Uncategorized
ਕੋਕਰੋਚ ਜਨਤਾ ਪਾਰਟੀ, ਥਲਪਤੀ ਵਿਜੇ ਅਤੇ ਪੰਜਾਬ ਦੀਆਂ ਚੋਣਾਂ!
ਕੋਕਰੋਚ ਜਨਤਾ ਪਾਰਟੀ ਵਰਗੀਆਂ ਮਜ਼ਾਹੀਆ ਅਤੇ ਵਿਅੰਗਾਤਮਕ ਮੁਹਿੰਮਾਂ ਨੂੰ ਅਸੀਂ ਸਿਰਫ਼ ਹਾਸੇ-ਮਜ਼ਾਕ ਵਜੋਂ ਦੇਖ ਕੇ ਅੱਗੇ ਨਹੀਂ ਲੰਘ ਸਕਦੇ, ਕਿਉਂਕਿ ਕਈ ਵਾਰ ਮਜ਼ਾਕ ਦੇ ਅੰਦਰ ਸਮਾਜ ਦਾ ਸਭ ਤੋਂ ਵੱਡਾ ਸੱਚ ਲੁਕਿਆ ਹੁੰਦਾ ਹੈ। ਪਿਛਲੇ ਦਿਨੀਂ ਇੰਟਰਨੈੱਟ ਉੱਪਰ ਬਣੀ ਇਸ ਕਥਿਤ “ਕੋਕਰੋਚ ਜਨਤਾ ਪਾਰਟੀ” ਨੇ ਪੰਜ ਦਿਨਾਂ ਵਿੱਚ ਕਰੋੜਾਂ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਇੱਕ ਅਜਿਹਾ ਸਵਾਲ ਖੜ੍ਹਾ ਕਰ ਦਿੱਤਾ ਹੈ, ਜਿਸ ਦਾ ਜਵਾਬ ਸਾਡੇ ਰਵਾਇਤੀ ਸਿਆਸਤਦਾਨਾਂ ਨੂੰ ਦੇਣਾ ਪਵੇਗਾ। ਜੇਕਰ ਇੱਕ ਮਜ਼ਾਹੀਆ ਅੰਦਾਜ਼ ਵਿੱਚ ਬਣੀ ਪਾਰਟੀ ਦੇ ਨਾਲ ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨ ਜੁੜ ਸਕਦੇ ਹਨ, ਤਾਂ ਇਹ ਸਿਰਫ਼ ਮਨੋਰੰਜਨ ਨਹੀਂ, ਸਗੋਂ ਇੱਕ ਡੂੰਘੀ ਨਾਰਾਜ਼ਗੀ, ਬੇਚੈਨੀ ਅਤੇ ਸਿਸਟਮ ਤੋਂ ਅੱਕੇ ਹੋਣ ਦਾ ਸੰਕੇਤ ਵੀ ਹੈ। ਇਹ ਗੁੱਸਾ ਉਸ ਨੌਜਵਾਨ ਦਾ ਹੈ ਜੋ ਡਿਗਰੀਆਂ ਲੈ ਕੇ ਵੀ ਬੇਰੁਜ਼ਗਾਰ ਹੈ, ਜੋ ਸਾਰਾ ਦਿਨ ਸੋਸ਼ਲ ਮੀਡੀਆ ਉੱਪਰ ਆਪਣਾ ਦਰਦ ਮੀਮਾਂ ਅਤੇ ਵਿਅੰਗ ਰਾਹੀਂ ਕੱਢਦਾ ਹੈ, ਜੋ ਵਾਅਦਿਆਂ ਤੋਂ ਥੱਕ ਚੁੱਕਾ ਹੈ ਅਤੇ ਹੁਣ ਸਿਆਸਤ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਉਸਦਾ ਮਜ਼ਾਕ ਉਡਾ ਰਿਹਾ ਹੈ।
