Punjab
ਪੰਜਾਬ ਕਾਂਗਰਸ ਦੇ ਕਿਸ ਵੱਡੇ ਲੀਡਰ ਨੇ ਕਿਹਾ – ਜੇ ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਮੈਂ ਘਰ ਬਹਿ ਜਾਂਦਾ ਹਾਂ?
ਪੰਜਾਬ ਕਾਂਗਰਸ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਰਣਨੀਤੀ ਤਿਆਰ ਕਰਨ ਲਈ ਬੀਤੇ ਦਿਨ ਇੱਕ ਅਹਿਮ ਮੀਟਿੰਗ ਚੰਡੀਗੜ੍ਹ ਵਿੱਚ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਨਿਵਾਸ ਸਥਾਨ ’ਤੇ ਹੋਈ। ਇਸ ਮੀਟਿੰਗ ਵਿੱਚ ਪਾਰਟੀ ਦੇ ਕਈ ਪ੍ਰਮੁੱਖ ਆਗੂ ਮੌਜੂਦ ਰਹੇ ਅਤੇ ਚੋਣਾਂ ਲਈ ਸੰਗਠਨਾਤਮਿਕ ਢਾਂਚੇ, ਟਿਕਟਾਂ ਦੀ ਵੰਡ ਅਤੇ ਨੌਜਵਾਨ ਆਗੂਆਂ ਨੂੰ ਮੌਕਾ ਦੇਣ ਵਰਗੇ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ ਕੀਤਾ ਗਿਆ। ਚਰਚਾ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਪਾਰਟੀ ਅੰਦਰ ਹੁਣ ਪੰਜਾਹ ਸਾਲ ਤੱਕ ਦੀ ਉਮਰ ਵਾਲੇ ਨੇਤਾਵਾਂ ਨੂੰ ਵੀ ਨੌਜਵਾਨ ਵਰਗ ਵਿੱਚ ਗਿਣਿਆ ਜਾ ਸਕਦਾ ਹੈ ਅਤੇ ਕਰੀਬ ਅੱਧੀਆਂ ਟਿਕਟਾਂ ਯੂਥ ਨੂੰ ਦੇਣ ਦੀ ਸੋਚ ਹੈ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਸਦ ਮੈਂਬਰਾਂ ਨੂੰ ਟਿਕਟਾਂ ਨਾ ਦੇਣ ਬਾਰੇ ਮੰਗ ਕੀਤੀ ਪਰ ਇਸ ਉੱਪਰ ਕੋਈ ਅੰਤਿਮ ਫੈਸਲਾ ਨਹੀਂ ਹੋ ਸਕਿਆ ਅਤੇ ਇਸ ਮਾਮਲੇ ’ਤੇ ਹਾਲੇ ਵੀ ਵਿਚਾਰ ਜਾਰੀ ਹੈ।
ਮੀਟਿੰਗ ਵਿੱਚ ਕਈ ਵਿਧਾਇਕ ਗੈਰਹਾਜ਼ਰ ਵੀ ਰਹੇ, ਜਿਸ ਕਾਰਨ ਪਾਰਟੀ ਅੰਦਰਲੇ ਅੰਤਰਵਿਰੋਧਾਂ ਦੀ ਚਰਚਾ ਫਿਰ ਜ਼ੋਰਾਂ ’ਤੇ ਆ ਗਈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਫ਼ੀ ਭਾਵੁਕ ਨਜ਼ਰ ਆਏ ਅਤੇ ਉਨ੍ਹਾਂ ਨੇ ਖੁੱਲ੍ਹ ਕੇ ਆਪਣੀ ਭੜਾਸ ਕੱਢੀ। ਗੱਲਬਾਤ ਦੌਰਾਨ ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਪਾਰਟੀ ਦੇ ਸਾਥੀਆਂ ਨੂੰ ਉਹ ਚੰਗੇ ਨਹੀਂ ਲੱਗਦੇ ਤਾਂ ਉਹ ਘਰ ਬਹਿ ਜਾਣ ਲਈ ਵੀ ਤਿਆਰ ਹਨ। ਉਨ੍ਹਾਂ ਦਾ ਇਹ ਬਿਆਨ ਮੀਟਿੰਗ ਦਾ ਸਭ ਤੋਂ ਚਰਚਿਤ ਮੋੜ ਬਣ ਗਿਆ।
ਇਹ ਮੀਟਿੰਗ ਭੂਪੇਸ਼ ਬਘੇਲ ਦੀ ਅਗਵਾਈ ਹੇਠ ਹੋਈ ਇਸ ਡਿਨਰ ਪਾਰਟੀ ਵਿੱਚ,ਚੰਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਮੁੱਖ ਮੰਤਰੀ ਦੇ ਚਿਹਰੇ ਵਜੋਂ ਆਪਣੀ ਦਾਅਵੇਦਾਰੀ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਉਸ ਸਮੇਂ ਵੀ ਉਨ੍ਹਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਅੱਗੇ ਰੱਖਿਆ ਸੀ, ਪਰ ਪਾਰਟੀ ਨੇ ਉਨ੍ਹਾਂ ’ਤੇ ਭਰੋਸਾ ਜਤਾਇਆ। ਚੰਨੀ ਨੇ ਇਹ ਵੀ ਦੋਹਰਾਇਆ ਕਿ ਪਾਰਟੀ ਹਾਈਕਮਾਂਡ ਜਿੱਥੇ ਵੀ ਡਿਊਟੀ ਲਗਾਏਗੀ, ਉਹ ਉੱਥੇ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਹਾਲ ਹੀ ਵਿੱਚ ਦਲਿਤ ਭਾਈਚਾਰੇ ਦੇ ਇੱਕ ਪ੍ਰੋਗਰਾਮ ਦੌਰਾਨ ਦਿੱਤੇ ਬਿਆਨ ਤੋਂ ਬਾਅਦ ਚੰਨੀ ਕਾਫ਼ੀ ਸਾਵਧਾਨ ਦਿਖਾਈ ਦਿੱਤੇ ਅਤੇ ਮੀਟਿੰਗ ਵਿੱਚ ਵੀ ਤੋਲ ਤੋਲ ਕੇ ਬੋਲਦੇ ਨਜ਼ਰ ਆਏ। ਇਸ ਮੀਟਿੰਗ ਵਿੱਚ ਚੋਣ ਮੁੱਦੇ ਕੀ ਹੋਣਗੇ, ਕਿਹੜੇ ਵਰਗ ਨੂੰ ਕਿੰਨੀ ਨੁਮਾਇੰਦਗੀ ਦੇਣੀ ਹੈ ਅਤੇ ਪਾਰਟੀ ਨੂੰ ਇਕਜੁੱਟ ਕਰਕੇ ਮੈਦਾਨ ਵਿੱਚ ਕਿਵੇਂ ਉਤਰਨਾ ਹੈ, ਇਨ੍ਹਾਂ ਸਭ ਮਸਲਿਆਂ ’ਤੇ ਗੰਭੀਰ ਚਰਚਾ ਹੋਈ।
ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਇਕਜੁੱਟਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਿਆਸੀ ਹਲਕਿਆਂ ਵਿੱਚ ਇਹ ਸਵਾਲ ਹਾਲੇ ਵੀ ਕਾਇਮ ਹੈ ਕਿ ਕੀ ਵੱਖ ਵੱਖ ਧੜਿਆਂ ਵਿੱਚ ਵੰਡੇ ਨੇਤਾ ਅਸਲ ਵਿੱਚ ਇਕੱਠੇ ਹੋ ਕੇ ਚੱਲ ਸਕਣਗੇ ਜਾਂ ਪਹਿਲਾਂ ਦੀ ਤਰ੍ਹਾਂ ਅੰਦਰੂਨੀ ਖਿੱਚਤਾਣ ਹੀ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਬਣੀ ਰਹੇਗੀ।
ਕੁਲਵੰਤ ਸਿੰਘ ਗੱਗੜਪੁਰੀ

