News
ਮਸ਼ਹੂਰ ਫ਼ਿਲਮ ਅਦਾਕਾਰ ਅੱਲੂ ਅਰਜਨ ਗ੍ਰਿਫ਼ਤਾਰ

ਤੇਲਗੂ ਫਿਲਮ ਐਕਟਰ ਅੱਲੂ ਅਰਜੁਨ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਫਿਲਮ ‘ਪੁਸ਼ਪਾ 2’ ਦੇ ਪ੍ਰੀਮੀਅਰ ਦੌਰਾਨ ਭਗਦੜ ਮਾਮਲੇ ‘ਚ ਪੁਲਸ ਨੇ ਅੱਲੂ ਅਰਜੁਨ ਨੂੰ ਗ੍ਰਿਫਤਾਰ ਕੀਤਾ ਹੈ। ਇਹ ਘਟਨਾ 4 ਦਸੰਬਰ ਨੂੰ ਸੰਧਿਆ ਥੀਏਟਰ, ਹੈਦਰਾਬਾਦ ਵਿੱਚ ਵਾਪਰੀ ਸੀ ।
ਟੈਲੀਵਿਜ਼ਨ ‘ਤੇ ਦਿਖਾਈ ਗਈ ਫੁਟੇਜ ‘ਚ ਅਭਿਨੇਤਾ ਨੂੰ ਸਖਤ ਸੁਰੱਖਿਆ ਵਿਚਕਾਰ ਪੁਲਸ ਦੀ ਗੱਡੀ ‘ਚ ਲਿਜਾਇਆ ਜਾਂਦਾ ਦੇਖਿਆ ਗਿਆ। ਅਰਜੁਨ ਨੂੰ ਚਿੱਕੜਪੱਲੀ ਥਾਣੇ ਦੀ ਟੀਮ ਨੇ ਸ਼ੁੱਕਰਵਾਰ ਨੂੰ ਹਿਰਾਸਤ ‘ਚ ਲਿਆ ਸੀ, ਜਿੱਥੇ ਮਾਮਲਾ ਦਰਜ ਕੀਤਾ ਗਿਆ ਸੀ।
ਕੀ ਹੈ ਮਾਮਲਾ…
ਅੱਲੂ ਅਰਜੁਨ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਨ੍ਹਾਂ ਦੀ ਪਤਨੀ ਸਨੇਹਾ ਰੈੱਡੀ ਪਰੇਸ਼ਾਨ ਨਜ਼ਰ ਆ ਰਹੀ ਹੈ। ਵੀਡੀਓ ‘ਚ ਅੱਲੂ ਅਰਜੁਨ ਉਨ੍ਹਾਂ ਨੂੰ ਦਿਲਾਸਾ ਦਿੰਦੇ ਨਜ਼ਰ ਆ ਰਹੇ ਹਨ। ਆਪਣੀ ਪਤਨੀ ਨਾਲ ਗੱਲ ਕਰਦੇ ਹੋਏ, ਉਹ ਉਸ ਦੀਆਂ ਗੱਲ੍ਹਾਂ ਨੂੰ ਛੂਹਦਾ ਦਿਖਾਈ ਦਿੰਦਾ ਹੈ, ਜਿਵੇਂ ਕਿ ਉਹ ਉਸ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ।
ਇਸ ਵੀਡੀਓ ‘ਤੇ ਪ੍ਰਸ਼ੰਸਕ ਤੇਜ਼ੀ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਇਸ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਹੈਦਰਾਬਾਦ ਪੁਲਿਸ ਕਮਿਸ਼ਨਰ ਦੀ ਟਾਸਕ ਫੋਰਸ ਅਤੇ ਚਿੱਕੜਪੱਲੀ ਪੁਲਿਸ ਸਟੇਸ਼ਨ ਦੀ ਟੀਮ ਅਭਿਨੇਤਾ ਅਰਜੁਨ ਦੇ ਘਰ ਪਹੁੰਚੀ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਅਦਾਕਾਰ ਨੇ ਤੇਲੰਗਾਨਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਐਫਆਈਆਰ ਵਿੱਚੋਂ ਆਪਣਾ ਨਾਂ ਹਟਾਉਣ ਦੀ ਮੰਗ ਕੀਤੀ ਸੀ ਪਰ ਅਜੇ ਤੱਕ ਇਸ ਮਾਮਲੇ ਦੀ ਸੁਣਵਾਈ ਨਹੀਂ ਹੋਈ। ਇਸ ਮਾਮਲੇ ਵਿੱਚ ਸੰਧਿਆ ਥੀਏਟਰ ਦੇ ਮਾਲਕ ਅਤੇ ਦੋ ਮੁਲਾਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਅਧਿਕਾਰੀਆਂ ਮੁਤਾਬਕ ਜਾਂਚ ‘ਚ ਪਤਾ ਲੱਗਾ ਹੈ ਕਿ ਥਿਏਟਰ ਪ੍ਰਬੰਧਨ ਨੇ ਭੀੜ ਨੂੰ ਕੰਟਰੋਲ ਕਰਨ ਲਈ ਵਾਧੂ ਪ੍ਰਬੰਧ ਨਹੀਂ ਕੀਤੇ ਸਨ। ਪੁਲਿਸ ਨੇ ਕਿਹਾ ਕਿ ਅਦਾਕਾਰਾਂ ਦੀ ਟੀਮ ਲਈ ਕੋਈ ਵੱਖਰਾ ਪ੍ਰਵੇਸ਼ ਜਾਂ ਬਾਹਰ ਜਾਣ ਦਾ ਪ੍ਰਬੰਧ ਨਹੀਂ ਸੀ।
ਰਾਤ ਕਰੀਬ 9:30 ਵਜੇ ਅਰਜੁਨ ਆਪਣੀ ਨਿੱਜੀ ਸੁਰੱਖਿਆ ਟੀਮ ਨਾਲ ਥੀਏਟਰ ਪਹੁੰਚੇ। ਇਸ ਦੌਰਾਨ ਭੀੜ ਉਸ ਦੇ ਨਾਲ ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗੀ। ਉਸ ਦੇ ਸੁਰੱਖਿਆ ਗਾਰਡਾਂ ਨੇ ਭੀੜ ਨੂੰ ਧੱਕਾ ਦੇਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਸਥਿਤੀ ਵਿਗੜ ਗਈ।
ਇਸ ਘਟਨਾ ਵਿੱਚ ਆਪਣੀ ਜਾਨ ਗੁਆਉਣ ਵਾਲੀ ਐਮ ਰੇਵਤੀ ਇੱਕ ਘਰੇਲੂ ਔਰਤ ਸੀ। ਉਹ ਆਪਣੇ ਪਰਿਵਾਰ ਨਾਲ ਪ੍ਰੀਮੀਅਰ ‘ਤੇ ਆਈ ਸੀ, ਕਿਉਂਕਿ ਉਸਦਾ ਬੇਟਾ ਅਭਿਨੇਤਾ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ।