਰਸ਼ ਹਸਤੀਆਂ ਦੀ ਇਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ। ਉਨਾਂ ਆਪਣੇ ਵਿਭਾਗ ਦੇ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਇਸ ਪੂਰੇ ਪ੍ਰੋਗਰਾਮ ਦਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਉਤੇ ਸਿੱਧਾ ਪ੍ਰਸਾਰਨ ਕੀਤਾ ਜਾਵੇ। ਉਨਾਂ ਦੱਸਿਆ ਕਿ ਇਨਾਂ ਪ੍ਰੋਗਰਾਮਾਂ ਵਿੱਚ ਸਬੰਧਤ ਮੰਤਰੀਆਂ, ਵਿਧਾਇਕਾਂ ਤੇ ਪ੍ਰਮੁੱਖ ਹਸਤੀਆਂ ਵੀ ਸ਼ਾਮਲ ਹੋਣਗੀਆਂ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਇਸ ਮੌਕੇ ਪੁਰਸ਼ ਸਬੰਧਤ ਸੜਕ ਦੇ ਦੋਵਾਂ ਹਿੱਸਿਆਂ ਉਤੇ ਹਾਜ਼ਰ ਹੋਣਗੇ। ਉਨਾਂ ਦੱਸਿਆ ਕਿ ਸਰਕਾਰ ਔਰਤਾਂ ਦੀ ਸੁਰੱਖਿਆ ਤੇ ਮਾਣ-ਸਨਮਾਨ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਇਸ ਦਿਸ਼ਾ ਵਿੱਚ ਕਈ ਕਦਮ ਚੁੱਕੇ ਗਏ ਹਨ।