ਅੱਜ ਦੀ Gen Z ਪੀੜ੍ਹੀ ਰਵਾਇਤੀ ਸਿਆਸਤ ਨੂੰ ਉਸ ਨਜ਼ਰ ਨਾਲ ਨਹੀਂ ਵੇਖਦੀ ਜਿਸ ਤਰ੍ਹਾਂ ਪੁਰਾਣੀਆਂ ਪੀੜ੍ਹੀਆਂ ਵੇਖਦੀਆਂ ਸਨ। ਇਹ ਪੀੜ੍ਹੀ ਤੁਰੰਤ ਨਤੀਜੇ ਚਾਹੁੰਦੀ ਹੈ, ਸਵਾਲ ਪੁੱਛਦੀ ਹੈ, ਸਿਸਟਮ ਨੂੰ ਚੁਣੌਤੀ ਦਿੰਦੀ ਹੈ ਅਤੇ ਜੇਕਰ ਗੁੱਸਾ ਚਰਮ ਤੇ ਪਹੁੰਚ ਜਾਵੇ ਤਾਂ ਤਖ਼ਤੇ ਵੀ ਪਲਟ ਸਕਦੀ ਹੈ। ਦੁਨੀਆ ਵਿੱਚ ਅਸੀਂ ਕਈ ਥਾਵਾਂ ਤੇ ਵੇਖਿਆ ਹੈ ਕਿ ਨੌਜਵਾਨਾਂ ਦੀ ਨਾਰਾਜ਼ਗੀ ਨੇ ਸਿਆਸੀ ਸਮੀਕਰਨ ਬਦਲ ਦਿੱਤੇ। ਭਾਰਤ ਵਿੱਚ ਹਾਲਾਤ ਉਸ ਪੱਧਰ ਤੇ ਨਹੀਂ ਹਨ, ਪਰ ਇਹ ਵੀ ਸੱਚ ਹੈ ਕਿ ਨੌਜਵਾਨ ਵਰਗ ਵਿੱਚ ਬੇਚੈਨੀ ਵਧ ਰਹੀ ਹੈ। ਬੇਰੁਜ਼ਗਾਰੀ, ਮਹਿੰਗਾਈ, ਸਿਹਤ ਸੇਵਾਵਾਂ ਦੀ ਕਮੀ, ਸਿੱਖਿਆ ਦਾ ਮਹਿੰਗਾ ਹੋਣਾ, ਪੀਣ ਵਾਲੇ ਪਾਣੀ ਦਾ ਸੰਕਟ, ਪ੍ਰਦੂਸ਼ਣ, ਨਸ਼ਾ, ਗੈਂਗਸਟਰ ਕਲਚਰ, ਧਾਰਮਿਕ ਧ੍ਰੁਵੀਕਰਨ ਅਤੇ ਜਾਤ-ਪਾਤ ਦੀ ਰਾਜਨੀਤੀ – ਇਹ ਸਾਰੀਆਂ ਸਮੱਸਿਆਵਾਂ ਨੌਜਵਾਨ ਮਨ ਨੂੰ ਅੰਦਰੋਂ ਖਾ ਰਹੀਆਂ ਹਨ।
ਪੰਜਾਬ ਦੇ ਸੰਦਰਭ ਵਿੱਚ ਇਹ ਚਿੰਤਾ ਹੋਰ ਵੀ ਵੱਡੀ ਹੈ। ਪੰਜਾਬ ਦਾ ਨੌਜਵਾਨ ਇੱਕ ਪਾਸੇ ਵਿਦੇਸ਼ਾਂ ਵੱਲ ਭੱਜ ਰਿਹਾ ਹੈ, ਦੂਜੇ ਪਾਸੇ ਜੋ ਇੱਥੇ ਹੈ ਉਹ ਨਸ਼ਿਆਂ, ਬੇਰੁਜ਼ਗਾਰੀ ਜਾਂ ਨਿਰਾਸ਼ਾ ਦੇ ਦੌਰ ਵਿੱਚ ਫਸਿਆ ਹੋਇਆ ਹੈ। ਸਰਕਾਰਾਂ ਨੇ ਆਪਣੇ ਪੱਧਰ ਤੇ ਕੁਝ ਕੋਸ਼ਿਸ਼ਾਂ ਕੀਤੀਆਂ ਹਨ, ਜਿਵੇਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਯੋਜਨਾਵਾਂ, ਨਸ਼ਿਆਂ ਵਿਰੁੱਧ ਮੁਹਿੰਮਾਂ ਅਤੇ ਗੈਂਗਸਟਰ ਕਲਚਰ ਖ਼ਿਲਾਫ਼ ਕਾਰਵਾਈਆਂ, ਪਰ ਆਮ ਆਦਮੀ ਨੂੰ ਅਜੇ ਵੀ ਜ਼ਮੀਨੀ ਪੱਧਰ ਤੇ ਵੱਡਾ ਬਦਲਾਅ ਨਜ਼ਰ ਨਹੀਂ ਆ ਰਿਹਾ। ਇਸ ਕਰਕੇ ਨੌਜਵਾਨ ਦੇ ਮਨ ਵਿੱਚ ਇਹ ਸਵਾਲ ਜ਼ਰੂਰ ਹੈ ਕਿ ਕੀ ਰਵਾਇਤੀ ਸਿਆਸਤ ਸੱਚਮੁੱਚ ਉਸ ਦੀ ਜ਼ਿੰਦਗੀ ਬਦਲ ਸਕਦੀ ਹੈ ਜਾਂ ਨਹੀਂ?
