Uncategorized
ਨੇਪਾਲ ’ਚ ਸੋਸ਼ਲ ਮੀਡੀਆ ਐਪਸ ਬੈਨ ਹੋਣ ਤੇ ਭੜਕੇ ਨੌਜਵਾਨ
NEPAL NEWS : ਨੇਪਾਲ ਵਿੱਚ ਫੇਸਬੁੱਕ, ਐਕਸ, ਟਵਿੱਟਰ ਅਤੇ ਯੂਟਿਊਬ ਸਮੇਤ 26 ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਨੇਪਾਲ ਸਰਕਾਰ ਦੀ ਪਾਬੰਦੀ ਦੇ ਵਿਰੋਧ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀ ਕਾਠਮੰਡੂ ਵਿੱਚ ਸੜਕਾਂ ‘ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਬਲਾਂ ਨਾਲ ਝੜਪ, ਬੈਰੀਕੇਡਾਂ ਟੱਪ ਕੇ ਨਿਊ ਬਨੇਸ਼ਵਰ ਵਿੱਚ ਸੰਸਦ ਵਿੱਚ ਦਾਖਲ ਹੋਣ ਤੋਂ ਬਾਅਦ ਵਿਰੋਧ ਹਿੰਸਕ ਹੋ ਗਿਆ। ਸੁਰੱਖਿਆ ਬਲਾਂ ਨੇ ਅੱਥਰੂ ਗੈਸ ਅਤੇ ਪਾਣੀ ਦੀਆਂ ਤੋਪਾਂ ਨਾਲ ਜਵਾਬ ਦਿੱਤਾ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਝੜਪਾਂ ਵਿੱਚ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਹੋ ਗਈ ਹੈ।
ਸੋਸ਼ਲ ਮੀਡੀਆ ਐਪਸ ਨੂੰ ਬੈਨ ਹੋਣ ਦੇ ਹੁਕਮ ਖਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨ ਸੰਸਦ ਭਵਨ ’ਚ ਦਾਖਲ ਹੋ ਗਏ। ਨੇਪਾਲ ਪੁਲਿਸ ਅਨੁਸਾਰ 12 ਹਜ਼ਾਰ ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ਦੇ ਗੇਟ ਨੰਬਰ 1 ਅਤੇ 2 ’ਤੇ ਕਬਜ਼ਾ ਕਰ ਲਿਆ। ਪ੍ਰਦਰਸ਼ਨਕਾਰੀ ਗੇਟ ਪਾਰ ਕਰਕੇ ਸੰਸਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਜਿਸ ਤੋਂ ਬਾਅਦ ਸੰਸਦ ਭਵਨ, ਰਾਸ਼ਟਰਪਤੀ, ਉਪਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਾਲੇ ਇਲਾਕਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਫੌਜ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਉਨ੍ਹਾਂ ’ਤੇ ਪਾਣੀ ਦੀ ਬੁਛਾਰ ਕੀਤੀ ਗਈ। ਇਸੇ ਦੌਰਾਨ ਕਈ ਰਾਉਂਡ ਫਾਇਰਿੰਗ ਵੀ ਕੀਤੀ ਗਈ, ਜਿਸ ਕਾਰਨ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਜਦਕਿ ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਨ੍ਹਾਂ ਨੌਜਵਾਨਾਂ ਨੇ ਪਹਿਲਾਂ ਸ਼ਾਂਤੀਪੂਰਨ ਵਿਰੋਧ ਦੀ ਗੱਲ ਕੀਤੀ ਸੀ ਪਰ ਵਿਰੋਧ ਹਿੰਸਕ ਹੋ ਗਿਆ ਅਤੇ ਉਹ ਸੰਸਦ ਭਵਨ ਪਹੁੰਚ ਗਏ।
