Punjab
ਪੰਜਾਬ ਸਰਕਾਰ, ਭਿਖਾਰੀ ਤੇ ਲਾਪਤਾ ਹੁੰਦੇ ਬੱਚੇ
ਪੰਜਾਬ ਅੰਦਰ ਭਿਖਾਰੀਆਂ ਦੀ ਗਿਣਤੀ ਨੂੰ ਲੈ ਕੇ ਅਤੇ ਭਿਖਾਰੀਆਂ ਵੱਲੋਂ ਭੀਖ ਮੰਗਣ ਲਈ ਛੋਟੇ ਬੱਚਿਆਂ ਨੂੰ ਇਸਤੇਮਾਲ ਕਰਨ ਵਿਰੁੱਧ ਪੰਜਾਬ ਸਰਕਾਰ ਨੇ ਸਖ਼ਤੀ ਵਰਤਣੀ ਸ਼ੁਰੂ ਕੀਤੀ ਹੈ। ਭਿਖਾਰਨਾਂ ਨੂੰ ਫੜਿਆ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਇਸਤੇਮਾਲ ਕੀਤੇ ਜਾ ਰਹੇ ਬੱਚਿਆਂ ਦੇ DNA ਟੈਸਟ ਕਰਵਾਏ ਜਾ ਰਹੇ ਹਨ। ਕਈ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਮਾਪਿਆਂ ਤੱਕ ਪਹੁੰਚਾਇਆ ਗਿਆ ਹੈ। ਭੀਖ ਮੰਗਣ ਦਾ ਧੰਦਾ ਇੱਕ ਵੱਡੇ ਅਪਰਾਧ ਨੂੰ ਜਨਮ ਦੇ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਸਖ਼ਤੀ ਸ਼ਲਾਘਾਯੋਗ ਹੈ । ਭਿਖਾਰੀਆਂ ਵੱਲੋਂ ਬੱਚੇ ਚੋਰੀ ਕਰਕੇ ਉਨ੍ਹਾਂ ਨੂੰ ਭੀਖ ਮੰਗਣ ਲਈ ਇਸਤੇਮਾਲ ਕਰਨ ਦੀਆਂ ਖ਼ਬਰਾਂ ਦੇਸ਼ ਭਰ ਵਿੱਚ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਭੀਖ ਮੰਗਣ ਲਈ ਸਾਈਟ ਠੇਕੇ ‘ਤੇ ਚੜ੍ਹਦੇ ਹਨ। ਭੀਖ ਮੰਗਵਾਉਣ ਵਾਲੇ ਠੇਕੇਦਾਰ ਸਵੇਰੇ ਭਿਖਾਰੀਆਂ ਨੂੰ ਭੀਖ ਮੰਗਣ ਵਾਲੀਆਂ ਥਾਵਾਂ ‘ਤੇ ਆਪਣੀਆਂ ਗੱਡੀਆਂ ਵਿੱਚ ਬੈਠਾ ਕੇ ਛੱਡ ਜਾਂਦੇ ਹਨ ਅਤੇ ਸ਼ਾਮ ਨੂੰ ਵਾਪਸ ਲੈ ਜਾਂਦੇ ਹਨ। ਕਮਾਈ ਦੇ ਹਿਸਾਬ ਨਾਲ ਭੀਖ ਮੰਗਣ ਵਾਲੀਆਂ ਥਾਵਾਂ ਠੇਕੇ ‘ਤੇ ਚੜ੍ਹਦੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਠੇਕੇਦਾਰ ਅਗਵਾ ਕੀਤੇ ਬੱਚਿਆਂ ਨੂੰ ਅਪਾਹਿਜ ਬਣਾ ਕੇ ਉਨ੍ਹਾਂ ਤੋਂ ਭੀਖ ਮੰਗਵਾਉਂਦੇ ਹਨ। ਬੇਦਰਦੀ ਨਾਲ ਇਹ ਲੋਕ ਬੱਚਿਆਂ ਦੀਆਂ ਅੱਖਾਂ ਕੱਢ ਦਿੰਦੇ ਹਨ ਅਤੇ ਕਈ ਬੱਚਿਆਂ ਦੀਆਂ ਲੱਤਾਂ ਬਾਹਾਂ ਤੋੜ ਕੇ ਅਪਾਹਿਜ ਬਣਾ ਦਿੰਦੇ ਹਨ। ਹਰ ਸਾਲ ਪੰਜਾਬ ਵਿੱਚ 700 ਤੋਂ 800 ਬੱਚੇ ਲਾਪਤਾ ਹੁੰਦੇ ਹਨ ਜਿਨ੍ਹਾਂ ਵਿੱਚੋਂ 70% ਦੀ ਰਿਕਵਰੀ ਹੁੰਦੀ ਹੈ ਭਾਵ 70 % ਨੂੰ ਲੱਭਿਆ ਜਾਂਦਾ 30% ਬੱਚੇ ਲੱਭੇ ਨਹੀਂ ਜਾਂਦੇ। ਪਿਛਲੇ ਕੁੱਝ ਸਮੇਂ ਤੋਂ ਪੰਜਾਬ ਅੰਦਰ ਭਿਖਾਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਰਹੀ ਹੈ ਅਤੇ ਇਸ ਬਾਰੇ ਮੀਡੀਆ ਵਿੱਚ ਖਬਰਾਂ ਚੱਲੀਆਂ ਕਿ ਭਿਖਾਰੀਆਂ ਵੱਲੋਂ ਭੀਖ ਮੰਗਣ ਲਈ ਜਿਹੜੇ ਬੱਚੇ ਇਸਤੇਮਾਲ ਕਿੱਤੇ ਜਾਂਦੇ ਹਨ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਖਵਾ ਦਿੱਤਾ ਜਾਂਦਾ ਹੈ ਤਾਂ ਕਿ ਉਹ ਤੰਗ ਨਾ ਕਰਨ।
ਇਹ ਵੀ ਸੰਦੇਹ ਕੀਤਾ ਗਿਆ ਸੀ ਕਿ ਇਹ ਬੱਚੇ ਉਨ੍ਹਾਂ ਭਿਖਾਰੀਆਂ ਦੇ ਨਹੀਂ ਹੁੰਦੇ। ਇਨ੍ਹਾਂ ਖਬਰਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਸਖ਼ਤ ਕਾਰਵਾਈ ਕਰਦਿਆਂ ਭਿਖਾਰੀਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਤੋਂ ਬੱਚਿਆਂ ਨੂੰ ਅਜ਼ਾਦ ਕਰਵਾਇਆ ਜਾ ਰਿਹਾ ਹੈ। ਸਰਕਾਰ ਦੀ ਕਾਰਵਾਈ ਸਮੇਂ ਦੀ ਲੋੜ ਸੀ। ਭੀਖ ਮੰਗਣ ਦੇ ਇਸ ਰੁਝਾਣ ਨੂੰ ਅਤੇ ਇਸ ਨਾਲ ਹੋ ਰਹੇ ਅਪਰਾਧਾਂ ਨੂੰ ਠੱਲ ਪਾਉਣ ਲਈ ਪੰਜਾਬ ਦੇ ਹਰੇਕ ਨਾਗਰਿਕ ਨੂੰ ਆਪਣਾ ਯੋਗਦਾਨ ਪਾਉਣਾ ਹੋਵੇਗਾ। ਆਓ ਅਸੀਂ ਇਹ ਪ੍ਰਣ ਕਰੀਏ ਕਿ ਅਸੀਂ ਭਿਖਾਰੀਆਂ ਨੂੰ ਭੀਖ ਨਹੀਂ ਦੇਵਾਂਗੇ। ਇਸ ਤਰ੍ਹਾਂ ਕਰਕੇ ਅਸੀਂ ਪੰਜਾਬ ਵਿੱਚ ਬੱਚਿਆਂ ਵਿਰੁੱਧ ਹੋ ਰਹੇ ਅਪਰਾਧ ਨੂੰ ਰੋਕ ਸਕਦੇ ਹਾਂ।

