India
ਨੈਨਸੀ ਗਰੇਵਾਲ – ਬੇਲਗਾਮ ਬੋਲਣ ਦੀ ਕੀਮਤ ਜਾ.ਨ ਦੇ ਕੇ ਚੁਕਾਈ !
ਸੋਸ਼ਲ ਮੀਡੀਆ ਉੱਤੇ ਬੇਹੱਦ ਬੇਲਗਾਮ ਅਤੇ ਅਵਾ-ਤਵਾ ਬੋਲਣ ਲਈ ਮਸ਼ਹੂਰ ਸੁਨੀਤਾ ਅਗਨੀਹੋਤਰੀ ਉਰਫ ਨੈਨਸੀ ਗਰੇਵਾਲ ਨੂੰ ਕੈਨੇਡਾ ਦੇ ਓਂਟਾਰੀਓ ਵਿੱਚ ਕਿਸੇ ਵਿਅਕਤੀ ਵੱਲੋਂ ਚਾਕੂ ਨਾਲ ਹਮਲਾ ਕਰਕੇ ਮਾਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਨਾਲ ਜੁੜੀ ਕਮਲ ਭਾਬੀ ਨਾਮ ਦੀ ਇੱਕ ਇੰਫਲੂਐਂਸਰ ਦੇ ਕਤਲ ਦੀ ਖ਼ਬਰ ਆਈ ਸੀ। ਇਹ ਘਟਨਾਵਾਂ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ।
ਸਭ ਤੋਂ ਪਹਿਲਾਂ ਇਹ ਗੱਲ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਕਿਸੇ ਵੀ ਵਿਅਕਤੀ ਦਾ ਕਤਲ ਕਰਨਾ, ਉਹ ਵੀ ਇੱਕ ਔਰਤ ਦਾ, ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਕਿਸੇ ਦੇ ਵਿਚਾਰਾਂ ਜਾਂ ਬੋਲੀਆਂ ਨਾਲ ਅਸਹਿਮਤੀ ਹੋ ਸਕਦੀ ਹੈ, ਪਰ ਕਾਨੂੰਨ ਆਪਣੇ ਹੱਥ ਵਿੱਚ ਲੈਣਾ ਨਾ ਤਰਕਸੰਗਤ ਹੈ ਅਤੇ ਨਾ ਹੀ ਮਨੁੱਖਤਾ ਦੇ ਅਨੁਕੂਲ।
ਇਹ ਵੀ ਸੱਚ ਹੈ ਕਿ ਪਿਛਲੇ ਕੁੱਝ ਸਮੇਂ ਦੌਰਾਨ ਨੈਨਸੀ ਗਰੇਵਾਲ ਵੱਲੋਂ ਸੋਸ਼ਲ ਮੀਡੀਆ ਉੱਤੇ ਕੁੱਝ ਅਜਿਹੀਆਂ ਵੀਡੀਓਜ਼ ਪਾਈਆਂ ਗਈਆਂ ਸਨ ਜਿਨ੍ਹਾਂ ਵਿੱਚ ਉਸ ਨੇ ਧਾਰਮਿਕ ਸ਼ਖਸੀਅਤਾਂ ਅਤੇ ਹੋਰ ਲੋਕਾਂ ਬਾਰੇ ਬਹੁਤ ਭੱਦੀ ਅਤੇ ਨੰਗੀ ਭਾਸ਼ਾ ਵਰਤੀ। ਖ਼ਾਸ ਕਰਕੇ ਉਸ ਨੇ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ Gurinder Singh Dhillon ਦੇ ਖ਼ਿਲਾਫ ਵੀ ਗੰਦੀ ਸ਼ਬਦਾਵਲੀ ਵਰਤਦਿਆਂ ਵੀਡੀਓ ਬਣਾਈ ਸੀ, ਜਦੋਂ ਉਹ ਜੇਲ੍ਹ ਵਿੱਚ Bikram Singh Majithia ਨੂੰ ਮਿਲਣ ਗਏ ਸਨ।
ਇਸ ਤੋਂ ਇਲਾਵਾ ਉਸ ਨੇ ਗਾਇਕਾ Sunanda Sharma ਦੇ ਖ਼ਿਲਾਫ ਵੀ ਉਸ ਵੇਲੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ ਜਦੋਂ ਉਸਦਾ ਫਿਲਮ ਅਤੇ ਸੰਗੀਤ ਪ੍ਰੋਡਿਊਸਰ Pinky Dhaliwal ਨਾਲ ਵਿਵਾਦ ਚੱਲ ਰਿਹਾ ਸੀ। ਉਸ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਗਾਇਕੀ ਜਾਂ ਫਿਲਮਾਂ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਪ੍ਰੋਡਿਊਸਰਾਂ ਨਾਲ ਹਮਬਿਸਤਰ ਹੁੰਦੀਆਂ ਹਨ, ਜੋ ਕਿ ਬਹੁਤ ਹੀ ਅਪਮਾਨਜਨਕ ਅਤੇ ਗਲਤ ਟਿੱਪਣੀ ਸੀ।
