Connect with us

World

ਪੱਗ ਵੱਟ ਭਰਾ ਤੇ ਧਰਮ ਦੀਆਂ ਭੈਣਾਂ ਬੀਤੇ ਸਮੇਂ ਦੀ ਗੱਲ; ਹੁਣ ਇਹ ਰਿਸ਼ਤੇ ਵੀ ਡਿਜੀਟਲ ਹੋ ਗਏ ਨੇ !

Published

on

ਪਿਛਲੇ ਦੋ ਤਿੰਨ ਦਹਾਕਿਆਂ ਤੋਂ ਮਨੁੱਖੀ ਸਮਾਜ ਤੇਜ਼ੀ ਨਾਲ ਬਦਲ ਰਿਹਾ ਹੈ। ਜਦੋਂ ਦਾ ਡਿਜੀਟਲ ਮੀਡੀਆ ਨੇ ਜ਼ੋਰ ਫੜਿਆ ਹੈ, ਮਨੁੱਖੀ ਰਿਸ਼ਤੇ ਵੀ ਡਿਜੀਟਲ ਹੋ ਗਏ ਹਨ। ਕਦੇ ਸਮਾਂ ਹੁੰਦਾ ਸੀ ਜਦੋਂ ਜਿਗਰੀ ਯਾਰ ਆਪਸ ਵਿੱਚ ਪੱਗਾਂ ਵਟਾ ਲੈਂਦੇ ਸਨ ਤੇ ਫਿਰ ਪੱਗ ਦੀ ਲਾਜ ਰੱਖਦਿਆਂ ਆਪਣੇ ਮਿੱਤਰ ਲਈ ਸਿਰ ਧੜ ਦੀ ਬਾਜ਼ੀ ਤੱਕ ਲਗਾ ਦਿੰਦੇ ਸਨ। ਏਸੇ ਤਰ੍ਹਾਂ ਈਮਾਨ ਦੇ ਪੱਕੇ ਲੋਕ ਕੋਈ ਰਿਸ਼ਤਾ ਨਾ ਹੋਣ ਦੇ ਬਾਵਜੂਦ ਜਿਸ ਲੜਕੀ ਤੋਂ ਰੱਖੜੀ ਬੰਨ੍ਹਵਾ ਲੈਂਦੇ ਸਨ ਉਸਨੂੰ ਆਪਣੀ ਧਰਮ ਦੀ ਭੈਣ ਮੰਨਦੇ ਸਨ ਤੇ ਉਸ ਨਾਲ ਸੱਕੀਆਂ ਭੈਣਾਂ ਵਾਂਗ ਹੀ ਵਰਤਦੇ ਸਨ। ਹੁਣ ਸਭ ਕੁੱਝ ਬਦਲ ਚੁੱਕਾ ਹੈ। ਫੇਸਬੁੱਕ ਉੱਪਰ ਸਾਡੇ ਬਹੁਤ ਸਾਰੇ ਦੋਸਤ ਬਣ ਜਾਂਦੇ ਹਨ ਪਰ ਇਨ੍ਹਾਂ ਰਿਸ਼ਤਿਆਂ ਵਿੱਚ ਮੋਹ ਪਿਆਰ ਦਾ ਨਿੱਘ ਕਿਤੇ ਨਜ਼ਰ ਨਹੀਂ ਆਉਂਦਾ। ਇਸ ਸਮੇਂ ਰੱਖੜੀ ਆਪਣੀ ਅਹਿਮੀਅਤ ਗਵਾ ਚੁੱਕੀ ਹੈ,ਇਹ ਇੱਕ ਤਿਉਹਾਰ ਬਣ ਕੇ ਰਹਿ ਗਈ ਹੈ। ਕਿਤੇ ਕਿਤੇ ਰੱਖੜੀ ਸੁਆਰਥ ਤੇ ਲਾਲਚ ਲਈ ਬੰਨ੍ਹੀ ਜਾਂਦੀ ਹੈ। ਪਹਿਲਾਂ ਲੋਕ ਜਿਸ ਬੰਦੇ ਨਾਲ ਪੱਗ ਵਟਾ ਲੈਂਦੇ ਸਨ ਉਸ ਨਾਲ ਆਪਣੇ ਭਰਾਵਾਂ ਨਾਲੋਂ ਵੀ ਵੱਧ ਕੇ ਰਿਸ਼ਤਾ ਨਿਭਾਉਂਦੇ ਸਨ। ਦੋਸਤ ਅਗਰ ਕਿਸੇ ਗੱਲ ਨੂੰ ਲੈ ਕੇ ਚਿੰਤਾ ਵਿੱਚ ਹੁੰਦਾ ਸੀ ਤਾਂ ਉਹ ਆਪਣੇ ਸਭ ਤੋਂ ਨੇੜਲੇ ਮਿੱਤਰ ਕੋਲ ਆਪਣਾ ਗ਼ੁਬਾਰ ਕੱਢ ਲੈਂਦਾ ਸੀ ਤੇ ਚਿੰਤਾ ਮੁਕਤ ਹੋ ਜਾਂਦਾ ਸੀ। ਕਈ ਵਾਰੀ ਕੋਈ ਦੋਸਤ ਆਰਥਿਕ ਸਮੱਸਿਆ ਵਿੱਚ ਫਸਿਆ ਹੁੰਦਾ ਸੀ ਤਾਂ ਨੇੜਲੇ ਮਿੱਤਰ ਮਿਲਕੇ ਉਸਦੀ ਮਦਦ ਕਰਕੇ ਉਸਨੂੰ ਆਰਥਿਕ ਸੰਕਟ ਵਿੱਚੋਂ ਕੱਢ ਦਿੰਦੇ ਸਨ।

