Punjab
ਪੰਜਾਬ ਦਾ ਸਭ ਤੋਂ ਵੱਡਾ ਸੰਕਟ: ਧਰਤੀ ਹੇਠੋਂ ਮੁੱਕਦਾ ਪਾਣੀ ਹੜ੍ਹ ਤੇ ਪ੍ਰਦੂਸ਼ਿਤ ਹੁੰਦਾ ਪਾਣੀ !
ਪੰਜਾਬ ਨੂੰ ਕਦੇ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ, ਪਰ ਅੱਜ ਇਹੋ ਧਰਤੀ ਪਾਣੀ ਦੇ ਸਭ ਤੋਂ ਵੱਡੇ ਸੰਕਟ ਨਾਲ ਜੂਝ ਰਹੀ ਹੈ। ਇੱਕ ਪਾਸੇ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਖਤਮ ਹੋ ਰਿਹਾ ਹੈ, ਦੂਜੇ ਪਾਸੇ ਦਰਿਆਵਾਂ ਦੇ ਹੜ੍ਹ ਵਧ ਰਹੇ ਹਨ ਅਤੇ ਤੀਜੇ ਪਾਸੇ ਪ੍ਰਦੂਸ਼ਿਤ ਪਾਣੀ ਲੋਕਾਂ ਵਿੱਚ ਬਿਮਾਰੀਆਂ ਫੈਲਾ ਰਿਹਾ ਹੈ। ਇਹ ਤਿੰਨੋਂ ਸਮੱਸਿਆਵਾਂ ਮਿਲ ਕੇ ਪੰਜਾਬ ਦੇ ਭਵਿੱਖ ਲਈ ਖਤਰੇ ਦੀ ਘੰਟੀ ਬਣ ਚੁੱਕੀਆਂ ਹਨ। ਵਿਗਿਆਨੀਆਂ ਅਤੇ ਸਰਕਾਰੀ ਰਿਪੋਰਟਾਂ ਦੇ ਅੰਕੜੇ ਦੱਸਦੇ ਹਨ ਕਿ ਜੇਕਰ ਹੁਣ ਵੀ ਗੰਭੀਰ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਦਹਾਕਿਆਂ ਵਿੱਚ ਪੰਜਾਬ ਪਾਣੀ ਦੇ ਗੰਭੀਰ ਅਕਾਲ ਦਾ ਸਾਹਮਣਾ ਕਰ ਸਕਦਾ ਹੈ।
ਭਾਰਤ ਵਿੱਚ ਆਮ ਤੌਰ ’ਤੇ ਜਿੰਨਾ ਪਾਣੀ ਧਰਤੀ ਹੇਠੋਂ ਕੱਢਿਆ ਜਾਂਦਾ ਹੈ ਉਹ ਉਸਦੀ ਕੁੱਲ ਭਰਨ ਸਮਰੱਥਾ ਦਾ ਲਗਭਗ 60 ਫ਼ੀਸਦੀ ਹੁੰਦਾ ਹੈ, ਪਰ ਪੰਜਾਬ ਇਕੱਲਾ ਹੀ ਧਰਤੀ ਹੇਠੋਂ ਲਗਭਗ 156 ਫ਼ੀਸਦੀ ਪਾਣੀ ਕੱਢ ਰਿਹਾ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ। ਇਸਦਾ ਮਤਲਬ ਇਹ ਹੈ ਕਿ ਪੰਜਾਬ ਆਪਣੀ ਕੁਦਰਤੀ ਸਮਰੱਥਾ ਨਾਲੋਂ ਡੇਢ ਗੁਣਾ ਵੱਧ ਪਾਣੀ ਵਰਤ ਰਿਹਾ ਹੈ। ਕੇਂਦਰੀ ਭੂਜਲ ਬੋਰਡ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਦਾ ਕੁੱਲ ਸਾਲਾਨਾ ਭੂਜਲ ਭਰਨ ਲਗਭਗ 18.6 ਬਿਲੀਅਨ ਘਣ ਮੀਟਰ ਹੈ, ਜਦਕਿ ਵਰਤੋਂ ਇਸ ਤੋਂ ਕਈ ਗੁਣਾ ਵੱਧ ਹੋ ਰਹੀ ਹੈ। ਇਸੇ ਕਰਕੇ ਪੰਜਾਬ ਦੇ 70 ਫ਼ੀਸਦੀ ਤੋਂ ਵੱਧ ਖੇਤਰਾਂ ਨੂੰ “ਓਵਰ-ਐਕਸਪਲੋਇਟਡ” ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ 19 ਜ਼ਿਲ੍ਹੇ ਡਾਰਕ ਜ਼ੋਨ ਵਿੱਚ ਪਹੁੰਚ ਗਏ ਹਨ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਕੁੱਝ ਸਾਲਾਂ ਵਿੱਚ ਕਈ ਜ਼ਿਲ੍ਹਿਆਂ ਵਿੱਚ ਧਰਤੀ ਹੇਠਲਾ ਪਾਣੀ ਲਗਭਗ ਖਤਮ ਹੋ ਸਕਦਾ ਹੈ।
The Times of India ਦੀ ਰਿਪੋਰਟ ਅਨੁਸਾਰ
ਇਸ ਸੰਕਟ ਦਾ ਸਭ ਤੋਂ ਵੱਡਾ ਕਾਰਨ ਖੇਤੀ ਪ੍ਰਣਾਲੀ ਹੈ। ਹਰ ਸਾਲ ਲਗਭਗ 30 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਫ਼ਸਲ ਬੀਜੀ ਜਾਂਦੀ ਹੈ ਜਿਸ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਲਗਭਗ 14 ਤੋਂ 15 ਲੱਖ ਟਿਊਬਵੈੱਲਾਂ ਰਾਹੀਂ ਖੇਤੀ ਲਈ ਪਾਣੀ ਖਿੱਚਿਆ ਜਾਂਦਾ ਹੈ ਅਤੇ ਮੁਫ਼ਤ ਬਿਜਲੀ ਦੀ ਨੀਤੀ ਕਾਰਨ ਪਾਣੀ ਦੀ ਬੇਤਹਾਸਾ ਵਰਤੋਂ ਹੋ ਰਹੀ ਹੈ। ਨਤੀਜਾ ਇਹ ਹੈ ਕਿ ਕਈ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਹਰ ਸਾਲ ਲਗਭਗ ਅੱਧਾ ਮੀਟਰ ਤੱਕ ਹੇਠਾਂ ਜਾ ਰਿਹਾ ਹੈ ਅਤੇ ਕੁੱਝ ਜ਼ਿਲ੍ਹਿਆਂ ਵਿੱਚ ਪਾਣੀ 40 ਮੀਟਰ ਤੋਂ ਵੀ ਡੂੰਘਾ ਚਲਾ ਗਿਆ ਹੈ। ਇਸਦੇ ਨਾਲ ਹੀ ਪਾਣੀ ਦੀ ਗੁਣਵੱਤਾ ਵੀ ਬਹੁਤ ਖ਼ਰਾਬ ਹੋ ਰਹੀ ਹੈ। ਕਈ ਅਧਿਐਨ ਦਰਸਾਉਂਦੇ ਹਨ ਕਿ ਪੰਜਾਬ ਦੇ ਭੂਜਲ ਵਿੱਚ ਯੂਰੇਨੀਅਮ, ਨਾਈਟਰੇਟ ਅਤੇ ਹੋਰ ਜ਼ਹਿਰੀਲੇ ਤੱਤ ਵਧ ਰਹੇ ਹਨ, ਜੋ ਕੈਂਸਰ ਅਤੇ ਗੁਰਦੇ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।
ਪਾਣੀ ਦਾ ਸੰਕਟ ਸਿਰਫ਼ ਧਰਤੀ ਹੇਠਲੇ ਪਾਣੀ ਤੱਕ ਸੀਮਿਤ ਨਹੀਂ। ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਵੀ ਵਧਦਾ ਜਾ ਰਿਹਾ ਹੈ। 1947 ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਘੱਟੋ-ਘੱਟ ਦਸ ਵੱਡੇ ਹੜ੍ਹ ਆ ਚੁੱਕੇ ਹਨ। ਪਿਛਲੇ ਕੁਝ ਸਾਲਾਂ ਵਿੱਚ ਇਹ ਹੜ੍ਹ ਹੋਰ ਵੀ ਜ਼ਿਆਦਾ ਤਬਾਹੀ ਲੈ ਕੇ ਆਏ ਹਨ। 2023 ਵਿੱਚ ਆਏ ਹੜ੍ਹਾਂ ਦੌਰਾਨ ਲਗਭਗ 50 ਲੋਕਾਂ ਦੀ ਜਾਨ ਗਈ ਅਤੇ 2025 ਵਿੱਚ ਵੀ 37 ਲੋਕ ਮਾਰੇ ਗਏ। ਸਰਕਾਰੀ ਅੰਕੜਿਆਂ ਅਨੁਸਾਰ ਲਗਭਗ ਤਿੰਨ ਲੱਖ ਹੈਕਟੇਅਰ ਰਕਬੇ ਵਿੱਚ ਫ਼ਸਲਾਂ ਤਬਾਹ ਹੋਈਆਂ, ਹਜ਼ਾਰਾਂ ਪਸ਼ੂ ਮਰੇ ਅਤੇ ਮੁਰਗੀਆਂ ਦਾ ਵੀ ਵੱਡਾ ਨੁਕਸਾਨ ਹੋਇਆ। ਅਸਲ ਨੁਕਸਾਨ ਇਸ ਤੋਂ ਕਈ ਗੁਣਾ ਵੱਧ ਹੋ ਸਕਦਾ ਹੈ।
ਹੜ੍ਹਾਂ ਦੇ ਵਧਣ ਦੇ ਪਿੱਛੇ ਵੀ ਕਈ ਕਾਰਨ ਹਨ। ਦਰਿਆਵਾਂ ਵਿੱਚ ਸਿਲਟ ਜੰਮਣ ਕਾਰਨ ਡੈਮਾਂ ਅਤੇ ਬੈਰਾਜਾਂ ਦੀ ਸਮਰੱਥਾ ਘਟ ਰਹੀ ਹੈ। ਕਈ ਥਾਵਾਂ ’ਤੇ ਦਹਾਕਿਆਂ ਤੋਂ ਡੀ-ਸਿਲਟਿੰਗ ਨਹੀਂ ਹੋਈ, ਜਿਸ ਕਾਰਨ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਘਟ ਗਈ ਹੈ। ਹਰੀਕੇ ਪੱਤਨ ਵਰਗੇ ਮਹੱਤਵਪੂਰਨ ਥਾਵਾਂ ’ਤੇ ਸਿਲਟ ਦੇ ਢੇਰ ਲੱਗ ਚੁੱਕੇ ਹਨ ਜਿਸ ਨਾਲ ਹੜ੍ਹ ਦਾ ਖਤਰਾ ਹੋਰ ਵੱਧ ਗਿਆ ਹੈ। ਜਦੋਂ ਮਾਨਸੂਨ ਦੌਰਾਨ ਅਚਾਨਕ ਵੱਡੀ ਮਾਤਰਾ ਵਿੱਚ ਪਾਣੀ ਆਉਂਦਾ ਹੈ ਤਾਂ ਦਰਿਆ ਅਤੇ ਡੈਮ ਇਸਨੂੰ ਸੰਭਾਲ ਨਹੀਂ ਸਕਦੇ ਅਤੇ ਨਤੀਜੇ ਵਜੋਂ ਪਿੰਡਾਂ ਅਤੇ ਖੇਤਾਂ ਵਿੱਚ ਹੜ੍ਹ ਆ ਜਾਂਦੇ ਹਨ।
