Connect with us

National

ਰੰਗਾਂ ਦਾ ਤਿਉਹਾਰ ਹੋਲੀ ਦਾ ਹਰ ਪਾਸੇ ਜਸ਼ਨ ..

Published

on

ਰੰਗਾਂ ਦਾ ਤਿਉਹਾਰ ਹੋਲੀ ਭਾਰਤ ਦਾ ਪ੍ਰਸਿੱਧ ਤੇ ਮਸ਼ਹੂਰ ਤਿਉਹਾਰ ਹੈ, ਜੋ ਕਿ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਇਹ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ, ਪਿਆਰ, ਏਕਤਾ ਅਤੇ ਖੁਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਰੰਗਾਂ ਵਿੱਚ ਰੰਗੇ ਇਸ ਤਿਉਹਾਰ ਨੂੰ ਮਨਾਉਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੁੰਦਾ ਹੈ ਅਤੇ ਸਭ ਨੂੰ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਫੱਗਣ ਪੂਰਨਮਾਸ਼ੀ ਦੇ ਮੌਕੇ ‘ਤੇ ਹੋਲਿਕਾ ਦਹਨ ਦੇ ਅਗਲੇ ਦਿਨ ਹੋਲੀ ਮਨਾਈ ਜਾਂਦੀ ਹੈ, ਜੋ ਕਿ ਐਤਕੀ 14 ਮਾਰਚ ਨੂੰ ਹੈ। ਇੱਥੇ ਦੱਸ ਦੇਈਏ ਕਿ ਹੋਲੀ ਦਾ ਤਿਉਹਾਰ ਇਕੱਲੇ ਭਾਰਤ ਵਿੱਚ ਹੀ ਨਹੀਂ ਸਗੋਂ ਭਾਰਤ ਦੀਆਂ ਸਰਹੱਦਾਂ ਪਾਰ ਕਰ ਗਿਆ ਹੈ ਅਤੇ ਦੁਨੀਆ ਦੇ ਕਈ ਹੋਰ ਦੇਸ਼ਾਂ ਵਿੱਚ ਵੀ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਭਾਰਤ ਸਮੇਤ ਹੋਰ ਕਿਹੜੇ-ਕਿਹੜੇ ਦੇਸ਼ਾਂ ‘ਚ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਇਸ ਬਾਰੇ ਬਾਅਦ ‘ਚ ਦੱਸਾਂਗੇ ਪਰ ਪਹਿਲਾਂ ਝਾਤ ਮਾਰ ਲੈਂਦੇ ਹਾਂ ਕਿ ਕਿਉਂ ਮਨਾਇਆ ਜਾਂਦਾ ਹੈ ਰੰਗਾਂ ਦਾ ਤਿਉਹਾਰ ਹੋਲੀ

ਪਰੰਪਰਾਗਤ ਤੌਰ ‘ਤੇ ਹੋਲੀ ਦਾ ਤਿਉਹਾਰ ਦੋ ਦਿਨ ਮਨਾਇਆ ਜਾਂਦਾ ਹੈ। ਪਹਿਲੇ ਦਿਨ ਨੂੰ “ਹੋਲਿਕਾ ਜਲਾਈ” ਜਾਂਦੀ ਹੈ, ਜਿਸਨੂੰ “ਹੋਲਿਕਾ ਦਹਿਨ” ਵੀ ਕਹਿੰਦੇ ਹਨ। ਦੂਜੇ ਦਿਨ ਲੋਕ ਇਕ ਦੂਜੇ ’ਤੇ ਰੰਗ, ਗੁਲਾਲ ਸੁੱਟਦੇ ਹਨ, ਢੋਲ ਵਜਾ ਕੇ ਹੋਲੀ ਦੇ ਗੀਤ ਗਾਏ ਜਾਂਦੇ ਹਨ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਰੰਗ ਲਗਾਇਆ ਜਾਂਦਾ ਹੈ। ਮੰਨਿਆ ਜਾਂਦਾ ਕਿ ਹੋਲੀ ਦੇ ਦਿਨ ਲੋਕ ਆਪਣੇ ਗਿਲੇ-ਸ਼ਿਕਵੇ ਭੁਲਾ ਇਕ-ਦੂਜੇ ’ਤੇ ਰੰਗ-ਗੁਲਾਲ ਮਲਦੇ ਹਨ। ਇਸ ਦਿਨ ਲੋਕ ਨਹਾ-ਧੋ ਕੇ ਨਵੇਂ ਕੱਪੜੇ ਪਾਉਂਦੇ ਹਨ ਅਤੇ ਮਠਿਆਈਆਂ ਵੀ ਵੰਡਦੇ ਹਨ। ਉੱਤਰੀ ਭਾਰਤ ਵਿੱਚ ਇਸ ਦਿਨ ਗੁਜੀਆ ਨਾਂ ਦੀ ਮਠਿਆਈ ਖਾਣ ਦਾ ਰਿਵਾਜ ਹੈ। ਇਸ ਦਿਨ ਮਠਿਆਈ ਦੀਆਂ ਦੁਕਾਨਾਂ ’ਤੇ ਇਸ ਨੂੰ ਖਰੀਦਣ ਲਈ ਲੋਕਾਂ ਦੀ ਭਾਰੀ ਭੀੜ ਲੱਗੀ ਰਹਿੰਦੀ ਹੈ।