ਕਿਸੇ ਮਿੱਤਰ ਦੇ ਬੱਚੇ ਦਾ ਵਿਆਹ ਹੁੰਦਾ ਤਾਂ ਸਾਰੇ ਮਿੱਤਰ ਤੇ ਰਿਸ਼ਤੇਦਾਰ ਨਾਲ ਖੜੇ ਨਜ਼ਰ ਆਉਂਦੇ ਸਨ। ਘਰਾਂ ਵਿੱਚੋਂ ਮੰਜੇ ਬਿਸਤਰੇ ਇੱਕਠੇ ਕਰਕੇ ਵਿਆਹ ਵਾਲੇ ਘਰ ਲਿਆਉਣੇ, ਵਿਆਹ ਵਾਲੇ ਘਰ ਆਪੋ ਆਪਣੇ ਘਰਾਂ ਵਿੱਚੋਂ ਦੁੱਧ ਲਿਆ ਕੇ ਦੇਣਾ ਅਤੇ ਆਏ ਰਿਸ਼ਤੇਦਾਰਾਂ ਨੂੰ ਆਪਣੇ ਘਰਾਂ ਵਿੱਚ ਠਹਿਰਾਉਣਾ ਇਹ ਸਭ ਕੰਮ ਸੱਜਣ ਮਿੱਤਰ ਤੇ ਰਿਸ਼ਤੇਦਾਰ ਹੀ ਕਰ ਦਿੰਦੇ ਸਨ। ਉਨ੍ਹਾਂ ਦਿਨਾਂ ਵਿੱਚ ਲੋਕ ਕਰਜ਼ਾ ਚੁੱਕ ਕੇ ਵਿਆਹ ਘੱਟ ਹੀ ਕਰਦੇ ਸਨ, ਪੈਸਾ ਮਿੱਤਰਾਂ ਅਤੇ ਰਿਸ਼ਤੇਦਾਰਾਂ ਤੋਂ ਉਧਾਰਾ ਫ਼ੜ ਲਿਆ ਜਾਂਦਾ ਸੀ। ਵਿਆਹ ਅੱਜ ਦੇ ਸਮੇਂ ਵਾਂਗ ਬਹੁਤ ਜ਼ਿਆਦਾ ਖਰਚਾ ਕਰਕੇ ਨਹੀਂ ਸੀ ਕੀਤੇ ਜਾਂਦੇ। ਹੁਣ ਤਾਂ ਸੱਜਣ ਮਿੱਤਰ ਤੇ ਦੁਸ਼ਮਣ ਵਿੱਚ ਬਹੁਤਾ ਫ਼ਰਕ ਨਹੀਂ। ਅੱਜ ਕੱਲ੍ਹ ਲੋਕ ਕਰਜ਼ਾ ਚੁੱਕ ਕੇ ਵਿਆਹ ਉੱਪਰ ਲਖਾਂ ਤੋਂ ਕਰੋੜਾਂ ਤੱਕ ਸਿਰਫ ਇਸ ਲਈ ਖ਼ਰਚ ਕਰਦੇ ਹਨ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਮਿੱਤਰਾਂ ਨੂੰ ਦਿਖਾ ਸਕਣ ਜਾਂ ਕਹਿ ਲਓ ਸਾੜ ਸਕਣ। ਪਹਿਲਾਂ ਖੁਸ਼ੀਆਂ ਤੇ ਗ਼ਮੀਆਂ ਸਾਂਝੀਆਂ ਹੁੰਦੀਆਂ ਸਨ ਪਰ ਹੁਣ ਕੋਈ ਕਿਸੇ ਦੀ ਤਰੱਕੀ ਤੋਂ ਖੁਸ਼ ਨਹੀਂ ਹੁੰਦਾ ਸਗੋਂ ਬਰਬਾਦੀ ‘ਤੇ ਖੁਸ਼ ਹੁੰਦਾ ਹੈ। ਹੁਣ ਲੋਕਾਂ ਕੋਲ ਆਵਾਜਾਈ ਦੇ ਸਾਧਨਾਂ ਦੀ ਕਮੀ ਨਹੀਂ ਪਰ ਕਿਸੇ ਕੋਲ ਦੋਸਤਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ। ਅਸੀਂ ਇੰਟਰਨੈੱਟ ਉੱਪਰ ਘੰਟਿਆਂ ਬੱਧੀ ਸਮਾਂ ਬਰਬਾਦ ਕਰਦੇ ਹਾਂ ਪਰ ਆਪਣਿਆਂ ਨੂੰ ਮਿਲਣ ਦਾ ਸਾਡੇ ਕੋਲ ਸਮਾਂ ਨਹੀਂ ਹੁੰਦਾ। ਹੁਣ ਤਾਂ ਘਰ ਦੇ ਜੀਅ ਵੀ ਆਪਸ ਵਿੱਚ ਬਹੁਤ ਘੱਟ ਗੱਲਬਾਤ ਕਰਦੇ ਹਨ, ਹਰ ਕੋਈ ਆਪਣੇ ਮੋਬਾਈਲ ‘ਤੇ ਸਕਰੋਲਿੰਗ ਕਰ ਰਿਹਾ ਹੁੰਦਾ ਹੈ। ਹਾਂ ਅਸੀਂ ਕਿਸੇ ਦੀ ਖ਼ੁਸ਼ੀ ਗਮੀ ਤੇ ਸ਼ਰੀਕ ਹੁੰਦੇ ਹਾਂ ਉਹ ਵੀ ਫੇਸਬੁੱਕ ਰਾਹੀਂ ਜਾਂ ਵੀਡੀਓ ਕਾਲ ਨਾਲ।

