Punjab
ਅੱਜ ਪੰਜਾਬ ਆਉਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
ਪੰਜਾਬ ਵਿੱਚ ਚੱਲ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਅੱਜ ਜਲੰਧਰ ਵਿੱਚ ਸਮਾਪਤ ਹੋਵੇਗੀ। ਇਸ ਸਮਾਪਤੀ ਸਮਾਗਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਿਰਕਤ ਕਰਨਗੇ।
‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਸ਼ੁਰੂਆਤ 18 ਸਤੰਬਰ ਨੂੰ ਪਠਾਨਕੋਟ ਦੇ ਮਾਧੋਪੁਰ ਤੋਂ ਕੀਤੀ ਗਈ ਸੀ। ਯਾਤਰਾ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਉਣ ਲਈ ਚਾਰ ਰੂਟ ਬਣਾਏ ਗਏ ਸਨ।
ਇਨ੍ਹਾਂ ਰੂਟਾਂ ਰਾਹੀਂ ਯਾਤਰਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਤੱਕ ਪਹੁੰਚੀ। ਯਾਤਰਾ ਦਾ ਮੁੱਖ ਉਦੇਸ਼ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣਾ ਦੱਸਿਆ ਗਿਆ ਹੈ।
ਅੱਜ ਜਲੰਧਰ ਵਿੱਚ ਹੋਣ ਵਾਲੇ ਸਮਾਪਤੀ ਸਮਾਗਮ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ। ਇਸ ਦੌਰਾਨ ਨਸ਼ਿਆਂ ਖ਼ਿਲਾਫ਼ ਸਰਕਾਰ ਦੀਆਂ ਪਹਿਲਕਦਮੀਆਂ ਅਤੇ ਪੰਜਾਬ ਵਿੱਚ ਨਸ਼ਾ ਮੁਕਤੀ ਨਾਲ ਜੁੜੇ ਮੁੱਦਿਆਂ ‘ਤੇ ਵੀ ਗੱਲਬਾਤ ਹੋਣ ਦੀ ਉਮੀਦ ਹੈ।
ਪਠਾਨਕੋਟ ਤੋਂ ਸ਼ੁਰੂ ਹੋਈ ਇਹ ਯਾਤਰਾ ਅੱਜ ਜਲੰਧਰ ਵਿੱਚ ਸਮਾਪਤ ਹੋਣ ਜਾ ਰਹੀ ਹੈ। ਹੁਣ ਸਭ ਦੀਆਂ ਨਜ਼ਰਾਂ ਅਮਿਤ ਸ਼ਾਹ ਦੇ ਸੰਬੋਧਨ ਅਤੇ ਉਨ੍ਹਾਂ ਵੱਲੋਂ ਪੰਜਾਬ ਲਈ ਦਿੱਤੇ ਜਾਣ ਵਾਲੇ ਸੰਦੇਸ਼ ‘ਤੇ ਟਿਕੀਆਂ ਹਨ।
