Amritsar
ਮੰਤਰੀ ਸਮੂਹ ਵੱਲੋਂ ਪੰਜਾਬ ਵਿੱਚ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਸਖ਼ਤ ਇਹਤਿਹਾਤੀ ਹਦਾਇਤਾਂ ਜਾਰੀ

ਚੰਡੀਗੜ੍ਹ, 13 ਮਾਰਚ: ਕੋਵਿਡ-19 ਤੋਂ ਪੀੜਤ ਮਰੀਜਾਂ ਨੂੰ ਵੱਖਰੇ ਰੱਖਣ ਲਈ 2200 ਬੈਡ ਤਿਆਰ
ਪ੍ਰਾਇਵੇਟ ਹਸਪਤਾਲਾਂ ਵਿੱਚ 250 ਵੈਂਟੀਲੇਟਰ ਅਤੇ ਅੰਮ੍ਰਿਤਸਰ ਤੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ 20-20 ਵੈਂਟੀਲੇਟਰ ਤਿਆਰ
ਧਾਰਮਿਕ ਲੀਡਰਾਂ ਅਤੇ ਡੇਰਾਂ ਮੁੱਖੀਆਂ ਨੂੰ ਆਪਣੇ ਧਾਰਮਿਕ ਸਮਾਗਮ ਮੁਲਤਵੀ ਕਰਨ ਦੀ ਅਪੀਲ
ਲੋਕਾਂ ਨੂੰ ਸਿੱਖਿਅਤ ਕਰਨ ਲਈ ਸਾਰੇ ਸਰਕਾਰੀ ਵਿਭਾਗ ਅਤੇ ਸਬੰਧਤ ਭਾਈਵਾਲਾਂ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਸੂਬੇ ਵਿਚ ਕੋਵਿਡ 19 ਦੇ ਵੱਧ ਰਹੇ ਖਤਰੇ ਨਾਲ ਨਜਿੱਠਣ ਲਈ ਰੋਕਣ ਲਈ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਸੱਤ ਮੰਤਰੀਆਂ ਦੇ ਸਮੂਹ (ਜੀਓਐਮ) ਦੀ ਮੀਟਿੰਗ ਹੋਈ। ਸੂਬੇ ਵਿੱਚ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਨੂੰ ਇਤਿਹਾਤੀ ਉਪਾਵਾਂ ਅਤੇ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਲਈ ਮੰਤਰੀ ਸਮੂਹ ਨੇ ਵਿਆਪਕ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰਾਂ ਨੂੰ ਵੱਡੇ ਇਕੱਠਾਂ ਲਈ ਪ੍ਰਵਾਨਗੀ ਨਾ ਦੇਣ ਸਬੰਧੀ ਹਦਾਇਤ ਕੀਤੀ ਗਈ ਹੈ ਅਤੇ ਧਾਰਮਿਕ ਲੀਡਰਾਂ ਤੇ ਡੇਰਾ ਮੁਖੀਆਂ ਨੂੰ ਵੀ ਆਪਣੇ ਧਾਰਮਿਕ ਸਮਾਗਮਾਂ ਨੂੰ ਵੀ ਮੁਲਤਵੀ ਕਰਨ ਦੀ ਅਪੀਲ ਕੀਤੀ ਗਈ ਹੈ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਆਪਣੇ-ਆਪ ਨੂੰ ਕੋਵਿਡ-19 ਤੋਂ ਬਚਾਉਣ ਲਈ ਹੱਥ ਮਿਲਾਉਣ, ਭੀੜ ਵਾਲੀਆਂ ਥਾਵਾਂ ‘ਤੇ ਜਾਣ, ਧਾਰਮਿਕ ਇਕੱਠ ਵਿੱਚ ਜਾਣ ਤੋਂ ਗੁਰੇਜ਼ ਕਰਨ ਸਬੰਧੀ ਜਾਗਰੂਕ ਕਰਨ ਲਈ ਸਾਰੇ ਸਰਕਾਰੀ ਵਿਭਾਗਾਂ, ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.), ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਅਤੇ ਐਨ.ਜੀ.ਓਜ਼ ਦੇ ਨਾਲ ਸਾਂਝੇ ਤੌਰ ‘ਤੇ ਜਾਗਰੂਕਤਾ ਮੁਹਿੰਮ ਚਲਾਈ ਜਾਏਗੀ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰ, ਡੀਡੀਪੀਓਜ਼ / ਬੀਡੀਪੀਓਜ਼ ਅਤੇ ਪੰਚਾਇਤ ਸੱਕਤਰ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਨਿੱਜੀ ਤੌਰ ‘ਤੇ ਜਾਗਰੂਕ ਕਰਨਗੇ। ਇਸੇ ਤਰ੍ਹਾਂ ਡੀਈਓਜ਼ ਇਹ ਯਕੀਨੀ ਬਣਾਉਣਗੇ ਕਿ ਸਵੇਰ ਦੀ ਸਭਾ ਵਿੱਚ ਇਕੱਠੇ ਹੋਏ ਸਕੂਲੀ ਵਿਦਿਆਰਥੀ ਇੱਕ ਦੂਜੇ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣ। ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੰਤਰੀ ਸਮੂਹ ਇਸ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਅਤੇ ਪ੍ਰਗਤੀ ਦੀ ਜਾਇਜਾ ਲੈਣ ਲਈ ਕਾਰਵਾਈ ਰਿਪੋਰਟ ਦੀ ਸਮੀਖਿਆ ਕਰੇਗਾ।