ਇੱਕ ਹੋਰ ਵੱਡੀ ਵਿਡੰਬਨਾ ਇਹ ਹੈ ਕਿ ਜਿੱਥੇ ਇੱਕ ਪਾਸੇ ਪੰਜਾਬ ਵਿੱਚ ਹੜ੍ਹ ਆ ਕੇ ਪਾਣੀ ਵਿਅਰਥ ਸਮੁੰਦਰ ਵੱਲ ਵਗ ਜਾਂਦਾ ਹੈ, ਉੱਥੇ ਦੂਜੇ ਪਾਸੇ ਖੇਤਾਂ ਵਿੱਚ ਸਿੰਚਾਈ ਲਈ ਧਰਤੀ ਹੇਠੋਂ ਪਾਣੀ ਖਿੱਚਿਆ ਜਾ ਰਿਹਾ ਹੈ। ਜੇਕਰ ਮਾਨਸੂਨੀ ਪਾਣੀ ਨੂੰ ਸੰਭਾਲਣ ਲਈ ਵੱਡੇ ਪੱਧਰ ’ਤੇ ਤਲਾਬ, ਚੈਕ ਡੈਮ ਅਤੇ ਰੇਨਵਾਟਰ ਹਾਰਵੇਸਟਿੰਗ ਦੇ ਪ੍ਰਬੰਧ ਕੀਤੇ ਜਾਣ ਤਾਂ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਖੇਤੀ ਵਿੱਚ ਵੀ ਫ਼ਸਲਾਂ ਦੀ ਵੈਰੀਅਟੀ ਬਦਲਣੀ ਪਵੇਗੀ, ਜਿਵੇਂ ਕਿ ਝੋਨੇ ਦੀ ਥਾਂ ਮੱਕੀ, ਦਾਲਾਂ ਅਤੇ ਬਾਗਬਾਨੀ ਵਾਲੀਆਂ ਫ਼ਸਲਾਂ ਨੂੰ ਉਤਸ਼ਾਹ ਦੇਣਾ ਹੋਵੇਗਾ।
ਪੰਜਾਬ ਦਾ ਪਾਣੀ ਸੰਕਟ ਸਿਰਫ਼ ਇੱਕ enviromental ਸਮੱਸਿਆ ਨਹੀਂ, ਇਹ ਆਰਥਿਕ ਅਤੇ ਸਿਹਤ ਨਾਲ ਜੁੜਿਆ ਵੱਡਾ ਮੁੱਦਾ ਬਣ ਚੁੱਕਾ ਹੈ। ਜੇਕਰ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ ਤਾਂ ਪੰਜਾਬ ਦੀ ਖੇਤੀ ਪ੍ਰਣਾਲੀ ਢਹਿ ਸਕਦੀ ਹੈ ਅਤੇ ਪੀਣ ਵਾਲੇ ਪਾਣੀ ਦੀ ਵੀ ਭਾਰੀ ਕਮੀ ਪੈ ਸਕਦੀ ਹੈ। ਇਸ ਲਈ ਲੋੜ ਹੈ ਕਿ ਸਰਕਾਰ, ਵਿਗਿਆਨੀ ਅਤੇ ਲੋਕ ਮਿਲ ਕੇ ਪਾਣੀ ਬਚਾਉਣ ਦੀ ਮੁਹਿੰਮ ਚਲਾਉਣ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜ ਦਰਿਆਵਾਂ ਦੀ ਧਰਤੀ ਪਾਣੀ ਲਈ ਹੀ ਤਰਸਦੀ ਨਜ਼ਰ ਆਵੇਗੀ।