ਇਸੇ ਤਰ੍ਹਾਂ ਉਸ ਨੇ ਕਈ ਵਾਰ ਖਾਲਿਸਤਾਨੀ ਲਹਿਰ ਨਾਲ ਜੁੜੇ ਲੋਕਾਂ ਅਤੇ ਧਾਰਮਿਕ ਆਗੂਆਂ ਦੇ ਖ਼ਿਲਾਫ ਵੀ ਵੀਡੀਓਜ਼ ਪਾਈਆਂ। ਹਾਲ ਹੀ ਵਿੱਚ ਉਸ ਨੇ Kuldeep Singh Gargaj ਦੇ ਖ਼ਿਲਾਫ ਵੀ ਬਹੁਤ ਹੀ ਅਪਮਾਨਜਨਕ ਭਾਸ਼ਾ ਵਰਤੀ ਸੀ। ਨਿੱਜੀ ਤੌਰ ‘ਤੇ ਕੋਈ ਵੀ ਕਿਸੇ ਨਾਲ ਅਸਹਿਮਤ ਹੋ ਸਕਦਾ ਹੈ, ਪਰ ਜਦੋਂ ਕੋਈ ਵਿਅਕਤੀ ਕਿਸੇ ਧਾਰਮਿਕ ਅਹੁਦੇ ਉੱਤੇ ਬੈਠਾ ਹੋਵੇ ਤਾਂ ਉਸ ਦੇ ਖ਼ਿਲਾਫ ਗੰਦੀ ਭਾਸ਼ਾ ਵਰਤਣ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਲਈ ਭੱਦੀ ਅਤੇ ਅਪਮਾਨਜਨਕ ਭਾਸ਼ਾ ਵਰਤਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਪਰ ਦੂਜੇ ਪਾਸੇ ਇਹ ਵੀ ਉਨਾ ਹੀ ਗਲਤ ਹੈ ਕਿ ਕਿਸੇ ਨੂੰ ਉਸ ਦੇ ਬੋਲਚਾਲ ਦੇ ਕਾਰਨ ਜਾਨੋਂ ਮਾਰ ਦਿੱਤਾ ਜਾਵੇ। ਸਿੰਘ ਅਤੇ ਸੂਰਮੇ ਕਦੇ ਵੀ ਔਰਤ ਉੱਤੇ ਹੱਥ ਨਹੀਂ ਚੁੱਕਦੇ। ਇਸ ਲਈ ਇਸ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਹੋਣੀ ਚਾਹੀਦੀ ਹੈ।
ਇਸ ਮਾਮਲੇ ਤੋਂ ਸਮਾਜ ਨੂੰ ਦੋ ਸਬਕ ਲੈਣ ਦੀ ਲੋੜ ਹੈ। ਪਹਿਲਾ, ਸੋਸ਼ਲ ਮੀਡੀਆ ਉੱਤੇ ਭੱਦੀ ਭਾਸ਼ਾ ਵਰਤ ਕੇ ਧਾਰਮਿਕ ਜਾਂ ਸਮਾਜਕ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣਾ ਠੀਕ ਨਹੀਂ। ਦੂਜਾ, ਕਿਸੇ ਵੀ ਵਿਵਾਦ ਦਾ ਹੱਲ ਹਿੰਸਾ ਨਹੀਂ ਹੋ ਸਕਦਾ।
ਅਜਿਹੇ ਲੋਕਾਂ ਨੂੰ ਰੋਕਣ ਦੇ ਹੋਰ ਵੀ ਰਸਤੇ ਹਨ। ਉਨ੍ਹਾਂ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਜੇਕਰ ਉਹ ਵਿਦੇਸ਼ਾਂ ਵਿੱਚ ਬੈਠ ਕੇ ਵੀਡੀਓਜ਼ ਬਣਾਉਂਦੇ ਹਨ ਤਾਂ ਵੀ ਉਨ੍ਹਾਂ ਦੀਆਂ ਵੀਡੀਓਜ਼ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ, ਬਲਾਕ ਕੀਤਾ ਜਾ ਸਕਦਾ ਹੈ ਜਾਂ “Not Interested” ਦੀ ਆਪਸ਼ਨ ਵਰਤੀ ਜਾ ਸਕਦੀ ਹੈ।
ਅਸਲ ਗੱਲ ਇਹ ਹੈ ਕਿ ਜਦੋਂ ਅਸੀਂ ਐਸੇ ਲੋਕਾਂ ਦੀਆਂ ਵੀਡੀਓਜ਼ ਦੇਖਦੇ ਅਤੇ ਸਾਂਝੀਆਂ ਕਰਦੇ ਹਾਂ ਤਾਂ ਅਸੀਂ ਹੀ ਉਨ੍ਹਾਂ ਨੂੰ ਉਤਸ਼ਾਹ ਦਿੰਦੇ ਹਾਂ। ਜੇਕਰ ਸਮਾਜ ਐਸੇ ਲੋਕਾਂ ਨੂੰ ਸੁਣਨਾ ਹੀ ਬੰਦ ਕਰ ਦੇਵੇ ਤਾਂ ਉਹ ਆਪਣੇ ਆਪ ਹੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਣੀਆਂ ਛੱਡ ਦੇਣਗੇ।

