Connect with us

Punjab

ਟੈਕਸ ਅਤੇ ਪੂਰੇ ਦਸਤਾਵੇਜ਼ਾਂ ਤੋਂ ਬਿਨਾਂ ਕਿਸੇ ਵੀ ਬੱਸ ਨੂੰ ਸੜਕ ‘ਤੇ ਚੱਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ: ਰਾਜਾ ਵੜਿੰਗ

Published

on

Amrinder Singh Raja Warring

ਚੰਡੀਗੜ੍ਹ,
ਪੰਜਾਬ ਟਰਾਂਸਪੋਰਟ ਵਿਭਾਗ ਨੇ ਬੱਸ ਸਵਾਰੀਆਂ ਨੂੰ ਬਿਹਤਰ ਸਫ਼ਰ ਸਹੂਲਤਾਂ ਪ੍ਰਦਾਨ ਕਰਨ ਲਈ ਸੂਬੇ ਦੇ ਆਵਾਜਾਈ ਖੇਤਰ ਵਿੱਚ ਵਧੇਰੇ ਕੁਸ਼ਲਤਾ ਲਿਆਉਣ ਦੇ ਉਦੇਸ਼ ਨਾਲ ਟੈਕਸ ਚੋਰੀ, ਅਧੂਰੇ ਦਸਤਾਵੇਜ਼ਾਂ ਅਤੇ ਗ਼ੈਰ-ਕਾਨੂੰਨੀ ਪਰਮਿਟਾਂ ‘ਤੇ ਬੱਸਾਂ ਚਲਾਉਣ ਵਾਲੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਵਿਰੁੱਧ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਠ ਜ਼ਿਲ੍ਹਿਆਂ ਵਿੱਚ 38 ਬੱਸਾਂ ਜ਼ਬਤ ਕੀਤੀਆਂ ਅਤੇ ਇੱਕ ਬੱਸ ਦਾ ਚਲਾਨ ਕੱਟਿਆ।
ਚੈਕਿੰਗ ਮੁਹਿੰਮ ਦੌਰਾਨ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਗੁਰਦਾਸਪੁਰ ਦੇ ਚੈਕਿੰਗ ਦਸਤੇ ਨੇ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 5 ਬੱਸਾਂ ਜ਼ਬਤ ਕੀਤੀਆਂ, ਜਦਕਿ ਆਰ.ਟੀ.ਏ. ਫ਼ਿਰੋਜ਼ਪੁਰ ਵੱਲੋਂ ਚਾਰ ਬੱਸਾਂ ਜ਼ਬਤ ਕੀਤੀਆਂ ਗਈਆਂ, ਇਸੇ ਤਰ੍ਹਾਂ, ਆਰ.ਟੀ.ਏ. ਐਸ.ਏ.ਐਸ. ਨਗਰ ਵੱਲੋਂ ਚਾਰ ਸੈਲਾਨੀ ਬੱਸਾਂ ਜ਼ਬਤ ਕੀਤੀਆਂ ਹਨ, । ਆਰ.ਟੀ.ਏ. ਸੰਗਰੂਰ ਵੱਲੋਂ ਨਿਯਮਾਂ ਦੀ ਉਲੰਘਣਾ ਤਹਿਤ ਆਰਬਿਟ ਐਵੀਏਸ਼ਨ ਕੰਪਨੀ ਦੀ ਇੱਕ ਬੱਸ ਜ਼ਬਤ ਕੀਤੀ ਗਈ।
ਆਰ.ਟੀ.ਏ. ਫ਼ਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਡਿਪੂ ਦੇ ਜਨਰਲ ਮੈਨੇਜਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਂਝੇ ਤੌਰ ‘ਤੇ ਕੀਤੀ ਗਈ ਚੈਕਿੰਗ ਦੌਰਾਨ ਸੱਤ ਬੱਸਾਂ ਦੇ ਕਾਗ਼ਜ਼ਾਤ ਚੈਕ ਕੀਤੇ ਗਏ ਅਤੇ ਆਰਬਿਟ ਐਵੀਏਸ਼ਨ ਦੀਆਂ ਤਿੰਨ, ਨਿਊ ਦੀਪ ਦੀ ਇੱਕ, ਫ਼ਤਹਿ ਬਸ ਸਰਵਿਸ ਦੀ ਇੱਕ ਅਤੇ ਨਾਰਧਰਨ ਬੱਸ ਸਰਵਿਸ ਦੀ ਇੱਕ ਬੱਸ ਕਬਜ਼ੇ ਵਿੱਚ ਲਈ ਗਈ ਜਦਕਿ ਨਾਰਧਰਨ ਬੱਸ ਦੀ ਇੱਕ ਬੱਸ ਦਾ ਚਲਾਨ ਕੱਟਿਆ ਗਿਆ।