ਆਓ ਜਾਣਦੇ ਹਾਂ ਭਾਰਤ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ ਹੋਲੀ ਦਾ ਤਿਉਹਾਰ….
ਸਭ ਤੋਂ ਪਹਿਲਾਂ ਗੱਲ ਕਰਾਂਗੇ ਭਾਰਤ ਦੇ ਗੁਆਂਢੀ ਮੁਲਕ ਨੇਪਾਲ ਦੀ, ਜਿੱਥੇ ਹੋਲੀ ਨੂੰ “ਫਾਗੂ” ਜਾਂ “ਫਾਗੂ ਪੂਰਨਿਮਾ” ਵਜੋਂ ਮਨਾਇਆ ਜਾਂਦਾ ਹੈ। ਨੇਪਾਲ ਵਿੱਚ ਹੋਲੀ ਦਾ ਤਿਉਹਾਰ ਦੋ ਦਿਨ ਚੱਲਦਾ ਹੈ। ਪਹਿਲੇ ਦਿਨ ਹੋਲਿਕਾ ਦਹਿਨ ਕੀਤਾ ਜਾਂਦਾ ਹੈ ਅਤੇ ਦੂਜੇ ਦਿਨ ਲੋਕ ਇੱਕ ਦੂਜੇ ‘ਤੇ ਰੰਗ ਲਗਾ ਕੇ ਜਸ਼ਨ ਮਨਾਉਂਦੇ ਹਨ। ਨੇਪਾਲ ਵਿੱਚ ਇਹ ਤਿਉਹਾਰ ਹਿੰਦੂ ਅਤੇ ਬੋਧੀ ਦੋਵਾਂ ਭਾਈਚਾਰਿਆਂ ਦੁਆਰਾ ਮਨਾਇਆ ਜਾਂਦਾ ਹੈ।

ਹੁਣ ਗੱਲ ਕਰਦੇ ਹਾਂ ਬੰਗਲਾਦੇਸ਼ ਦੀ, ਜਿੱਥੇ ਹੋਲੀ ਦੇ ਤਿਉਹਾਰ ਨੂੰ “ਡੋਲ ਯਾਤਰਾ” ਜਾਂ “ਬਸੰਤ ਉਤਸਵ” ਵਜੋਂ ਜਾਣਿਆ ਜਾਂਦਾ ਹੈ। ਇਹ ਤਿਉਹਾਰ ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਦੁਆਰਾ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਰੰਗਾਂ ਨਾਲ ਖੇਡਦੇ ਹਨ ਅਤੇ ਭਗਵਾਨ ਕ੍ਰਿਸ਼ਨ ਦੀ ਪੂਜਾ ਕਰਦੇ ਹਨ।

ਪਾਕਿਸਤਾਨ ਵਿੱਚ ਵੀ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਹਾਲਾਂਕਿ ਇੱਥੇ ਇਹ ਤਿਉਹਾਰ ਮੁੱਖ ਤੌਰ ‘ਤੇ ਹਿੰਦੂ ਅਤੇ ਸਿੱਖ ਭਾਈਚਾਰੇ ਦੁਆਰਾ ਮਨਾਇਆ ਜਾਂਦਾ ਹੈ। ਪਾਕਿਸਤਾਨ ਵਿੱਚ ਹੋਲੀ ਨੂੰ “ਹੋਲਿਕਾ ਦਹਨ” ਅਤੇ “ਰੰਗਾਂ ਦੇ ਤਿਉਹਾਰ” ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇੱਕ ਦੂਜੇ ‘ਤੇ ਰੰਗ ਲਗਾਉਂਦੇ ਹਨ ਅਤੇ ਮਠਿਆਈਆਂ ਵੰਡਦੇ ਹਨ।

