Punjab
ਰਾਜਾ ਵੜਿੰਗ ਨੇ ਛੱਡੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ
ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਜਾ ਵੜਿੰਗ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ।
ਖ਼ਾਸ ਗੱਲ ਇਹ ਹੈ ਕਿ ਰਾਜਾ ਵੜਿੰਗ ਦੇ ਸੋਸ਼ਲ ਮੀਡੀਆ ਪੇਜ ‘ਤੇ ਵੀ ਉਨ੍ਹਾਂ ਨੂੰ ‘ਸਾਬਕਾ ਪ੍ਰਧਾਨ’ ਵਜੋਂ ਦਰਸਾਇਆ ਜਾ ਰਿਹਾ ਹੈ। ਹਾਲਾਂਕਿ, ਅਸਤੀਫ਼ੇ ਨੂੰ ਲੈ ਕੇ ਜਦੋਂ ਅੱਜ ਵੜਿੰਗ ਤੋਂ ਸਿੱਧਾ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਮਾਮਲੇ ‘ਤੇ ਵਿਸਥਾਰ ਨਾਲ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਸਹੀ ਸਮੇਂ ‘ਤੇ ਉਹ ਜਾਣਕਾਰੀ ਦੇਣਗੇ।
ਪੰਜਾਬ ਕਾਂਗਰਸ ਵਿੱਚ ਵੱਡਾ ਸੰਗਠਨਾਤਮਕ ਬਦਲਾਅ ਸਾਹਮਣੇ ਆਇਆ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਰਾਜਾ ਵੜਿੰਗ ਅਪ੍ਰੈਲ 2022 ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਸਨ। ਹੁਣ ਕਰੀਬ ਸਾਢੇ ਚਾਰ ਸਾਲ ਬਾਅਦ ਉਨ੍ਹਾਂ ਨੇ ਸੂਬਾ ਪ੍ਰਧਾਨ ਦੀ ਕੁਰਸੀ ਛੱਡ ਦਿੱਤੀ ਹੈ। ਰਿਪੋਰਟਾਂ ਮੁਤਾਬਕ ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਇਕਾਈ ਵਿੱਚ ਬਦਲਾਅ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਜਿਸ ਤੋਂ ਬਾਅਦ ਵੜਿੰਗ ਵੱਲੋਂ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਗਈ।
ਵੜਿੰਗ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਉਸ ਸਮੇਂ ਗੱਲ ਕਰਨਗੇ ਜਦੋਂ ਸਹੀ ਸਮਾਂ ਹੋਵੇਗਾ। ਇਸ ਤੋਂ ਪਹਿਲਾਂ ਵੀ ਉਹ ਇਸ ਮਾਮਲੇ ਨੂੰ ਪਾਰਟੀ ਦਾ ਅੰਦਰੂਨੀ ਮਾਮਲਾ ਦੱਸਦੇ ਹੋਏ ਟਿੱਪਣੀ ਕਰਨ ਤੋਂ ਬਚਦੇ ਰਹੇ ਹਨ।
ਹੁਣ ਰਾਜਾ ਵੜਿੰਗ ਦੇ ਅਗਲੇ ਸਿਆਸੀ ਕਦਮ ‘ਤੇ ਵੀ ਨਜ਼ਰ ਰਹੇਗੀ। ਵੜਿੰਗ ਇਸ ਸਮੇਂ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਵੀ ਹਨ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਲੁਧਿਆਣਾ ਸੀਟ ਤੋਂ ਜਿੱਤ ਹਾਸਲ ਕੀਤੀ ਸੀ।
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ ਕੀ ਰਹੇਗੀ ਅਤੇ ਪਾਰਟੀ ਦੀ ਸੂਬਾ ਇਕਾਈ ਵਿੱਚ ਅੱਗੇ ਕੀ ਤਬਦੀਲੀਆਂ ਹੁੰਦੀਆਂ ਹਨ, ਇਹ ਆਉਣ ਵਾਲੇ ਦਿਨਾਂ ਵਿੱਚ ਸਪੱਸ਼ਟ ਹੋਵੇਗਾ।