ਆਰ.ਟੀ.ਏ. ਅੰਮ੍ਰਿਤਸਰ ਦੇ ਚੈਕਿੰਗ ਦਸਤੇ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਲਈ ਚਾਰ ਬੱਸਾਂ ਜ਼ਬਤ ਕੀਤੀਆਂ, ਜਦਕਿ ਆਰ.ਟੀ.ਏ. ਹੁਸ਼ਿਆਰਪੁਰ ਵੱਲੋਂ ਦੋ ਮਿੰਨੀ ਬੱਸਾਂ, ਛੇ ਟੂਰਿਸਟ ਬੱਸਾਂ ਅਤੇ ਇੱਕ ਸਕੂਲ ਬੱਸ ਸਣੇ ਕੁੱਲ ਨੌਂ ਬੱਸਾਂ ਜ਼ਬਤ ਕੀਤੀਆਂ ਗਈਆਂ। ਆਰ.ਟੀ.ਏ. ਬਠਿੰਡਾ ਨੇ ਪੰਜ ਬੱਸਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਵਿੱਚ ਨਿਊ ਦੀਪ ਦੀਆਂ ਦੋ ਬੱਸਾਂ ਅਤੇ ਡੱਬਵਾਲੀ, ਰਾਜਧਾਨੀ ਅਤੇ ਖੱਟੜਾ ਬੱਸ ਸੇਵਾ ਦੀ ਇੱਕ-ਇੱਕ ਬੱਸ ਸ਼ਾਮਲ ਹੈ।
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਵਧੇਰੇ ਰੁਝੇਵਿਆਂ ਵਾਲੇ ਰੂਟਾਂ ‘ਤੇ ਲੋੜੀਂਦੀ ਗਿਣਤੀ ਵਿੱਚ ਬੱਸਾਂ ਚਲਾਉਣ ਦੇ ਨਾਲ-ਨਾਲ ਬਿਹਤਰ ਸਫ਼ਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਚੈਕਿੰਗ ਮੁਹਿੰਮ ਦਾ ਉਦੇਸ਼ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਟੈਕਸ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੈ, ਜਿਹੜੇ ਕਿ ਹੁਣ ਤੱਕ ਬੇਪਰਵਾਹ ਘੁੰਮ ਰਹੇ ਸਨ।
ਰਾਜਾ ਵੜਿੰਗ ਨੇ ਇਹ ਮੁਹਿੰਮ ਆਪਣੇ ਫੈਸਲਾਕੁੰਨ ਅੰਤ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਬਿਨਾਂ ਟੈਕਸ ਤੇ ਦਸਤਾਵੇਜ਼ਾਂ ਤੋਂ ਇਲਾਵਾ ਗ਼ੈਰ-ਕਾਨੂੰਨੀ ਪਰਮਿਟਾਂ ਨਾਲ ਚੱਲ ਰਹੀਆਂ 296 ਬੱਸਾਂ ਨੂੰ ਜ਼ਬਤ ਕੀਤਾ ਗਿਆ ਹੈ ਅਤੇ ਟਰਾਂਸਪੋਰਟ ਵਿਭਾਗ ਨੇ ਟੈਕਸ ਅਤੇ ਜੁਰਮਾਨੇ ਵਜੋਂ 4.29 ਕਰੋੜ ਰੁਪਏ ਦੀ ਵੱਡੀ ਰਕਮ ਵਸੂਲੀ ਹੈ।