ਇਸੇ ਪਿੱਠਭੂਮੀ ਵਿੱਚ ਤਾਮਿਲਨਾਡੂ ਦੀ ਸਿਆਸਤ ਵੀ ਇੱਕ ਦਿਲਚਸਪ।ਉਦਾਹਰਣ ਬਣਦੀ ਹੈ, ਜਿੱਥੇ ਫਿਲਮੀ ਸਟਾਰ ਥਲਪਤੀ ਵਿਜੇ ਦੀ ਐਂਟਰੀ ਨੇ ਨੌਜਵਾਨਾਂ ਵਿੱਚ ਇੱਕ ਨਵੀਂ ਚਰਚਾ ਪੈਦਾ ਕੀਤੀ। ਜਦੋਂ ਲੋਕ ਰਵਾਇਤੀ ਪਾਰਟੀਆਂ ਤੋਂ ਥੱਕ ਜਾਂਦੇ ਹਨ ਤਾਂ ਉਹ ਨਵੇਂ ਚਿਹਰਿਆਂ ਵੱਲ ਵੇਖਦੇ ਹਨ, ਭਾਵੇਂ ਉਹ ਫਿਲਮਾਂ ਤੋਂ ਆਏ ਹੋਣ ਜਾਂ ਸੋਸ਼ਲ ਮੀਡੀਆ ਤੋਂ। ਇਹ ਅਲੱਗ ਗੱਲ ਹੈ ਕਿ ਨਵਾਂ ਚਿਹਰਾ ਸੱਚਮੁੱਚ ਬਦਲਾਅ ਲਿਆਵੇਗਾ ਜਾਂ ਨਹੀਂ, ਪਰ ਲੋਕਾਂ ਦਾ ਉਸ ਵੱਲ ਖਿੱਚਿਆ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਸਿਆਸਤ ਵਿੱਚ ਖਾਲੀਪਨ ਪੈਦਾ ਹੋ ਰਿਹਾ ਹੈ ਅਤੇ ਨੌਜਵਾਨ ਨਵਾਂ ਵਿਕਲਪ ਲੱਭ ਰਿਹਾ ਹੈ।
ਕੋਕਰੋਚ ਜਨਤਾ ਪਾਰਟੀ ਦੀ ਕਹਾਣੀ ਵੀ ਕੁਝ ਇਹੀ ਦੱਸਦੀ ਹੈ। ਭਾਵੇਂ ਇਹ ਇੱਕ ਵਿਅੰਗ ਸੀ, ਮਜ਼ਾਕ ਸੀ, ਜਾਂ ਇੰਟਰਨੈੱਟ ਦਾ ਇੱਕ ਟ੍ਰੈਂਡ ਸੀ, ਪਰ ਇਸ ਨੇ ਇੱਕ ਬਹੁਤ ਵੱਡਾ ਸੰਦੇਸ਼ ਦਿੱਤਾ ਹੈ ਕਿ ਨੌਜਵਾਨ ਹੁਣ ਪੁਰਾਣੇ ਸਿਆਸੀ ਨਾਅਰਿਆਂ, ਜਾਤੀ ਗਿਣਤੀਆਂ ਅਤੇ ਧਾਰਮਿਕ ਧ੍ਰੁਵੀਕਰਨ ਨਾਲ ਪ੍ਰਭਾਵਿਤ ਹੋਣ ਦੀ ਬਜਾਏ ਆਪਣੀ ਨਿਰਾਸ਼ਾ ਨੂੰ ਨਵੇਂ ਅੰਦਾਜ਼ ਵਿੱਚ ਜ਼ਾਹਿਰ ਕਰ ਰਿਹਾ ਹੈ। ਸੋਸ਼ਲ ਮੀਡੀਆ ਹੁਣ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਰਿਹਾ, ਇਹ ਇੱਕ ਸਿਆਸੀ ਮੰਚ ਬਣ ਗਿਆ ਹੈ ਜਿੱਥੇ ਮੀਮ ਵੀ ਸੁਨੇਹਾ ਦਿੰਦੇ ਹਨ ਅਤੇ ਮਜ਼ਾਕ ਵੀ ਬਗਾਵਤ ਦਾ ਰੂਪ ਲੈ ਸਕਦਾ ਹੈ।