ਹੁਣ ਵਿਗਿਆਨਕ ਤਰੱਕੀ ਨਾਲ ਸਾਨੂੰ ਹਰ ਸੁੱਖ ਸਹੂਲਤ ਮਿਲੀ ਹੈ ਪਰ ਅਸੀਂ ਖੁਸ਼ ਨਹੀਂ ਹਾਂ ਕਿਉੰਕਿ ਦੁਨੀਆਂ ਦੀ ਭੀੜ ਵਿੱਚ ਅਸੀਂ ਇੱਕਲੇ ਹਾਂ। ਪੈਸਾ ਕਮਾਉਣਾ ਹੁਣ ਸੌਖਾ ਹੋ ਗਿਆ ਹੈ ਸਾਡੇ ਕੋਲ ਪੈਸਾ ਹੈ ਪਰ ਭਾਵਨਾਤਮਿਕ ਤੌਰ ‘ਤੇ ਅਸੀਂ ਬਹੁਤ ਗ਼ਰੀਬ ਹੋ ਗਏ ਹਾਂ। ਪੱਗ ਵੱਟ ਭਰਾ ਤੇ ਧਰਮ ਦੀਆਂ ਭੈਣਾਂ ਤਾਂ ਨਹੀਂ ਰਹੀਆਂ ਪਰ ਹੁਣ ਪੈੱਗ ਵੱਟ ਯਾਰ ਤੇ ਕਿੱਟੀ ਭੈਣਾਂ ਹਨ। ਇਹ ਵੀ ਸਿਰਫ ਉਹ ਲ਼ੋਕ ਹਨ ਜਿਨ੍ਹਾਂ ਕੋਲ ਪੈਸਾ ਤੇ ਸਮਾਂ ਖ਼ਰਾਬ ਕਰਨ ਜੋਗਾ ਹੈ। ਇਹ ਸਮੇਂ ਦਾ ਬਦਲਾਅ ਹੈ, ਸਮੇਂ ਦੇ ਨਾਲ ਸਭ ਕੁੱਝ ਬਦਲਦਾ ਹੈ ਪਰ ਸਾਨੂੰ ਕੁੱਝ ਨੇੜਲੇ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਮੇਲ ਜੋਲ ਜ਼ਰੂਰ ਰੱਖਣਾ ਚਾਹੀਦਾ ਹੈ। ਫੇਸਬੁੱਕ ਤੇ ਵ੍ਹਟਸਐਪ ਤੋਂ ਇਲਾਵਾ ਮਿੱਤਰਾਂ ਨੂੰ ਫ਼ੋਨ ‘ਤੇ ਹਾਲ ਚਾਲ ਪੁੱਛਦੇ ਰਹਿਣਾ ਚਾਹੀਦਾ ਹੈ। ਮਹੀਨੇ ਵਿੱਚ ਇੱਕ ਦੋ ਵਾਰ ਮਿੱਤਰਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਚਲੇ ਜਾਣਾ ਚਾਹੀਦਾ ਹੈ ਜਾਂ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਲੈਣਾ ਚਾਹੀਦਾ ਹੈ। ਜੀਹਦੇ ਕੋਲ ਚੰਗੇ ਮਿੱਤਰ ਤੇ ਰਿਸ਼ਤੇਦਾਰ ਹੋਣ ਉਹ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿੰਦਾ ਹੈ। ਜ਼ਿਆਦਾਤਰ ਉਹ ਲੋਕ ਹੀ ਖ਼ੁਦਕੁਸ਼ੀਆਂ ਕਰਦੇ ਹਨ ਜਿਹੜੇ ਸੱਜਣਾ ਮਿੱਤਰਾਂ ਤੇ ਰਿਸ਼ਤੇਦਾਰਾਂ ਤੋਂ ਟੁੱਟ ਚੁੱਕੇ ਹੁੰਦੇ ਹਨ। ਤਰੱਕੀ ਕਰੋ, ਅੱਗੇ ਵਧੋ ਪਰ ਸਮਾਜ ਦੇ ਪਿਆਰੇ ਰਿਸ਼ਤੇ ਕਾਇਮ ਰੱਖੋ,ਖੁਸ਼ ਰਹੋ ਆਬਾਦ ਰਹੋ।

ਕੁਲਵੰਤ ਸਿੰਘ ਗੱਗੜਪੁਰੀ