Mauritius (ਮਾਰੀਸ਼ਸ) ਜੋ ਕਿ ਹਿੰਦ ਮਹਾਸਾਗਰ ਵਿੱਚ ਸਥਿਤ ਇੱਕ ਟਾਪੂ ਦੇਸ਼ ਹੈ। ਹੋਲੀ ਨੂੰ ਮਾਰੀਸ਼ਸ ਵਿੱਚ “ਫਗਵਾ” ਵਜੋਂ ਜਾਣਿਆ ਜਾਂਦਾ ਹੈ। ਇੱਥੋਂ ਦੇ ਲੋਕ ਇਸ ਤਿਉਹਾਰ ਨੂੰ ਬਹੁਤ ਉਤਸ਼ਾਹ ਨਾਲ ਮਨਾਉਂਦੇ ਹਨ। ਮਾਰੀਸ਼ਸ ਵਿੱਚ ਹੋਲੀ ਦਾ ਤਿਉਹਾਰ ਨਾ ਸਿਰਫ਼ ਧਾਰਮਿਕ ਮਹੱਤਵ ਰੱਖਦਾ ਹੈ ਬਲਕਿ ਇਹ ਇੱਥੋਂ ਦੇ ਲੋਕਾਂ ਲਈ ਸੱਭਿਆਚਾਰਕ ਅਤੇ ਸਮਾਜਿਕ ਏਕਤਾ ਦਾ ਪ੍ਰਤੀਕ ਵੀ ਹੈ।

Fiji (ਫਿਜੀ) , ਜੋ ਕਿ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਇੱਕ ਟਾਪੂ ਦੇਸ਼ ਹੈ, ਫਿਜੀ ਵਿੱਚ ਵੀ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਫਿਜੀ ਵਿੱਚ, ਹੋਲੀ ਨੂੰ “ਫਗਵਾ” ਜਾਂ “ਹੋਲੀ” ਵਜੋਂ ਜਾਣਿਆ ਜਾਂਦਾ ਹੈ। ਇੱਥੇ ਲੋਕ ਇਸ ਦਿਨ ਰੰਗਾਂ ਨਾਲ ਖੇਡਦੇ ਹਨ ਅਤੇ ਮਿਠਾਈਆਂ ਵੰਡਦੇ ਹਨ।

Trinidad and Tobago (ਤ੍ਰਿਨੀਦਾਦ ਤੇ ਟੋਬੈਗੋ) ਵਿੱਚ, ਹੋਲੀ ਨੂੰ ‘ਫਗਵਾ’ ਵਜੋਂ ਜਾਣਿਆ ਜਾਂਦਾ ਹੈ। ਇਹ ਤਿਉਹਾਰ ਭਾਰਤੀ ਸੱਭਿਆਚਾਰ ਦੇ ਪ੍ਰਭਾਵ ਕਾਰਨ ਇੱਥੇ ਪ੍ਰਸਿੱਧ ਹੈ।

ਇੱਥੇ ਦੱਸ ਦੇਈਏ ਕਿ ਹੋਲੀ ਦਾ ਤਿਉਹਾਰ ਬਸੰਤ ਪੰਚਮੀ ਦੇ ਨਾਲ ਸ਼ੁਰੂ ਹੋ ਜਾਂਦਾ ਹੈ। ਖੇਤਾਂ ਵਿਚ ਸਰ੍ਹੋਂ ਖਿੜ ਜਾਂਦੀ ਹੈ। ਬਾਗ-ਬਗੀਚਿਆਂ ਵਿਚ ਭਾਂਤ-ਭਾਂਤ ਦੇ ਫੁੱਲ ਖਿੜ ਪੈਂਦੇ ਹਨ। ਰੁੱਖ-ਬੂਟੇ, ਪਸ਼ੂ-ਪੰਛੀ ਅਤੇ ਮਨੁੱਖ ਹਰ ਕੋਈ ਖੁਸ਼ੀਆਂ-ਖੇੜਿਆਂ ਨਾਲ ਭਰ ਜਾਂਦਾ ਹੈ। ਖੇਤਾਂ ਵਿਚ ਕਣਕ ਦੀਆਂ ਬੱਲੀਆਂ ਝੂਮਣ ਲੱਗਦੀਆਂ ਹਨ। ਕਿਸਾਨਾਂ ਦੇ ਚਿਹਰੇ ਖੁਸ਼ੀ ਨਾਲ ਖਿੜ ਪੈਂਦੇ ਹਨ।