ਪੰਜਾਬ ਦੀਆਂ ਅਗਾਮੀ ਚੋਣਾਂ ਦੇ ਮੱਦੇਨਜ਼ਰ ਇਹ ਗੱਲ ਸਿਆਸੀ ਪਾਰਟੀਆਂ ਲਈ ਇੱਕ ਚੇਤਾਵਨੀ ਹੈ। ਜੇਕਰ ਉਹ ਅਜੇ ਵੀ ਪੁਰਾਣੇ ਢੰਗ ਨਾਲ ਸਿਆਸਤ ਕਰਨਗੀਆਂ, ਲੋਕਾਂ ਨੂੰ ਸਿਰਫ਼ ਭਾਵਨਾਤਮਕ ਮੁੱਦਿਆਂ ਵਿੱਚ ਉਲਝਾਉਣਗੀਆਂ ਅਤੇ ਨੌਜਵਾਨਾਂ ਦੀਆਂ ਅਸਲ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨਗੀਆਂ, ਤਾਂ ਨਤੀਜੇ ਹੈਰਾਨ ਕਰਨ ਵਾਲੇ ਵੀ ਹੋ ਸਕਦੇ ਹਨ। ਅੱਜ ਦਾ ਨੌਜਵਾਨ ਕਿਸੇ ਵੀ ਵੇਲੇ ਸੋਸ਼ਲ ਮੀਡੀਆ ਦੀ ਇੱਕ ਲਹਿਰ ਨੂੰ ਹਕੀਕਤੀ ਜਨ ਅੰਦੋਲਨ ਵਿੱਚ ਬਦਲ ਸਕਦਾ ਹੈ।
ਕੋਕਰੋਚ ਜਨਤਾ ਪਾਰਟੀ ਸ਼ਾਇਦ ਕੋਈ ਗੰਭੀਰ ਸਿਆਸੀ ਪਾਰਟੀ ਨਾ ਹੋਵੇ, ਪਰ ਇਸ ਨੇ ਦੇਸ਼ ਦੀ ਸਿਆਸਤ ਨੂੰ ਇੱਕ ਆਇਨਾ ਜ਼ਰੂਰ ਦਿਖਾਇਆ ਹੈ। ਇਹ ਆਇਨਾ ਦੱਸਦਾ ਹੈ ਕਿ ਲੋਕ ਹੱਸ ਰਹੇ ਹਨ, ਪਰ ਇਸ ਹਾਸੇ ਦੇ ਪਿੱਛੇ ਗੁੱਸਾ ਵੀ ਹੈ; ਲੋਕ ਮੀਮ ਬਣਾ ਰਹੇ ਹਨ, ਪਰ ਇਸ ਮਜ਼ਾਕ ਦੇ ਅੰਦਰ ਇੱਕ ਚੁੱਪ ਬਗਾਵਤ ਵੀ ਹੈ। ਪੰਜਾਬ ਅਤੇ ਦੇਸ਼ ਦੇ ਸਿਆਸਤਦਾਨਾਂ ਲਈ ਇਹ ਸਮਾਂ ਸਮਝਣ ਦਾ ਹੈ ਕਿ ਨੌਜਵਾਨ ਹੁਣ ਸਿਰਫ਼ ਭਾਸ਼ਣ ਨਹੀਂ, ਨਤੀਜੇ ਮੰਗਦਾ ਹੈ। ਜੇਕਰ ਉਸਨੂੰ ਰੋਜ਼ਗਾਰ, ਸੁਰੱਖਿਆ, ਚੰਗੀ ਸਿੱਖਿਆ, ਸਸਤਾ ਇਲਾਜ ਅਤੇ ਭਵਿੱਖ ਦੀ ਉਮੀਦ ਨਾ ਮਿਲੀ, ਤਾਂ ਉਹ ਮਜ਼ਾਕ-ਮਜ਼ਾਕ ਵਿੱਚ ਹੀ ਸਿਆਸੀ ਇਤਿਹਾਸ ਬਦਲ ਸਕਦਾ ਹੈ।

ਕੁਲਵੰਤ ਸਿੰਘ ਗੱਗੜਪੁਰੀ
